ਗੈਂਗਸਟਰਾਂ ਦੀਆਂ ਧਮਕੀਆਂ ਤੋਂ ਡਰੇ ਦੁਕਾਨਦਾਰਾਂ ਵੱਲੋਂ ਧਰਨਾ
ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 31 ਮਾਰਚ
ਗੈਂਗਸਟਰਾਂ ਵੱਲੋਂ ਦੁਕਾਨਦਾਰਾਂ ਨੂੰ ਫਿਰੌਤੀ ਲਈ ਧਮਕਾਉਣ ਅਤੇ ਦੁਕਾਨਾਂ ’ਤੇ ਗੋਲੀਆਂ ਚਲਾਉਣ ਦੇ ਮੱਦੇਨਜ਼ਰ ਅੱਜ ਕਸਬਾ ਫਤਿਆਬਾਦ ਦੇ ਦੁਕਾਨਦਾਰਾਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਪੁਲੀਸ ਦੀ ਕਥਿਤ ਢਿੱਲੀ ਕਾਰਵਾਈ ਨੂੰ ਲੈ ਕੇ ਬਾਜ਼ਾਰ ਬੰਦ ਕਰ ਕੇ ਧਰਨਾ ਦਿੱਤਾ ਗਿਆ। ਪੀੜਤ ਦੁਕਾਨਦਾਰ ਖੁਰਾਣਾ ਟੀਵੀ ਸੈਂਟਰ ਦੇ ਮਾਲਕ ਮਹਿੰਦਰ ਸਿੰਘ ਅਤੇ ਕਰਿਆਨਾ ਵਪਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਗੈਂਗਸਟਰ ਫਿਰੌਤੀ ਲੈਣ ਲਈ ਧਮਕੀਆਂ ਦੇ ਰਹੇ ਹਨ। ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਨੂੰ ਡਰਾਉਣ ਲਈ ਉਨ੍ਹਾਂ ਦੀਆਂ ਬੰਦ ਦੁਕਾਨਾਂ ’ਤੇ ਗੋਲੀਆਂ ਚਲਾਈਆਂ ਗਈਆਂ।
ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਜਗਵਿੰਦਰ ਸਿੰਘ, ਬੇਅੰਤ ਸਿੰਘ ਪੰਪ ਵਾਲੇ, ਮਹਿੰਦਰ ਸਿੰਘ ਕੰਬੋਜ ਆਦਿ ਨੇ ਆਖਿਆ ਕਿ ਵਪਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਅਤੇ ਗੋਲੀਆਂ ਆਦਿ ਚਲਾ ਕੇ ਡਰਾਉਣ ਦਾ ਸਿਲਸਿਲਾ ਜਾਰੀ ਹੈ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਅੱਜ ਰੋਸ ਵਜੋਂ ਬਾਜ਼ਾਰ ਬੰਦ ਕਰਕੇ ਸਰਕਾਰ ਅਤੇ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਸਬਾ ਫਤਿਆਬਾਦ ਦੇ ਸਮੁੱਚੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਦੁਕਾਨਾਂ ਉੱਪਰ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਫਿਰੌਤੀਆਂ ਮੰਗਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਵੀ ਦੁਕਾਨਦਾਰਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।
ਪੁਲੀਸ ਵੱਲੋਂ ਕਾਰਵਾਈ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਪ੍ਰਭਜੀਤ ਸਿੰਘ ਗਿੱਲ ਵੱਲੋਂ ਦੁਕਾਨਦਾਰਾਂ ਨੂੰ ਗੈਂਗਸਟਰ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ। ਦੇਰ ਸ਼ਾਮ ਤੱਕ ਚੱਲੇ ਧਰਨੇ ਵਿੱਚ ਪੁਲੀਸ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਦੁਕਾਨਦਾਰਾਂ ਨੂੰ ਗੈਂਗਸਟਰ ਖਿਲਾਫ਼ ਹਫ਼ਤੇ ਅੰਦਰ ਕਾਰਵਾਈ ਦਾ ਭਰੋਸਾ ਦਿਵਾਉਣ ’ਤੇ ਧਰਨਾ ਸਮਾਪਤ ਕੀਤਾ ਗਿਆ।Advertisement