ਖ਼ਾਲਸਾ ਕਾਲਜ ਵਿੱਚ ‘ਪੌਸ਼ਟਿਕ ਅਹਾਰ’ ਉੱਤੇ ਸੈਮੀਨਾਰ
ਅੰਮ੍ਰਿਤਸਰ, 4 ਅਪਰੈਲ
ਖਾਲਸਾ ਕਾਲਜ ਫਾਰ ਵਿਮੈਨ ਦੇ ਪੋਸ਼ਣ ਤੇ ਖੁਰਾਕ ਵਿਗਿਆਨ ਵਿਭਾਗ ਵੱਲੋਂ ‘ਪੌਸ਼ਟਿਕ ਅਹਾਰ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਕਾਲਜ ਦੇ ਈਕੋ ਕਲੱਬ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਐਂਡ ਨਿਊਟਰੇਸ਼ਨ ਵਿਭਾਗ ਮੁਖੀ ਡਾ. ਕਿਰਨ ਗਰੋਵਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਦਘਾਟਨੀ ਸੈਸ਼ਨ ’ਚ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਯੂ.ਐੱਸ.ਏ. ਤੋਂ ਡਾ. ਹੇਮਾ ਸਿੱਧੂ ਨੇ ‘ਸਲੀਪ ਐਂਡ ਨਿਊਟ੍ਰੀਸ਼ਨ’ ਵਿਸ਼ੇ ’ਤੇ ਭਾਸ਼ਣ ਦਿੱਤਾ। ਮੁੱਖ ਬੁਲਾਰੇ ਡਾ. ਚੀਨਮ ਭਾਟੀਆ ਨੇ ਸਿਹਤਮੰਦ ਜੀਵਨ ਸ਼ੈਲੀ ਦੇ ਵਿਕਲਪਾਂ ਨੂੰ ਅਪਨਾਉਣ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਫੂਡ ਸੇਫਟੀ ਅਫਸਰ ਡਾ. ਕਮਲਦੀਪ ਕੌਰ ਨੇ ਭੋਜਨ ਸੁਰੱਖਿਆ ’ਤੇ ਭਾਸ਼ਣ ਦਿੰਦਿਆਂ ਖੇਤਰ ’ਚ ਆਪਣੀਆਂ ਜ਼ਿੰਮੇਵਾਰੀਆਂ ਅਤੇ ਅਨੁਭਵ ਸਾਂਝੇ ਕੀਤੇ। ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਮਨਬੀਰ ਸਿੰਘ ਨੇ ਸਿਹਤਮੰਦ ਜੀਵਨ ਜਿਉਣ ਲਈ ਜੰਕ ਫੂਡ ਤੋਂ ਬਚਣ ਦੀ ਜ਼ਰੂਰਤ ’ਤੇ ਚਾਨਣਾ ਪਾਉਂਦਿਆਂ ਸਮੁੱਚੀ ਤੰਦਰੁਸਤੀ ’ਤੇ ਖੁਰਾਕ ਵਿਕਲਪਾਂ ਦੇ ਪ੍ਰਭਾਵ ’ਤੇ ਜ਼ੋਰ ਦਿੱਤਾ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪ੍ਰੋਗਰਾਮ ਦੇ ਤਕਨੀਕੀ ਸੈਸ਼ਨਾਂ ’ਚ ਓਰਲ (ਮੌਖਿਕ) ਅਤੇ ਪੋਸਟਰ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ। ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸ਼ਾਨਦਾਰ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰੋਤ ਪਰਸਨ ਵਜੋਂ ਪੁੱਜੇ ਡਾ. ਰਿਧੀ ਖੰਨਾ ਨੇ ਵਿਦਿਆਰਥੀਆਂ ਨੂੰ ਪੋਸ਼ਣ ਅਤੇ ਖੁਰਾਕ ਵਿਗਿਆਨ ਦੇ ਖੇਤਰ ’ਚ ਵੱਖ-ਵੱਖ ਕਰੀਅਰ ਮੌਕਿਆਂ, ਪੇਸ਼ੇਵਰ ਵਿਕਾਸ ਅਤੇ ਸੰਭਾਵਨਾਵਾਂ ਬਾਰੇ ਸੁਝਾਅ ਸਾਂਝੇ ਕੀਤੇ। ਡਾ. ਗੁਲਜੀਤ ਕੌਰ ਅਤੇ ਡਾ. ਰਵਨੀਤ ਸੰਧੂ ਨੇ ਸਮਾਜ ਲਈ ਵਿਸ਼ੇ ਦੀ ਸਾਰਥਿਕਤਾ ’ਤੇ ਜ਼ੋਰ ਦਿੱਤਾ। ਸਮਾਪਤੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਦਲਬੀਰ ਸਿੰਘ ਸੋਗੀ ਨੇ ਆਬਾਦੀ ਲਈ ਸਹੀ ਪੋਸ਼ਣ ਨੂੰ ਯਕੀਨੀ ਬਣਾਉਣ ਦੀਆਂ ਚੁਣੌਤੀਆਂ ’ਤੇ ਵਿਚਾਰ ਸਾਂਝੇ ਕਰਦਿਆਂ ਭੋਜਨ ਦੀ ਪਹੁੰਚ, ਗੁਣਵੱਤਾ ਤੇ ਸੰਤੁਲਿਤ ਖੁਰਾਕ ਦੀਆਂ ਆਦਤਾਂ ਪ੍ਰਤੀ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਵਰਗੀਆਂ ਮੁੱਖ ਰੁਕਾਵਟਾਂ ਨੂੰ ਉਜਾਗਰ ਕੀਤਾ। ਅੰਤ ’ਚ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਬੀਰ ਕੌਰ ਨੇ ਸਮੂਹ ਬੁਲਾਰਿਆਂ, ਮਹਿਮਾਨਾਂ, ਭਾਗੀਦਾਰਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।