ਗੰਦਾ ਪਾਣੀ ਸਮਾਓਂ ਨਹਿਰ ’ਚ ਪੈਣ ਖ਼ਿਲਾਫ਼ ਮੁਜ਼ਾਹਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਪਰੈਲ
ਕਸਬਾ ਭੀਖੀ ’ਚ ਸੀਵਰੇਜ ਦੇ ਪਾਣੀ ਦੇ ਢੁਕਵੇਂ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਸਮਾਓਂ ਬ੍ਰਾਂਚ ਵਿੱਚ ਪੈਣ ਤੋਂ ਅੱਕੇ ਪਿੰਡ ਖਿਆਲਾ ਕਲਾਂ, ਮਲਕਪੁਰ, ਖਿਆਲਾ ਖੁਰਦ ਅਤੇ ਕੋਟੜਾ ਦੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਵਿੱਚ ਵਿਭਾਗ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਆਗੂ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਭੀਖੀ ਸ਼ਹਿਰ ਕੋਲ ਦੀ ਲੰਘ ਰਹੀ ਸਮਾਓਂ ਬ੍ਰਾਂਚ ਤੋਂ ਅਗਲੇ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਸਪਲਾਈ ਜਾਂਦੀ ਹੈ ਪਰ ਹੁਣ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਰਲਣ ਪਿੰਡ ਬੁਰੀ ਤਰ੍ਹਾਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲਗਾਤਾਰ ਕੈਂਸਰ ਜਿਹੀ ਭਿਆਨਕ ਬਿਮਾਰੀ ਦੇ ਮਰੀਜ਼ਾਂ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਵੱਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਗਿਆ, ਜਿਸ ਉੱਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਨੂੰ ਅਣਦੇਖਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਬੀਰਵਲ ਸਿੰਘ, ਲਾਭ ਸਿੰਘ, ਗੁਰਮੇਲ ਸਿੰਘ, ਵਰਿਆਮ ਸਿੰਘ, ਗੁਰਸੇਵਕ ਸਿੰਘ, ਰਾਮ ਸਿੰਘ, ਕਾਕਾ ਸਿੰਘ, ਬਿੱਕਰ ਸਿੰਘ ਅਤੇ ਸਿਕੰਦਰ ਸਿੰਘ ਨੇ ਵੀ ਸੰਬੋਧਨ ਕੀਤਾ।