ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਪ੍ਰਬੰਧ ਸ਼ੁਰੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਪਰੈਲ
ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਵਾਸਤੇ ਪ੍ਰਬੰਧ ਸ਼ੁਰੂ ਹੋ ਗਏ ਹਨ। ਅੱਜ ਭਾਰਤੀ ਫੌਜ ਦੇ 25 ਮੈਂਬਰੀ ਜਵਾਨਾਂ ਦਾ ਦਲ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਪੁੱਜ ਗਿਆ ਹੈ, ਜੋ ਭਲਕੇ 19 ਅਪਰੈਲ ਨੂੰ ਅਰਦਾਸ ਕਰਨ ਮਗਰੋਂ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਵਾਸਤੇ ਰਵਾਨਾ ਹੋਵੇਗਾ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਦੀ 418 ਇੰਡੀਪੈਂਡੈਂਟ ਇੰਜਨੀਅਰ ਕੋਰ ਦੇ 25 ਜਵਾਨ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਏ ਹਨ। ਇਹ ਦਲ ਸੂਬੇਦਾਰ ਜਤਿੰਦਰ ਮਲ ਅਤੇ ਹੌਲਦਾਰ ਅਮਰਦੀਪ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਬਰਫ ਹਟਾਏਗਾ ਅਤੇ ਜਵਾਨ ਹੇਠਾਂ ਵੱਲ ਆਉਂਦੇ ਹੋਏ ਰਸਤਾ ਤਿਆਰ ਕਰਦੇ ਆਉਣਗੇ। ਇਹ 25 ਮੈਂਬਰੀ ਦਲ ਭਲਕੇ 19 ਅਪਰੈਲ ਨੂੰ ਅਰਦਾਸ ਕਰਨ ਮਗਰੋਂ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋਵੇਗਾ, ਜੋ ਕਿ ਗੁਰਦੁਆਰਾ ਗੋਬਿੰਦ ਘਾਟ ਤੋਂ 13 ਕਿਲੋਮੀਟਰ ਦੂਰ ਉਚਾਈ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦਾ 20 ਮੈਂਬਰੀ ਦਲ ਪਹਿਲਾਂ ਹੀ ਗੁਰਦੁਆਰਾ ਗੋਬਿੰਦ ਧਾਮ ਪੁੱਜ ਚੁੱਕਾ ਹੈ, ਜੋ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਹੋਰ ਪ੍ਰਬੰਧਾਂ ਮੁਕੰਮਲ ਕਰੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਇਹ ਸਾਲਾਨਾ ਯਾਤਰਾ 22 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾਵੇਗੀ ਅਤੇ 25 ਮਈ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍ਹ ਦਿੱਤੇ ਜਾਣਗੇ।