ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲੀਬੰਦੀ ਦੇ ਐਲਾਨ ਮਗਰੋਂ ਚੰਡੀਗੜ੍ਹ ’ਚ ਪਾਬੰਦੀਆਂ ਹਟਾਈਆਂ

05:39 AM May 11, 2025 IST
featuredImage featuredImage
ਚੰਡੀਗੜ੍ਹ ਦੇ ਸੈਕਟਰ-17 ਦੇ ਪਲਾਜ਼ਾ ਵਿੱਚ ਸ਼ਨਿੱਚਰਵਾਰ ਦੇਰ ਸ਼ਾਮ ਜੰਗਬੰਦੀ ਦੇ ਐਲਾਨ ਮਗਰੋਂ ਖ਼ਰੀਦਦਾਰੀ ਕਰਨ ਪੁੱਜੇ ਲੋਕ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 10 ਮਈ
ਭਾਰਤੀ-ਪਾਕਿਸਤਾਨ ਵਿਚਕਾਰ ਅੱਜ ਸ਼ਾਮ ਸਮੇਂ ਹੋਈ ਗੋਲੀਬੰਦੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਲਗਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਹਾਲਾਂਕਿ ਦੇਰ ਰਾਤ ਗੋਲੀਬੰਦੀ ਦੀ ਉਲੰਘਣਾ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਲੋਕਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਦਿੰਦਿਆਂ ਖ਼ੁਦ ਹੀ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਹਾਲਾਂਕਿ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਈਂ ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ।

Advertisement

ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਵਿੱਚ ਸ਼ਨਿੱਚਰਵਾਰ ਦੇਰ ਰਾਤ ਬੰਦ ਕੀਤੀਆਂ ਸਟਰੀਟ ਲਾਈਟਾਂ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਪੰਜਾਬੀ ਟ੍ਰਿਬਿਊਨ

ਇਸ ਤੋਂ ਪਹਿਲਾਂ ਦੇੇਰ ਸ਼ਾਮ ਗੋਲੀਬੰਦੀ ਦੇ ਫ਼ੈਸਲੇ ਮਗਰੋਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜੰਗਬੰਦੀ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਲਗਾਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ ਲੋਕਾਂ ਨੂੂੰ ਜਿੱਥੇ ਬਲੈਕਆਉਟ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅੱਜ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਲੋਕਾਂ ਨੂੰ ਰਾਤ ਨੂੰ 9 ਵਜੇ ਆਪਣੀਆਂ ਦੁਕਾਨਾਂ ਮਰਜ਼ੀ ਅਨੁਸਾਰ ਬੰਦ ਕਰਨ ਦੀ ਅਪੀਲ ਕੀਤੀ ਸੀ। ਸ੍ਰੀ ਯਾਦਵ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਵੀ 9 ਵਜੇ ਤੋਂ ਬਾਅਦ ਲੋੜ ਅਨੁਸਾਰ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਜੰਗਬੰਦੀ ਤੋਂ ਬਾਅਦ ਪ੍ਰਸ਼ਾਸਨ ਨੇ 9 ਵਜੇ ਦੁਕਾਨਾਂ ਬੰਦ ਕਰਨ ਦੇ ਨਿਰਦੇਸ਼ਾਂ ਨੂੰ ਵਾਪਸ ਲੈ ਲਿਆ ਹੈ ਅਤੇ ਲੋਕ ਆਮ ਵਾਂਗ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਸਕੂਲਾਂ ਤੇ ਕਾਲਜਾਂ ਨੂੂੰ ਵੀ ਛੁੱਟੀ ਕਰ ਦਿੱਤੀ ਸੀ।
ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਕਰਕੇ ਚੰਡੀਗੜ੍ਹ ਦੇ ਲੋਕਾਂ ਦੇ ਮਨਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਲੋਕ ਹਰ ਸਮੇਂ ਦਹਿਸ਼ਤ ਵਿੱਚ ਰਹਿ ਰਹੇ ਸਨ ਪਰ ਸ਼ਾਮ ਸਮੇਂ ਆਈ ਖ਼ਬਰ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਹੈ, ਇਸ ਲਈ ਬੈਠ ਕੇ ਗੱਲਬਾਤ ਰਾਹੀਂ ਹੱਲ ਕੱਢ ਲੈਣਾ ਚਾਹੀਦਾ ਹੈ। ਚੰਡੀਗੜ੍ਹ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਤੇ ਜਨਰਲ ਸਕੱਤਰ ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ 4-5 ਦਿਨਾਂ ਤੋਂ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਬਬਲਾ ਵੱਲੋਂ ਫਾਇਰ ਸਟੇਸ਼ਨ ਦਾ ਨਿਰੀਖਣ

ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਨਗਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਵੱਲੋਂ ਸੈਕਟਰ 32 ਸਥਿਤ ਫਾਇਰ ਸਟੇਸ਼ਨ ਦਾ ਦੌਰਾ ਕੀਤਾ ਤਾਂ ਜੋ ਸੁਰੱਖਿਆ ਉਪਕਰਣਾਂ ਅਤੇ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਤਿਆਰੀ ਪ੍ਰੋਟੋਕੋਲ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਜਾ ਸਕੇ। ਇਸ ਮੌਕੇ ਨਿਗਮ ਦੀ ਫਾਇਰ ਕਮੇਟੀ ਦੇ ਚੇਅਰਮੈਨ ਮਹੇਸ਼ ਇੰਦਰ ਸਿੰਘ ਸਿੱਧੂ, ਕੌਂਸਲਰ ਸੌਰਭ ਜੋਸ਼ੀ ਵੀ ਮੌਜੂਦ ਸਨ। ਵਫ਼ਦ ਨੇ ਜ਼ਰੂਰੀ ਅੱਗ ਸੁਰੱਖਿਆ ਉਪਕਰਣਾਂ, ਬਚਾਅ ਉਪਕਰਣਾਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਵਾਹਨਾਂ ਦੀ ਕਾਰਜਸ਼ੀਲਤਾ ਅਤੇ ਉਪਲਬਧਤਾ ਦੀ ਸਮੀਖਿਆ ਕੀਤੀ। ਇਹ ਦੌਰਾ ਇਹ ਯਕੀਨੀ ਬਣਾਉਣ ਲਈ ਚੱਲ ਰਹੀ ਪਹਿਲਕਦਮੀ ਦਾ ਹਿੱਸਾ ਸੀ ਕਿ ਫਾਇਰ ਵਿਭਾਗ ਪੂਰੀ ਤਰ੍ਹਾਂ ਲੈਸ ਰਹੇ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨੂੰ ਕੁਸ਼ਲਤਾ ਨਾਲ ਸੰਭਾਲਣ ਲਈ ਤਿਆਰ ਰਹੇ।ਮੇਅਰ ਬਬਲਾ ਨੇ ਸਮੇਂ ਸਿਰ ਨਿਰੀਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਸ਼ਹਿਰ ਦੇ ਵਸਨੀਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ।

Advertisement

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਸੈਣੀ

ਪੰਚਕੂਲਾ (ਪੀਪੀ ਵਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਨੂੰ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ, ਸੂਬੇ ਵਿੱਚ ਸਥਿਤੀ ਕੰਟਰੋਲ ਵਿੱਚ ਹੈ। ਸਿਰਫ ਸਾਵਧਾਨੀ ਦੇ ਤੌਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਜਨ ਸੁਰੱਖਿਆ ਪ੍ਰਤੀ ਪੂਰੀ ਤਰਾਂ੍ਹ ਵਚਨਬੱਧ ਹੈ। ਮੁੱਖ ਮੰਤਰੀ ਮੌਜੂਦਾ ਹਾਲਾਤਾਂ ਦੇ ਮੱਦੇਨਜਰ ਅੱਜ ਵੀਡਿਓ ਕਾਨਫਰੰਸਿੰੰਗ ਰਾਹੀਂ ਡਿਪਟੀ ਕਮੀਸ਼ਨਰਾਂ, ਪੁਲੀਸ ਕਮੀਸ਼ਨਰਾਂ ਅਤੇ ਪੁਲੀਸ ਸੁਪਰਡੈਂਟਾਂ ਸਮੇਤ ਪ੍ਰਸ਼ਾਸਨਿਕ ਸਕੱਤਰਾਂ ਨਾਲ ਮੁੱਖ ਮੀਟਿੰਗ ਕਰ ਸੂਬੇ ਵਿੱਚ ਸਿਵਿਲ ਸੁਰੱਖਿਆ ਅਭਿਆਸ ਦੀ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਨੇ ਨਾਗਰਿਕਾਂ ਨਾਲ ਅਪੀਲ ਕੀਤੀ ਹੈ ਕਿ ਉਹ ਸੰਯਮ ਰੱਖਣ, ਖੁਰਾਕ ਸੱਮਗਰੀ ਦੀ ਜਮਾਖੋਰੀ ਤੋਂ ਬਚਣ ਅਤੇ ਕੇਵਲ ਪ੍ਰਮਾਣਿਤ ਜਾਣਕਾਰੀ ’ਤੇ ਹੀ ਭਰੋਸਾ ਕਰਨ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਲੈਕਆਊਟ ਨੂੰ ਸਹਿਯੋਗ

ਪੰਚਕੂਲਾ (ਪੀਪੀ ਵਰਮਾ): ਦੇਸ਼ ਦੀ ਮੌਜੂਦਾ ਸੰਵੇਦਨਸ਼ੀਲ ਸਥਿਤੀ ਵਿੱਚ ਅਤੇ ਪ੍ਰਸ਼ਾਸਨ ਵੱਲੋਂ ਐਲਾਨੀ ਗਈ ਬਲੈਕਆਊਟ ਮੁਹਿੰਮ ਦੇ ਸਮਰਥਨ ਵਿੱਚ ਪੰਚਾਇਤ ਪੱਧਰ ’ਤੇ ਜਾਗਰੂਕਤਾ ਅਤੇ ਭਾਗੀਦਾਰੀ ਦੀ ਮੁਹਿੰਮ ਤੇਜ਼ ਹੋ ਗਈ ਹੈ। ਹੁਣ ਸਥਾਨਕ ਜਨ ਪ੍ਰਤੀਨਿਧੀਆਂ ਨੇ ਖੁਦ ਇਸ ਦੀ ਜ਼ਿੰਮੇਵਾਰੀ ਲੈ ਲਈ ਹੈ। ਮੋਰਨੀ ਪੰਚਾਇਤ ਸੰਗਠਨ ਦੇ ਮੁਖੀ ਪੰਚਪਾਲ ਸ਼ਰਮਾ ਨੇ 26 ਪੰਚਾਇਤਾਂ ਦੇ ਸਰਪੰਚਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਇਸ ਪ੍ਰਬੰਧਕੀ ਅਪੀਲ ਨੂੰ ਜ਼ਮੀਨੀ ਪੱਧਰ ‘ਤੇ ਲਿਜਾਣ ਦੀ ਪਹਿਲ ਕੀਤੀ ਹੈ। ਸ਼ਰਮਾ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਫ਼ੋਨ ਕਾਲਾਂ ਰਾਹੀਂ ਸਰਪੰਚਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਵਿੱਚ ਜਬਿਆਲ ਪੰਚਾਇਤ ਦੀ ਸਰਪੰਚ ਕਾਜਲ ਸ਼ਰਮਾ ਨੇ ਵੀ ਕਮਾਨ ਸੰਭਾਲੀ ਹੈ। ਉਨ੍ਹਾਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ।

ਅੰਬਾਲਾ ਏਅਰ ਫੋਰਸ ਸਟੇਸ਼ਨ ਤੇ ਘਰੇਲੂ ਹਵਾਈ ਅੱਡੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਅੰਬਾਲਾ (ਰਤਨ ਸਿੰਘ ਢਿੱਲੋਂ): ਹਿੰਦ-ਪਾਕ ਜੰਗੀ ਤਣਾਅ ਨੂੰ ਦੇਖਦਿਆਂ ਅੰਬਾਲਾ ਛਾਉਣੀ ਦੇ ਘਰੇਲੂ ਹਵਾਈ ਅੱਡੇ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੰਬਾਲਾ ਹਵਾਈ ਅੱਡੇ ਸਮੇਤ ਦੇਸ਼ ਭਰ ਦੇ 32 ਹਵਾਈ ਅੱਡਿਆਂ ਦੇ ਬੰਦ ਹੋਣ ਦੀ ਮਿਆਦ 10 ਮਈ ਤੋਂ 15 ਮਈ ਤੱਕ ਵਧਾ ਦਿੱਤੀ ਹੈ। ਅੰਬਾਲਾ ਏਅਰ ਫੋਰਸ ਸਟੇਸ਼ਨ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜੀ ਅਧਿਕਾਰੀਆਂ ਨੇ ਹੌਟਲਾਈਨਾਂ ਰਾਹੀਂ ਨਿਰੰਤਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ ਤਾਂ ਜੋ ਕਿਸੇ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਅਜੇ ਤੱਕ ਕੋਈ ਵਿਸ਼ੇਸ਼ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Advertisement