Punjab News: ਸਰਕਾਰ ਨੇ ਸਰਹੱਦੀ ਖੇਤਰ ’ਚ ਉੱਚ ਪੱਧਰ ਦੀ ਸਿੱਖਿਆ ਦੇਣ ਦਾ ਬੀੜਾ ਚੁੱਕਿਆ: ਧਾਲੀਵਾਲ
ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਉੱਤੇ ਖਰਚੇ ਜਾ ਰਹੇ ਹਨ ਕਰੋੜਾਂ ਰੁਪਏ; ਸਕੂਲਾਂ ਵਿੱਚ ਸਵਾ ਦੋ ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਰਾਜਨ ਮਾਨ
ਰਮਦਾਸ, 9 ਅਪਰੈਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਭਾਰਤ ਦੇ ਆਖਰੀ ਪਿੰਡਾਂ ਬਲੜਵਾਲ ਅਤੇ ਸਾਰੰਗਦੇਵ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਆਈ ਸਵਾ ਦੋ ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਸਕੂਲਾਂ ਵਿਚ ਹੋਏ ਕੰਮ ਬੱਚਿਆਂ ਨੂੰ ਸਮਰਪਿਤ ਕਰਦਿਆਂ ਕਿਹਾ, ‘‘ਮੈਨੂੰ ਦਿਲੀ ਖੁਸ਼ੀ ਉਦੋਂ ਹੋਵੇਗੀ ਜਦੋਂ ਸਾਡੇ ਇਸ ਇਲਾਕੇ ਦੀਆਂ ਬੱਚੀਆਂ ਖੇਤੀਬਾੜੀ ਦੇ ਕੰਮਾਂ ਵਿੱਚੋਂ ਨਿਕਲ ਕੇ ਡਾਕਟਰ, ਇੰਜਨੀਅਰ ਅਤੇ ਪਾਇਲਟ ਵਰਗੇ ਉੱਚ ਅਹੁਦਿਆਂ ਉਤੇ ਪਹੁੰਚਣਗੀਆਂ।’’
ਉਨ੍ਹਾਂ ਕਿਹਾ ਕਿ ਕਿਰਤੀ ਸਿੱਖਾਂ ਦਾ ਇਹ ਇਲਾਕਾ ਪਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਪਰ ਇਸ ਨਾਲੋਂ ਪਛੜਿਆ ਸ਼ਬਦ ਲਾਹੁਣ ਲਈ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਬੀੜਾ ਚੁੱਕਿਆ ਹੈ, ਉਸ ਦੇ ਨਤੀਜੇ ਆਉਣ ਵਾਲੇ ਸਾਲਾਂ ਵਿੱਚ ਸਾਹਮਣੇ ਆ ਜਾਣਗੇ।
ਉਨ੍ਹਾਂ ਕਿਹਾ, ‘‘ਅੱਜ ਮੈਂ ਬਲੜਵਾਲ ਦੇ ਸਕੂਲਾਂ ਵਿੱਚ 1.33 ਕਰੋੜ ਰੁਪਏ ਅਤੇ ਸਾਰੰਗਦੇਵ ਸਕੂਲ ਵਿੱਚ ਲਗਭਗ 82 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਹੈ।’’ ਉਹਨਾਂ ਕਿਹਾ ਕਿ ਸਕੂਲਾਂ ਨੂੰ ਡੇਢ ਡੇਢ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਕੰਮ ਕੇਵਲ ਤੇ ਕੇਵਲ ਭਗਵੰਤ ਮਾਨ ਸਰਕਾਰ ਦੇ ਹਿੱਸੇ ਆਇਆ ਹੈ, ਜਿਨ੍ਹਾਂ ਨੇ ਸਮੇਂ ਦੀ ਆਵਾਜ਼ ਨੂੰ ਪਛਾਣਦੇ ਹੋਏ ਰਾਜ ਦੇ ਬੱਚਿਆਂ ਨੂੰ ਉੱਚ ਪਧਰੀ ਵਿਦਿਆ ਦੇਣ ਦਾ ਉਦਮ ਕੀਤਾ ਹੈ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ, ਓਐਸਡੀ ਗੁਰਜੰਟ ਸਿੰਘ ਸੋਹੀ ਵੀ ਹਾਜ਼ਰ ਸਨ।