ਗ਼ੈਰਕਾਨੂੰਨੀ ਨਸ਼ਾ ਛੁਡਾਓ ਕੇਂਦਰ ਬੇਪਰਦ; ਇਕ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 13 ਮਈ
ਵਲਟੋਹਾ ਦੀ ਪੁਲੀਸ ਨੇ ਬੀਤੇ ਕੱਲ੍ਹ ਇਲਾਕੇ ਦੇ ਪਿੰਡ ਆਸਲ ਉਤਾੜ ਪਿੰਡ ਦੇ ਟਾਹਲੀ ਮੋੜ ਨੇੜੇ ਚਲਦੇ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਪਰਦਾਫਾਸ਼ ਕਰਦਿਆਂ ਇਸ ਨੂੰ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ| ਥਾਣਾ ਮੁਖੀ ਇੰਸਪੈਕਟਰ ਚਰਨ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਮੌਕੇ ’ਤੇ ਛਾਪਾ ਮਾਰ ਕੇ ਇਸ ਨਸ਼ਾ ਛੁਡਾਓ ਕੇਂਦਰ ਨੂੰ ਚਲਾ ਰਹੇ ਜਸਵੰਤ ਸਿੰਘ ਉਰਫ ਮੁਹਾਵਾ ਵਾਸੀ ਵੀਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਭਾਈਵਾਲ ਰਣਜੀਤ ਸਿੰਘ ਵਾਸੀ ਆਸਲ ਉਤਾੜ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਕੁਝ ਹੋਣ ਮੁਲਜ਼ਮ ਵੀ ਸ਼ਾਮਲ ਹਨ|
ਥਾਣਾ ਮੁਖੀ ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਸ ਕੇਂਦਰ ਵਿੱਚ ਦਾਖਲ ਕੀਤੇ ਜਾਂਦੇ ਮਰੀਜ਼ਾਂ ਨੂੰ ਨਸ਼ਿਆਂ ਦੀਆਂ ਗੋਲੀਆਂ ਆਦਿ ਦੇ ਕੇ ਉਨ੍ਹਾਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਕ ਹੀ ਕਮਰੇ ਵਿੱਚ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ| ਪੁਲੀਸ ਨੇ ਮੌਕੇ ਤੋਂ ਟਰਮਾਡੋਲ ਦੀਆਂ 100 ਗੋਲੀਆਂ ਬਰਾਮਦ ਕੀਤੀਆਂ ਹਨ| ਇਸ ਸਬੰਧੀ ਪੁਲੀਸ ਨੇ ਬੀ ਐਨ ਐੱਸ ਦੀ ਦਫ਼ਾ 318(2), 318 (4), 127 (2), 127 (3), 127 (4), 61 (2) ਅਤੇ ਐਨ ਡੀ ਪੀ ਐਸ ਐਕਟ ਦੀ ਦਫ਼ਾ 22, 29, 61, 85 ਅਧੀਨ ਕੇਸ ਦਰਜ ਕੀਤਾ ਗਿਆ ਹੈ| ਇਸ ਤੋਂ ਪਹਿਲਾਂ ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਵੀ ਇਕ ਗੈਰ-ਕਾਨੂੰਨੀ ਨਸ਼ਾ ਕੇਂਦਰ ਨੂੰ ਬੇਪਰਦ ਕੀਤਾ ਸੀ|