ਗੁਰੂ ਗ੍ਰੰਥ ਦੇ ਸ਼ਬਦਾਂ ਦੀ ਵਿਆਖਿਆ ਦਾ ਅੰਗਰੇਜ਼ੀ ਅਨੁਵਾਦ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਸ਼ਾਹਨੂਰ ਪ੍ਰੌਡਕਸ਼ਨ ਵੱਲੋਂ ਗਲੋਬਲ ਪੱਧਰ ’ਤੇ ਬੱਚਿਆਂ ਤੇ ਹੋਰਨਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਮਕਸਦ ਨਾਲ ਧਾਰਮਿਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦਾ ਨਾਂ ‘ਬਾਣੀ ਖਜ਼ਾਨਾ’ ਰੱਖਿਆ ਗਿਆ ਹੈ। ਪ੍ਰਾਜੈਕਟ ਸੰਚਾਲਕ ਹਰਜੋਤ ਸ਼ਾਹ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਪ੍ਰਾਜੈਕਟ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁਕੰਮਲ ਹੋ ਜਾਣ ’ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰੇਕ ਸ਼ਬਦ ਦੀ ਅਰਥ ਵਿਆਖਿਆ ਅੰਗਰੇਜ਼ੀ ਭਾਸ਼ਾ ਵਿੱਚ ਵੱਖ-ਵੱਖ ਸੋਸ਼ਲ ਪਲੇਟਫਾਰਮਾਂ ’ਤੇ ਉਪਲਬਧ ਹੋਏਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਬੀਬੀ ਲੀਨਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਬੱਚਿਆਂ ਨੂੰ ਤੱਤੀ ਸਾਜ਼ਾਂ ਵਿੱਚ ਕੀਰਤਨ ਵੀ ਸਿਖਾਉਂਦੇ ਹਨ। ਸ਼ਾਹ ਨੇ ਦੱਸਿਆ ਕਿ ਫਿਲਹਾਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਨੂੰ ਗਲੋਬਲ ਭਾਸ਼ਾ ਯਾਨੀ ਇੰਗਲਿਸ਼ ਭਾਸ਼ਾ ਵਿਚ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕਾਫ਼ੀ ਸਮੇਂ ਤੋਂ ਇੰਗਲਿਸ਼ ਮੀਡੀਅਮ ਰਾਹੀਂ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਮੰਗ ਹੈ ਕਿ ਗੁਰਬਾਣੀ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਹੱਈਆ ਕਰਵਾਈ ਜਾਵੇ। ਹਰਜੋਤ ਸ਼ਾਹ ਨੇ ਇਹ ਵੀ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਗੁਰਬਾਣੀ ਵਿੱਚ ਦਰਜ ਹਰੇਕ ਸ਼ਬਦ ਦੀ ਵਿਆਖਿਆ ਲਈ ਵੱਖਰਾ ਐਪੀਸੋਡ ਹੋਵੇਗਾ ਅਤੇ ਇਸ ਤਰ੍ਹਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੇ ਕੁੱਲ 5 ਹਜ਼ਾਰ ਤੋਂ ਜ਼ਿਆਦਾ ਐਪੀਸੋਡ ਬਣਨਗੇ। ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਕੋਈ ਵੀ ਸ਼ਰਧਾਲੂ ਜਦੋਂ ਗੂਗਲ ’ਤੇ ਕਿਸੇ ਵੀ ਸ਼ਬਦ ਦੀ ਇੱਕ ਸਤਰ ਹੀ ਟਾਈਪ ਕਰੇਗਾ ਤਾਂ ਉਸ ਸ਼ਬਦ ਦੀ ਪੂਰੀ ਵਿਆਖਿਆ ਉਪਲਬਧ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਇਸ ਪ੍ਰਾਜੈਕਟ ਦੀ ਸ਼ੁਰੂਆਤ ਗੁਰਬਾਣੀ ਦੇ 300 ਸ਼ਬਦਾਂ ਨਾਲ ਕੀਤੀ ਗਈ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਤਿੰਦਰ ਸਿੰਘ ਸੋਨੂੰ ਅਤੇ ਪਰਮੀਤ ਸਿੰਘ ਚੱਢਾ ਵੀ ਮੌਜੂਦ ਸਨ।