ਗੋਲੀਬੰਦੀ: ਸਰਹੱਦੀ ਲੋਕਾਂ ’ਚ ਸੁਰੱਖਿਆ ਪ੍ਰਤੀ ਚਿੰਤਾ ਬਰਕਰਾਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਅੱਜ ਅਚਾਨਕ ਹੋਏ ਗੋਲੀਬੰਦੀ ਦੇ ਐਲਾਨ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਐਲਾਨ ਤੋਂ ਥੋੜੀ ਦੇਰ ਪਹਿਲਾਂ ਤੱਕ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਵਸਨੀਕ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਸਨ। ਸਰਹੱਦ ’ਤੇ ਫੌਜੀ ਕਾਰਵਾਈ ਦੀਆਂ ਤਿਆਰੀਆਂ ਨੇ ਲੋਕਾਂ ਵਿੱਚ ਡਰ ਤੇ ਬੇਚੈਨੀ ਵਧਾ ਦਿੱਤੀ ਸੀ। ਸ਼ਾਮ ਸਮੇਂ ਦੋਹਾਂ ਮੁਲਕਾਂ ਦਰਮਿਆਨ ਗੋਲੀਬੰਦੀ ਦੇ ਹੋਏ ਫੈਸਲੇ ਨੇ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਰਾਹਤ ਦਿੱਤੀ। ਪਰ ਹਾਲੇ ਵੀ ਬਹੁਤੇ ਲੋਕ ਫੌਰੀ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ ਕੁਝ ਦਿਨਾਂ ਤੱਕ ਹਾਲਾਤ ਦੇਖਣ ਤੋਂ ਬਾਅਦ ਹੀ ਅੰਤਿਮ ਫੈਸਲਾ ਲੈਣਗੇ ਹੁਸੈਨੀਵਾਲਾ ਪਿੰਡ ਦੇ ਸਾਬਕਾ ਸਰਪੰਚ ਗੁਰਭਜਨ ਸਿੰਘ ਨੇ ਦੱਸਿਆ ਕਿ ਜੰਗਬੰਦੀ ਦੀ ਖ਼ਬਰ ਪੂਰੇ ਸਰਹੱਦੀ ਖੇਤਰ ਵਿੱਚ ਤੇਜ਼ੀ ਨਾਲ ਫੈਲ ਗਈ। ਲੋਕ ਇਸ ਫੈਸਲੇ ਤੋਂ ਖੁਸ਼ ਹਨ, ਪਰ ਅਜੇ ਵੀ ਉਨ੍ਹਾਂ ਨੂੰ ਪਾਕਿਸਤਾਨ ’ਤੇ ਪੂਰਾ ਭਰੋਸਾ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਸਨ, ਉਹ ਅਗਲੇ ਦੋ-ਤਿੰਨ ਦਿਨ ਹੋਰ ਇੰਤਜ਼ਾਰ ਕਰਨਗੇ ਅਤੇ ਜੇਕਰ ਹਾਲਾਤ ਆਮ ਵਾਂਗ ਰਹੇ ਤਾਂ ਹੀ ਉਹ ਵਾਪਸ ਪਰਤਣਗੇ। ਟੇਂਡੀ ਵਾਲਾ ਦੇ ਵਸਨੀਕ ਪ੍ਰਕਾਸ਼ ਨੇ ਦੱਸਿਆ ਕਿ ਭਾਰਤੀ ਫੌਜ ਦੀ ਤਿਆਰੀ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਜੇਕਰ ਪਾਕਿਸਤਾਨ ਨੇ ਲੰਘੀ ਰਾਤ ਵਾਂਗ ਡਰੋਨ ਹਮਲੇ ਕੀਤੇ ਤਾਂ ਭਾਰਤੀ ਫੌਜ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾ ਸਕਦੀ ਸੀ। ਪ੍ਰਕਾਸ਼ ਨੇ ਵੀ ਮੰਨਿਆ ਕਿ ਸਰਹੱਦੀ ਪਿੰਡਾਂ ਦੇ ਲੋਕ ਵਾਪਸ ਜਾਣ ਤੋਂ ਪਹਿਲਾਂ ਕੁਝ ਦਿਨ ਇੰਤਜ਼ਾਰ ਕਰਨਗੇ। ਸਰਹੱਦੀ ਇਲਾਕੇ ਦੇ ਲੋਕ ਹੁਣ ਸ਼ਾਂਤੀ ਦੀ ਆਸ ਕਰ ਰਹੇ ਹਨ, ਪਰ ਪਿਛਲੇ ਤਜਰਬਿਆਂ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਅਜੇ ਵੀ ਇੱਕ ਡਰ ਬਰਕਰਾਰ ਹੈ।
ਸਵੇਰੇ ਧਮਾਕਿਆਂ ਮਗਰੋਂ ਵੱਜੇ ਸਾਇਰਨ
ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਲੰਘੀ ਰਾਤ ਪਾਕਿਸਤਾਨ ਵੱਲੋਂ ਕਈ ਥਾਵਾਂ ’ਤੇ ਡਰੋਨਾਂ ਰਾਹੀਂ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਭਾਰਤੀ ਸੁਰੱਖਿਆ ਬਲਾਂ ਦੀ ਚੌਕਸੀ ਸਦਕਾ ਵੱਡਾ ਨੁਕਸਾਨ ਟਲ ਗਿਆ। ਅੱਜ ਸਵੇਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਬੰਬਾਂ ਦੇ ਟੁਕੜੇ ਵੀ ਮਿਲੇ, ਜਿਨ੍ਹਾਂ ਦੀ ਜਾਂਚ ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ। ਸਵੇਰੇ ਸਰਹੱਦ ’ਤੇ ਧਮਾਕਿਆਂ ਦੀ ਆਵਾਜ਼ ਸੁਣਨ ਤੋਂ ਬਾਅਦ ਸ਼ਹਿਰ ਅਤੇ ਛਾਉਣੀ ਵਿੱਚ ਐਮਰਜੈਂਸੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ। ਉਪਰੰਤ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਬਾਜ਼ਾਰ ਖੋਲ੍ਹਣ ਦੇ ਹੁਕਮ ਮੁੜ ਜਾਰੀ ਕਰ ਦਿੱਤੇ ਗਏ।