ਖ਼ੁਦਕੁਸ਼ੀ ਮਾਮਲਾ: ਵਫ਼ਦ ਪੁਲੀਸ ਕਮਿਸ਼ਨਰ ਨੂੰ ਮਿਲਿਆ
ਹਤਿੰਦਰ ਮਹਿਤਾ
ਜਲੰਧਰ, 24 ਮਾਰਚ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਲੰਧਰ ਛਾਉਣੀ ਵਿੱਚ ਪੁਲੀਸ ਅਧਿਕਾਰੀਆਂ ਦੇ ਕਥਿਤ ਤਸ਼ੱਦਦ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਦਲਿਤ ਨੌਜਵਾਨ ਦੇ ਪਰਿਵਾਰ ਨੇ ਪੁਲੀਸ ਲਾਈਨ ਜਾ ਕੇ ਜਲੰਧਰ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਰਬਜੀਤ ਮੱਕੜ, ਅਮਰਜੀਤ ਸਿੰਘ ਅਮਰੀ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਭਾਜਪਾ ਮੀਡੀਆ ਇੰਚਾਰਜ ਤਰੁਣ ਕੁਮਾਰ ਤੇ ਵਾਰਡ ਨੰਬਰ 19 ਤੋਂ ਕੌਂਸਲਰ ਕੰਵਰ ਸਰਤਾਜ ਆਦਿ ਹਾਜ਼ਰ ਸਨ। ਇਸ ਮੌਕੇ ਭਾਜਪਾ ਵੱਲੋਂ ਪੁਲੀਸ ਕਮਿਸ਼ਨਰ ਨੂੰ ਸਖ਼ਤ ਕਾਰਵਾਈ ਲਈ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪੁਲੀਸ ਦੀ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਹੁਣ ਇਨਸਾਫ਼ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ’ਚ ਜਲੰਧਰ ਦੇ ਸਮੂਹ ਲੋਕ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਲੋਕ ਲਹਿਰ ਚਲਾਉਣਗੇ, ਜਿਸ ਲਈ ਪੂਰੀ ਤਰ੍ਹਾਂ ਨਾਲ ਜਲੰਧਰ ਪੁਲੀਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਦਲਿਤ ਵਾਲਮੀਕਿ ਸਮਾਜ ਦੇ ਨੌਜਵਾਨ ਦੀ ਖੁਦਕੁਸ਼ੀ ਦੇ ਮਾਮਲੇ ’ਚ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਦੇ ਲਈ ਜੇਕਰ ਜਲਦ ਹੀ ਪੁਲੀਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਮਾਮਲਾ ਪੰਜਾਬ ਦੇ ਡੀਜੀਪੀ, ਰਾਜਪਾਲ ਅਤੇ ਰਾਸ਼ਟਰੀ ਅਨੁਸੂਚਿਤ ਕਮਿਸ਼ਨ ਕੋਲ ਉਠਾਇਆ ਜਾਵੇਗਾ।