ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ
ਫਗਵਾੜਾ, 26 ਮਾਰਚ
ਇੱਥੋਂ ਦੀ ਪੁਲੀਸ ਨੇ ਗ੍ਰੀਨ ਐਵੀਨਿਊ ਕਲੋਨੀ ’ਚ ਛਾਪੇ ਮਾਰ ਕੇ ਨਾਜਾਇਜ਼ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼ ਕਰਕੇ ਉਸ ’ਚ ਦਾਖ਼ਲ ਕੀਤੇ ਗਏ 18 ਨੌਜਵਾਨਾਂ ਨੂੰ ਕੇਂਦਰ ’ਚੋਂ ਛੁਡਵਾ ਕੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਖੇਤਰ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨਾਂ ਦੇ ਪਰਿਵਾਰਾਂ ਤੋਂ 10 ਤੋਂ 15 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆ ਹਨ ਤੇ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਇਸ ’ਤੇ ਕਾਰਵਾਈ ਕਰਦਿਆਂ ਡੀਐੱਸਪੀ ਭਾਰਤ ਭੂਸ਼ਣ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਦੀ ਅਗਵਾਈ ’ਚ ਟੀਮ ਨੇ ਛਾਪੇ ਮਾਰ ਕੇ ਇਨ੍ਹਾਂ ਨੂੰ ਛੁਡਵਾਇਆ ਤੇ ਉੱਥੋਂ ਬਰਾਮਦ ਕੀਤੀਆਂ ਦਵਾਈਆਂ ਨੂੰ ਸਿਹਤ ਵਿਭਾਗ ਨੇ ਸੀਲ ਕਰਕੇ ਕਬਜ਼ੇ ’ਚ ਲੈ ਲਿਆ ਹੈ।ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।