ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਸ਼ੁਰੂ
ਲੁਧਿਆਣਾ, 13 ਮਈ
ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੀਏਯੂ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਓਲੋਜੀ ਵਿਭਾਗ ਦੇ ਸਹਿਯੋਗ ਨਾਲ ਤਿੰਨ ਦਿਨਾਂ ‘ਗਰਮ ਰੁੱਤ/ਟਰੌਪੀਕਲ ਖੁੰਬਾਂ ਦੀ ਕਾਸ਼ਤ’ ਬਾਰੇ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 71 ਸਿਖਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਕੋਰਸ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਖੁੰਬਾਂ ਦੀ ਖੇਤੀ ਘੱਟ ਖਰਚੇ ਵਿੱਚ ਵੱਧ ਮੁਨਾਫ਼ੇ ਵਾਲਾ ਕਿੱਤਾ ਹੈ, ਜਿਸ ਨੂੰ ਕਰਕੇ ਇੱਕ ਸਫ਼ਲ ਉੱਦਮੀ ਵਜੋਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਜਾ ਸਕਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਪੰਜਾਬ ਵਿੱਚ ਖੁੰਬਾਂ ਦੀ ਖੇਤੀ ਸ਼ੁਰੂ ਕਰਨ ਵਾਲੇ ਡਾ. ਹਰਨੇਕ ਸਿੰਘ ਗਰਚਾ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਸਾਲ ਵਿੱਚ ਦੋ ਵਾਰ ਕੋਰਸ ਕਰਵਾਉਂਦਾ ਹੈ।
ਕੋਰਸ ਕੋ-ਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਦੱਸਿਆ ਕਿ ਇਸ ਕੋਰਸ ਵਿੱਚ ਮਾਈਕਰੋਬਾਇਓਲੋਜੀ ਵਿਭਾਗ ਤੋਂ ਡਾ. ਸ਼ਿਵਾਨੀ ਸ਼ਰਮਾ, ਡਾ. ਜਸਪ੍ਰੀਤ ਕੌਰ ਅਤੇ ਡਾ. ਐਨਾ ਗੋਇਲ, ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਸੋਨਿਕਾ ਸ਼ਰਮਾ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਅਰਸ਼ਦੀਪ ਸਿੰਘ ਤੇ ਸਕੂਲ ਆਫ਼ ਬਿਜ਼ਨਸ ਸਟਡੀਜ਼ ਤੋਂ ਡਾ. ਰਾਕੇਸ਼ ਰਾਠੌਰ ਲਾਹੇਵੰਦ ਜਾਣਕਾਰੀ ਸਾਂਝੀ ਕਰਨਗੇ। ਇਸ ਮੌਕੇ ਡਾ. ਵਿਸ਼ਾਲ ਬੈਕਟਰ, ਕੁਲਦੀਪ ਕੌਰ ਅਤੇ ਕੰਵਲਜੀਤ ਕੌਰ ਹਾਜ਼ਰ ਹਨ।