ਗੋਲੀਬੰਦੀ ਮਗਰੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਈ
ਭਾਰਤ ਤੇ ਪਾਕਿਸਤਾਨ ਸਰਕਾਰਾਂ ਵੱਲੋਂ ਗੋਲੀਬੰਦੀ ’ਤੇ ਸਹਿਮਤ ਹੋਣ ਮਗਰੋਂ ਮਾਝੇ ਦੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਮੁੜ ਜੰਗ ਹੋਵੇ ਤੇ ਉਨ੍ਹਾਂ ਨੂੰ ਘਰ-ਬਾਰ ਛੱਡਣ ਵਾਸਤੇ ਮਜਬੂਰ ਹੋਣਾ ਪਵੇ। ਹਾਲਾਂਕਿ ਇਸ ਦੌਰਾਨ ਸਰਹੱਦ ’ਤੇ ਤਾਇਨਾਤ ਹਥਿਆਰਬੰਦ ਬਲਾਂ ਦੇ ਨਾਲ-ਨਾਲ ਪੰਜਾਬ ਪੁਲੀਸ ਵੀ ਹਰ ਸਥਿਤੀ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸੇ ਤਰ੍ਹਾਂ ਲੰਘੀ ਰਾਤ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਹੱਦੀ ਪਿੰਡਾਂ ’ਚ ਸ਼ਾਂਤੀ ਬਣੀ ਰਹੀ।
ਗੋਲੀਬੰਦੀ ਮਗਰੋਂ ਸਰਹੱਦੀ ਜ਼ਿਲ੍ਹੇ ਵਿਚ ਚੌਕਸੀ ਤੇ ਸੁਰੱਖਿਆ ਵਜੋਂ ਬਲੈਕਆਊਟ ਕੀਤਾ ਗਿਆ ਹੈ। ਹਾਲਾਂਕਿ ਲੰਘੀ ਸ਼ਾਮ ਤੋਂ ਸਰਹੱਦੀ ਜ਼ਿਲ੍ਹੇ ਵਿੱਚ ਕੋਈ ਡਰੋਨ ਹਮਲਾ ਹੋਣ ਦੀ ਖ਼ਬਰ ਨਹੀਂ ਹੈ ਪਰ ਅੱਜ ਮਜੀਠਾ ਦੇ ਪਿੰਡ ਵਡਾਲਾ ਵੀਰਮ ਦੇ ਖੇਤਾਂ ਵਿੱਚੋਂ ‘ਮਿਜ਼ਾਈਲਨੁਮਾ’ ਵਸਤੂ ਦਾ ਕੁਝ ਮਲਬਾ ਮਿਲਣ ਕਾਰਨ ਵਸਨੀਕਾਂ ’ਚ ਦਹਿਸ਼ਤ ਫੈਲ ਗਈ। ਹਵਾਈ ਸੈਨਾ ਅਤੇ ਫੌਜ ਦੇ ਅਧਿਕਾਰੀਆਂ ਨੇ ਬਾਅਦ ਇਸ ਮਲਬੇ ਨੂੰ ਉੱਥੋਂ ਹਟਾ ਦਿੱਤਾ। ਇਹ ਟੁਕੜੇ ਜਗਦੀਸ਼ ਸਿੰਘ ਦੇ ਖੇਤ ’ਚੋਂ ਮਿਲੇ ਹਨ। ਉਸ ਦੱਸਿਆ ਕਿ ਇਹ ਕੁਝ ਦਿਨ ਪਹਿਲਾਂ ਨੇੜਲੇ ਪੰਧੇਰ ਕਲਾਂ ਪਿੰਡ ’ਚ ਮਿਲੇ ਮਲਬੇ ਦਾ ਹਿੱਸਾ ਹੋ ਸਕਦਾ ਹੈ।
ਸਰਹੱਦੀ ਪਿੰਡ ਕੱਕੜ, ਚੋਗਾਵਾਂ, ਲੋਪੋਕੇ ਆਦਿ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਆਖਿਆ ਕਿ ਗੋਲੀਬੰਦੀ ਦੇ ਫ਼ੈਸਲੇ ਮਗਰੋਂ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ। ਬਿਰਧ ਔਰਤ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਡਰੇ ਹੋਏ ਹਨ। ਉਸ ਨੇ ਆਖਿਆ, ‘‘ਅਸੀਂ ਹਰ ਰਾਤ ਇਹ ਅਰਦਾਸ ਕਰ ਕੇ ਸੌਂਦੇ ਸੀ ਕਿ ਸੁੱਖ ਦੀ ਰਾਤ ਬਤੀਤ ਹੋਵੇ ਅਤੇ ਅਗਲਾ ਦਿਨ ਸੁੱਖਾਂ ਭਰਿਆ ਆਵੇ।’’ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਜੰਗ ਨਹੀਂ ਹੋਣੀ ਚਾਹੀਦੀ। ਇਸ ਨਾਲ ਸਿਰਫ ਜਾਨੀ ਮਾਲੀ ਨੁਕਸਾਨ ਹੀ ਹੁੰਦਾ ਹੈ ਮਸਲੇ ਹੱਲ ਨਹੀਂ ਹੁੰਦੇ। ਸਰਕਾਰਾਂ ਨੂੰ ਮਸਲੇ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ, ਜੰਗ ਨਾਲ ਨਹੀਂ।
ਸਰਹੱਦੀ ਪਿੰਡ ਭਿੰਡੀ ਔਲਖ ਦੇ ਦੇਸਾ ਸਿੰਘ ਨੇ ਕਿਹਾ ਕਿ ਜੰਗਬੰਦੀ ਦੇ ਫ਼ੈਸਲੇ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਅਤੇ ਬੀਤੀ ਸ਼ਾਮ ਤੋਂ ਕੋਈ ਗੋਲੀਬਾਰੀ ਜਾਂ ਕੋਈ ਡਰੋਨ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ, ‘‘ਅਸੀਂ ਅੱਜ ਆਪਣੇ ਰੋਜ਼ਮੱਰ੍ਹਾ ਦੇ ਕੰਮ ਆਮ ਵਾਂਗ ਕੰਮ ਕੀਤੇ। ਸਾਡੀ ਸ਼ੁੱਕਰਵਾਰ ਅਤੇ ਸ਼ਨਿਚਵਾਰ ਰਾਤ ਦਹਿਸ਼ਤ ਤੇ ਤਣਾਅ ’ਚ ਗੁਜ਼ਰੀ ਸੀ, ਕਿਉਂਕਿ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ ਸੀ।’’ ਇਸ ਦੌਰਾਨ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਸਰਕਾਰਾਂ ਵੱਲੋਂ ਗੋਲੀਬੰਦੀ ਦਾ ਫ਼ੈਸਲਾ ਕਰਨ ਤੋਂ ਬਾਅਦ ਸਰਹੱਦਾਂ ’ਤੇ ਸ਼ਾਂਤੀ ਹੈ ਪਰ ਸੁਰੱਖਿਆ ਬਲ ਹਾਲੇ ਵੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹਨ।
‘ਜੰਗ ਕਿਸੇ ਮਸਲੇ ਦਾ ਹੱਲ ਨਹੀਂ’
ਉਮਰਪੁਰਾ ਪਿੰਡ ਦੇ ਗੁਰਨਾਮ ਸਿੰਘ ਨੇ ਕਿਹਾ ਕਿ ਜੰਗ ਕੋਈ ਹੱਲ ਨਹੀਂ ਹੈ ਅਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਆਪਣੇ ਹਰ ਵਿਵਾਦ ਨੂੰ ਹੱਲ ਕਰਨ ਲਈ ਦੁਵੱਲੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੰਗ ਸਿਰਫ਼ ਤਬਾਹੀ ਲਿਆਉਂਦੀ ਹੈ ਅਤੇ ਕੌਮਾਂਤਰੀ ਸਰਹੱਦ ਦੇ ਦੋਵੇਂ ਪਾਸੇ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ।’’