ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਪਾਠਕ੍ਰਮ: ਹਕੀਕਤ ਅਤੇ ਹਾਲਾਤ

11:35 AM May 09, 2023 IST

ਡਾ. ਕੁਲਦੀਪ ਸਿੰਘ

Advertisement

ਕੌਮੀ ਸਿੱਖਿਆ ਨੀਤੀ-2020 ਵਿਚ ਸਪੱਸ਼ਟ ਦਰਜ ਕੀਤਾ ਗਿਆ ਸੀ ਕਿ ਅਸੀਂ ਸਿੱਖਿਆ ਦੀ ਜੋ ਦਿਸ਼ਾ ਨਿਰਧਾਰਤ ਕਰ ਰਹੇ ਹਾਂ, ਉਹ ਦੇਸ਼ ਦੇ ਸਿੱਖਿਆ ਤੰਤਰ ਵਿਚ ਪਾਠਕ੍ਰਮ ਤੋਂ ਲੈ ਕੇ ਸਕੂਲਾਂ ਦੇ ਕਾਰਵਿਹਾਰ ਵਿਚ ਪੂਰੀ ਤਬਦੀਲੀ ਕਰ ਦਿਆਂਗੇ। ਨਵਾਂ ਸਿੱਖਿਆ ਖੇਤਰ ਨਵੀਂ ਸਲੇਟ ਵਾਂਗ ਲਿਖਿਆ ਜਾਏਗਾ। ਇਸ ਕਰ ਕੇ ਸਿੱਖਿਆ ਨੀਤੀ-2020 ਵਿਚ ਕਿਸੇ ਪੁਰਾਣੀ ਸਿੱਖਿਆ ਨੀਤੀ ਤੋਂ ਲੈ ਕੇ ਕੌਮੀ ਪਾਠਕ੍ਰਮ ਫਰੇਮਵਰਕ ਦਾ ਕੋਈ ਵੀ ਮੁਲਾਂਕਣ ਤੇ ਪੁਨਰ ਮੁਲਾਂਕਣ ਤਾਂ ਕੀ ਕਰਨਾ ਸੀ, ਉਨ੍ਹਾਂ ਦਾ ਨਾਂ ਤੱਕ ਦਰਜ ਕਰਨਾ ਵੀ ਜਾਇਜ਼ ਨਹੀਂ ਸਮਝਿਆ। ਹੁਣ ਜਦੋਂ ਕੌਮੀ ਪਾਠਕ੍ਰਮ ਫਰੇਮਵਰਕ-2023 ਦਾ ਖਰੜਾ ਜਾਰੀ ਕੀਤਾ ਗਿਆ ਹੈ, ਉਹ ਇਹੀ ਹਕੀਕਤ ਪੇਸ਼ ਕਰਦਾ ਹੈ ਕਿ ਪਾਠਕ੍ਰਮ ਕਿਸ ਤਰ੍ਹਾਂ ਮੌਜੂਦਾ ਦੌਰ ਦੀ ਸੱਤਾ ਅਤੇ ਸੋਚ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਵਰ੍ਹਾ 2000 ਵਿਚ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਉਸ ਸਮੇਂ ਦੇ ਮਨੁੱਖੀ ਵਸੀਲੇ ਵਿਕਾਸ ਮੰਤਰੀ ਮੁਰਲੀ ਮਨੋਹਰ ਜੋਸ਼ੀ ਦੇ ਆਦੇਸ਼ਾਂ ਮੁਤਾਬਕ ਐਨਸੀਈਆਰਟੀ ਦੇ ਡਾਇਰੈਕਟਰ ਜੇਐਸ ਰਾਜਪੂਤ ਰਾਹੀਂ ਸਿੱਖਿਆ ਖੇਤਰ ਦੇ ਪਾਠਕ੍ਰਮ ਵਿਚ ਭਗਵਾਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਵੱਡੇ ਪੱਧਰ ‘ਤੇ ਦੇਸ਼ ਵਿਚ ਵਾਦ-ਵਿਵਾਦ ਪੈਦਾ ਹੋ ਗਿਆ ਜਿਸ ਕਰ ਕੇ ਉਹ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ।

ਹੁਣ ਕੌਮੀ ਪਾਠਕ੍ਰਮ ਫਰੇਮਵਰਕ-2023 ਜੋ 628 ਪੰਨਿਆਂ ਦਾ ਹੈ, ਵਿਚ ਪੁਰਾਣੇ ਪਾਠਕ੍ਰਮ ਫਰੇਮਵਰਕਾਂ ਦਾ ਜ਼ਿਕਰ ਨਹੀਂ; ਇਸ ਵਿਚ ਤਾਂ ਪਾਠਕ੍ਰਮ ਰਾਹੀਂ ਸਿਲੇਬਸ ਬਣਾਉਣ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਕਰਨੀ ਹੈ, ਉਸ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਇਹ ਵਿਚ ਇਹ ਵੀ ਜਿ਼ਕਰ ਨਹੀਂ ਕਿ ਵੱਖ ਵੱਖ ਵਿਸ਼ਿਆਂ ਦਾ ਸਿਲੇਬਸ, ਸਕੂਲਾਂ ਵਿਚ ਜਮਾਤਾਂ ਦੀ ਸਮਾਂ ਸਾਰਨੀ ਕੀ ਹੋਵੇਗੀ ਤੇ ਕਿਸ ਤਰ੍ਹਾਂ ਸਕੂਲਾਂ ਦਾ ਸਿਲੇਬਸ, ਇਮਤਿਹਾਨ ਅਤੇ ਮੁਲਾਂਕਣ ਕੀਤੇ ਜਾਣਗੇ। ਹਾਂ, ਵੱਖ ਵੱਖ ਪੰਨਿਆਂ ‘ਤੇ ਸਿੱਖਿਆ ਦੇ ਪਾਠਕ੍ਰਮ ਦੇ ਭਗਵਾਕਰਨ ਲਈ ਪੁਰਾਤਨ ਹਿੰਦੂ ਕਥਾਵਾਂ ਅਤੇ ਵੇਰਵਿਆਂ ਦਾ ਵਾਰ ਵਾਰ ਜ਼ਿਕਰ ਜ਼ਰੂਰ ਹੈ। ਸੰਬੰਧਿਤ ਵਿਦਵਾਨਾਂ ਨੇ ਇਹ ਕਾਰਜ ਕਿਵੇਂ ਸਿਰੇ ਚਾੜ੍ਹਿਆ; ਉਨ੍ਹਾਂ ਦੇ ਅਹੁਦਿਆਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਕੋਈ ਜ਼ਿਕਰ ਨਹੀਂ; ਸਿਰਫ਼ ਨਾ ਸੀਮਤ ਕਰ ਕੇ ਪਾਏ ਗਏ ਹਨ।

Advertisement

ਕੌਮੀ ਪਾਠਕ੍ਰਮ ਫਰੇਮਵਰਕ ਦੀ ਦਿਸ਼ਾ, ਅਕਸਰ ਹੀ ਸਿੱਖਿਆ ਨੀਤੀਆਂ ਦੇ ਦਰਸਾਏ ਆਦੇਸ਼ਾਂ ਅਨੁਸਾਰ ਹੁੰਦੀ ਹੈ। ਕੋਠਾਰੀ ਕਮਿਸ਼ਨ (1964-66) ਨੇ ਦੇਸ਼ ਭਰ ਵਿਚ ਪਾਠਕ੍ਰਮ ਤਬਦੀਲ ਕਰਨ ਅਤੇ ਉਸਾਰਨ ਸੰਬੰਧੀ ਲਿਖਿਆ ਸੀ ਕਿ ਦੇਸ਼ ਦੀ ਵੰਨ-ਸਵੰਨਤਾ, ਖੁੱਲ੍ਹੇ ਸਮਾਜ ਦੀ ਉਸਾਰੀ ਜਿਸ ਵਿਚ ਧਰਮ ਨਿਰਪੱਖਤਾ, ਜਮਹੂਰੀਅਤ ਤੇ ਸਮਾਜ ਦੇ ਮੇਲ ਮਿਲਾਪ ਨੂੰ ਆਂਚ ਨਾ ਆਵੇ, ਧਿਆਨ ਵਿਚ ਰੱਖ ਕੇ ਪਾਠਕ੍ਰਮ ਬਣਾਇਆ ਜਾਵੇ। ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚਲੇ ਉਪ ਸਭਿਆਚਾਰਾਂ ਨੂੰ ਵਿਕਸਿਤ ਕਰਨ ਅਤੇ ਸਮਝਣ ਲਈ ਵਿਦਵਾਨਾਂ ਦਾ ਸਹਿਯੋਗ ਲਿਆ ਜਾਵੇ। ਨਸਲ, ਜਾਤ, ਧਰਮ, ਭਾਸ਼ਾ ਜਾਂ ਖਿੱਤੇ ਨਾਲ ਵਿਤਕਰਾ, ਗੈਰ-ਤਰਕਸੰਗਤਤਾ, ਗੈਰ-ਕੁਦਰਤੀ ਅਤੇ ਨੁਕਸਾਨਦੇਹ ਪਹਿਲੂ ਸਿੱਖਿਆ ਵਿਚ ਦਖ਼ਲ ਨਾ ਹੋ ਜਾਣ, ਇਸ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਕਿਉਂਕਿ ਅਸੀਂ ਆਧੁਨਿਕ ਭਾਰਤ ਦੀ ਉਸਾਰੀ ਕਰਨੀ ਹੈ ਜਿਸ ਵਿਚ ਸਮਾਜਿਕ ਵਿਗਿਆਨਾਂ ਦੇ ਵਿਸ਼ਿਆਂ ਰਾਹੀਂ ਭਾਰਤ ਦੇ ਅਮੀਰ ਵਿਰਸੇ ਨੂੰ ਮਾਨਤਾ ਦੇ ਕੇ ਸਮਾਜਿਕ ਤਬਦੀਲੀ ਲਈ ਸਿੱਖਿਆ ਪ੍ਰਬੰਧ ਵਿਚ ਦਰਜ ਕਰਨਾ ਹੈ।

ਇਸ ਤੋਂ ਬਾਅਦ ਕੌਮੀ ਪਾਠਕ੍ਰਮ ਫਰੇਮਵਰਕ-1975 ਜੋ ਕੋਠਾਰੀ ਕਮਿਸ਼ਨ ਅਤੇ ਯੂਨੈਸਕੋ ਦੀ ਰਿਪੋਰਟ ‘ਲਰਨਿੰਗ-ਟੂ-ਬੀ’ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਜਿਸ ਵਿਚ ਸਪੱਸ਼ਟ ਦਰਜ ਕੀਤਾ ਕਿ ਰਾਜ ਸਮੇਤ ਕੇਂਦਰ ਵਿਚ ਜੋ ਸਿੱਖਿਆ ਪ੍ਰਬੰਧ ਹੈ, ਉਸ ਨੂੰ ਧਿਆਨ ਵਿਚ ਰੱਖ ਕੇ ਪਾਠਕ੍ਰਮ ਨਵਿਆਉਣ ਦੇ ਪ੍ਰਬੰਧ ਬਣਾਇਆ ਜਾਵੇ। ਇਸੇ ਤਰ੍ਹਾਂ ਕੰਮ ਅਤੇ ਜੀਵਨ ਦੇ ਸੁਮੇਲ ਦਾ ਖਿਆਲ ਰੱਖਿਆ ਜਾਵੇ। ਹਰ ਇੱਕ ਲਈ ਬਰਾਬਰ ਦੀ ਸਿੱਖਿਆ ਹੋਵੇ, ਉਪਰਲੇ ਵਰਗ ਅਤੇ ਆਮ ਲੋਕਾਂ ਦੀ ਸਿੱਖਿਆ ਵਿਚ ਪਾੜਾ ਨਾ ਬਣਾਇਆ ਜਾਵੇ। ਇਹ ਪਹਿਲੂ ਪਾਠਕ੍ਰਮ ਅਤੇ ਪੁਸਤਕਾਂ ਵਿਚ ਵੀ ਦਿਖਾਈ ਦੇਣਾ ਚਾਹੀਦਾ ਹੈ। ਇਸ ਕੌਮੀ ਪਾਠਕ੍ਰਮ ਫਰੇਮਵਰਕ-1975 ਨੂੰ ਬਣਾਉਣ ਵਿਚ ਦੇਸ਼ ਦੇ ਪ੍ਰਮੁੱਖ ਵਿਦਵਾਨ ਪ੍ਰੋ. ਜੇਪੀ ਨਾਇਕ ਜਿਨ੍ਹਾਂ ਨੇ 20ਵੀਂ ਸਦੀ ਦੀ ਸਿੱਖਿਆ ਉਪਰ ਮੁੱਲਵਾਨ ਕਾਰਜ ਕੀਤਾ ਹੈ, ਨਾਮਵਰ ਇਤਿਹਾਸਕਾਰ ਪ੍ਰੋ. ਰੋਮਲਾ ਥਾਪਰ, ਸਾਹਿਤ ਖੇਤਰ ਦੀ ਅਹਿਮ ਸ਼ਖ਼ਸੀਅਤ ਪ੍ਰੋ. ਨਾਮਵਰ ਸਿੰਘ ਆਦਿ ਤੋਂ ਇਲਾਵਾ 40 ਹੋਰ ਵਿਦਵਾਨ ਸ਼ਾਮਿਲ ਸਨ। ਇਹ ਰਿਪੋਰਟ ਸਿਰਫ਼ 59 ਪੰਨਿਆਂ ਦੀ ਹੈ। ਇਸ ਤੋਂ ਅਗਾਂਹ ਕੌਮੀ ਸਿੱਖਿਆ ਨੀਤੀ-1986 ਆਈ। ਉਸ ਤੋਂ ਬਾਅਦ ਕੌਮੀ ਪਾਠਕ੍ਰਮ ਫਰੇਮਵਰਕ-1998 (ਸਿਰਫ਼ 65 ਪੰਨੇ) ਦਾ ਸੀ ਜਿਸ ਵਿਚ ਦੇਸ਼ ਭਰ ਦੇ 200 ਤੋਂ ਵੱਧ ਵਿਦਵਾਨ ਸ਼ਾਮਲ ਸਨ। ਇਹ ਪ੍ਰਕਿਰਿਆ ਅਤੇ ਪਾਠਕ੍ਰਮ ਜੋ ਦਿਸ਼ਾ ਸਿੱਖਿਆ ਨੀਤੀਆਂ ਰਾਹੀਂ ਤੈਅ ਹੁੰਦੀਆਂ ਸਨ, ਸਿਲੇਬਸਾਂ ਅਤੇ ਪੁਸਤਕਾਂ ਦੀ ਸਿਰਜਣਾ ਲਈ ਵੱਖ ਵੱਖ ਖੇਤਰਾਂ ਦੇ ਵਿਦਵਾਨ ਕਾਰਜ ਕਰਦੇ ਸਨ ਪਰ ਸਾਲ 2000 ਵਿਚ ਮੁੜ ਸਿੱਖਿਆ ਦੇ ਭਗਵਾਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕੌਮੀ ਪਾਠਕ੍ਰਮ ਫਰੇਮਵਰਕ-2000 (ਪੰਨੇ 142) ਪ੍ਰੋ. ਜੇਐਸ ਰਾਜਪੂਤ ਦੀ ਅਗਵਾਈ ਵਿਚ ਇਤਿਹਾਸ ਨੂੰ ਤਬਦੀਲ ਕਰਨ ਅਤੇ ਸਿਲੇਬਸਾਂ ਵਿਚ ਤਬਦੀਲੀਆਂ ਲਈ ਕਾਰਜ ਸ਼ੁਰੂ ਹੁੰਦਾ ਹੈ। ਉਸ ਸਮੇਂ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿਦਵਾਨ ਲਗਾਤਾਰ ਵਿਰੋਧ ਕਰਦੇ ਹਨ। ਫਿਰ 2005 ਵਿਚ ਕੌਮੀ ਪਾਠਕ੍ਰਮ ਫਰੇਮਵਰਕ ਪ੍ਰਸਿੱਧ ਵਿਗਿਆਨੀ ਪ੍ਰੋ. ਯਸ਼ਪਾਲ ਦੀ ਚੇਅਰਪਰਸਨਸ਼ਿਪ ਅਤੇ ਪ੍ਰੋ. ਕ੍ਰਿਸ਼ਨ ਕੁਮਾਰ ਡਾਇਰੈਕਟਰ, ਐਨਸੀਈਆਰਟੀ ਦੇ ਨਾਲ 35 ਹੋਰ ਵਿਦਵਾਨਾਂ ਵਲੋਂ ਪਾਠਕ੍ਰਮ ਨੂੰ ਸਹੀ ਦਿਸ਼ਾ ਅਤੇ ਲਾਈਨ ਉਪਰ ਲਿਆਉਣ ਲਈ ਦੇਸ਼ ਭਰ ਦੇ ਵੱਖ ਵੱਖ ਖੇਤਰਾਂ ਦੇ ਵਿਦਵਾਨ ਲੈ ਕੇ 21 ਵੱਖ ਵੱਖ ਵਿਸ਼ਿਆਂ ਅਤੇ ਸਿੱਖਿਆ ਨਾਲ ਸੰਬੰਧਿਤ ਵਰਕਿੰਗ ਗਰੁੱਪ ਬਣਾਏ ਜਾਂਦੇ ਹਨ। ਇਨ੍ਹਾਂ ਵਿਚ ਕੁਝ ਮੁੱਖ ਗਰੁੱਪਾਂ ਦੇ ਚੇਅਰਪਰਸਨ ਪ੍ਰੋ. ਰਾਮਾਚੰਦਰਨ ਗੁਹਾ, ਪ੍ਰੋ. ਗੋਪਾਲ ਗੁਰੂ, ਪ੍ਰੋ. ਅਨਿਲ ਸਾਦਗੋਪਾਲ ਸਨ। ਇਸ ਵਿਚ ਇਹ ਤੱਥ ਸਾਹਮਣੇ ਰੱਖਿਆ ਗਿਆ ਕਿ ਪਾਠਕ੍ਰਮਾਂ ਵਿਚ ਤਬਦੀਲੀ ਲਈ ਵੱਖ ਵੱਖ ਰਾਜਾਂ ਦੇ ਸਕੂਲ ਬੋਰਡ ਸ਼ਾਮਲ ਹੋਣਗੇ, ਕਿਤਾਬਾਂ ਦੀ ਤਿਆਰੀ ਅਤੇ ਉਨ੍ਹਾਂ ਵਿਚਲੇ ਵਿਸ਼ਾ ਵਸਤੂ ਨੂੰ ਦੇਸ਼ ਦੇ ਮਾਹਿਰਾਂ ਤੋਂ ਤਿਆਰ ਕਰਵਾਇਆ ਜਾਏਗਾ, ਪਾਠਕ੍ਰਮ ਪੁਸਤਕਾਂ ਵਿਚ ਵਿਦਿਆਰਥੀਆਂ ਅਤੇ ਸਮਾਜਿਕ-ਆਰਥਿਕ ਸੰਰਚਨਾ ਦਾ ਖਿਆਲ ਰੱਖਿਆ ਜਾਏਗਾ। ਇਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਦੀਆਂ ਅਧਿਆਪਕ ਯੂਨੀਅਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਸ ਵਿਚ ਸ਼ਾਮਲ ਕੀਤਾ ਜਾਏਗਾ। ਇਉਂ ਰਾਸ਼ਟਰੀ ਪਾਠਕ੍ਰਮ ਫਰੇਮਵਰਕ-2005 (ਸਿਰਫ਼ 159 ਪੰਨੇ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਪੁਸਤਕਾਂ ਬਣਾਈਆਂ ਗਈਆਂ, ਉਨ੍ਹਾਂ ਵਿਚ ਦੇਸ਼ ਦੇ ਹਰ ਹਿੱਸੇ ਦੀ ਭਾਸ਼ਾ, ਸਭਿਅਤਾ, ਇਤਿਹਾਸ ਅਤੇ ਵਿਗਿਆਨਕ ਵਿਕਾਸ ਨੂੰ ਧਿਆਨ ਵਿਚ ਰੱਖਿਆ ਗਿਆ। ਪ੍ਰੋ. ਕ੍ਰਿਸ਼ਨ ਕੁਮਾਰ ਜੋ ਕੌਮੀ ਪਾਠਕ੍ਰਮ ਫਰੇਮਵਰਕ-2005 ਦੇ ਡਾਇਰੈਕਟਰ ਸਨ, ਦਾ ਮੌਜੂਦਾ ਕੌਮੀ ਪਾਠਕ੍ਰਮ ਫਰੇਮਵਰਕ-2023 ਬਾਰੇ ਕਹਿਣਾ ਹੈ- “ਅਸੀਂ ਬੜੀ ਤਨਦੇਹੀ ਨਾਲ ਦੇਸ਼ ਦੇ ਪਾਠਕ੍ਰਮ ਨੂੰ ਸਹੀ ਲੀਹਾਂ ਵਿਚ ਲਿਆਉਣ ਲਈ ਕਾਮਯਾਬ ਹੋਏ ਸੀ ਪਰ ਹੁਣ ਮੁੜ ਸਿੱਖਿਆ ਦੇ ਖੇਤਰ ਵਿਚ ਇਕ ਕਿਸਮ ਨਾਲ ਕਾਲੇ ਦੌਰ ਵਿਚ ਸ਼ਾਮਲ ਹੋ ਰਹੇ ਹਾਂ। ਮੈਂ ਇਸ ਪ੍ਰਕਿਰਿਆ ਨੂੰ ਦੇਸ਼ ਦੇ ਫੈਡਰਲ ਢਾਂਚੇ ਅਤੇ ਵੱਖ ਵੱਖ ਰਾਜਾਂ ਦੇ ਸਿੱਖਿਆ ਤਾਣੇ-ਬਾਣੇ ਵਿਚ ਸਿੱਧੀ ਦਖ਼ਲਅੰਦਾਜ਼ੀ ਮੰਨਦਾ ਹਾਂ।”

ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਜੋ ਸਿੱਖਿਆ ਨੀਤੀ-2020 ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਕੌਮੀ ਪਾਠਕ੍ਰਮ ਫਰੇਮਵਰਕ-2023 ਰਾਹੀਂ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਚੁੱਕੀ ਹੈ, ਉਸ ਦੇ ਅੰਦਰੂਨੀ ਤੱਤਾਂ ਨੂੰ ਸਮਝੀਏ ਕਿ ਕਿਸ ਤਰ੍ਹਾਂ ਸਿੱਧੇ ਰੂਪ ਵਿਚ ਸਕੂਲਾਂ ਦੇ ਪੱਧਰ ‘ਤੇ ਪਹਿਲਾਂ ਲਗਭਗ 20000 ਤੋਂ ਵੱਧ ਸੀਬੀਐਸਸੀ ਸਕੂਲਾਂ ਵਿਚ ਸਿਲੇਬਸਾਂ ਵਿਚ ਕਟੌਤੀ ਕਰ ਕੇ ਨਵੀਆਂ ਪੁਸਤਕਾਂ ਇਹ ਕਹਿ ਕੇ ਲਾਗੂ ਕੀਤੀਆਂ ਜਾ ਰਹੀਆਂ ਹਨ ਕਿ ਸਿਲੇਬਸਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾ ਰਹੀ ਹੈ। ਹਕੀਕਤ ਵਿਚ ਘੱਟ ਗਿਣਤੀਆਂ ਬਾਰੇ ਅਤੇ ਪਹਿਲਾਂ ਦਾ ਇਤਿਹਾਸ ਹੈ, ਉਸ ਨੂੰ ਪਾਠ ਪੁਸਤਕਾਂ ਵਿਚੋਂ ਖਤਮ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਸਮੁੱਚੇ ਦੇਸ਼ ਦੇ ਸਕੂਲੀ ਪ੍ਰਬੰਧ ਦੀਆਂ ਪਾਠ ਪੁਸਤਕਾਂ ਅਤੇ ਸਿਲੇਬਸਾਂ ਨੂੰ ਕੌਮੀ ਪਾਠਕ੍ਰਮ ਫਰੇਮਵਰਕ-2023 ਅਨੁਸਾਰ ਤਬਦੀਲ ਕਰ ਕੇ ਸਮੁੱਚੇ ਸਕੂਲੀ ਸਿੱਖਿਆ ਤਾਣੇ-ਬਾਣੇ ਦਾ ਭਗਵਾਂਕਰਨ ਕਰ ਦਿੱਤਾ ਜਾਵੇਗਾ। ਇਸ ਨਾਲ ਵੱਖ ਵੱਖ ਸਭਿਆਚਾਰਾਂ, ਖਿੱਤਿਆਂ, ਰਾਜਾਂ ਦੇ ਗਿਆਨ ਤੇ ਵਿਗਿਆਨ ਦੇ ਵਿਕਾਸ ਅਤੇ ਪਰੰਪਰਾਵਾਂ ਨੂੰ ਦੇਸ਼ ਭਰ ਦੇ ਨਵੇਂ ਵਿਦਿਆਰਥੀਆਂ ਦੀ ਸੋਚਣ ਪ੍ਰਕਿਰਿਆ ਵਿਚੋਂ ਕੱਢ ਦਿੱਤਾ ਜਾਵੇਗਾ।

ਇਸ ਕਰ ਕੇ ਜਿਥੇ ਕੇਰਲ ਸਰਕਾਰ ਨੇ ਡਟ ਕੇ ਇਸ ਦਾ ਵਿਰੋਧ ਹੀ ਨਹੀਂ ਕੀਤਾ ਬਲਕਿ ਆਪਣੇ ਰਾਜ ਅਧੀਨ ਆਉਂਦੇ ਐਸਸੀਈਆਰਟੀ ਨੂੰ ਤਾਕਤਵਰ ਕਰਨ ਅਤੇ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਦੇ ਸਮੁੱਚੇ ਸਕੂਲਾਂ ਵਿਚਲੇ ਪਾਠਕ੍ਰਮ ਜੋ ਕੌਮੀ ਪਾਠਕ੍ਰਮ ਫਰੇਮਵਰਕ-2005 ਰਾਹੀਂ ਬਣੇ ਹੋਏ ਹਨ, ਉਨ੍ਹਾਂ ਨੂੰ ਹੀ ਜਾਰੀ ਰੱਖਣ ਲਈ ਦਿਸ਼ਾ-ਨਿਰਦੇਸ਼ ਸਿੱਖਿਆ ਵਿਭਾਗ ਨੂੰ ਦੇਵੇ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹੋਰ ਤਾਕਤਵਰ ਕਰ ਕੇ ਸਮੁੱਚੇ ਸਕੂਲਾਂ ਨੂੰ ਇਸ ਬੋਰਡ ਅਧੀਨ ਲਿਆਂਦਾ ਜਾਵੇ ਤਾਂ ਕਿ ਪੰਜਾਬ ਦੇ ਸਿੱਖਿਆ ਤੰਤਰ ਅੰਦਰ ਕੇਂਦਰ ਦੀ ਦਖ਼ਲਅੰਦਾਜ਼ੀ ਅਤੇ ਪਾਠਕ੍ਰਮ ਦੇ ਭਗਵਾਕਰਨ ਨੂੰ ਰੋਕਿਆ ਜਾ ਸਕੇ। ਇਸ ਕਾਰਜ ਦੀ ਪੂਰਤੀ ਲਈ ਵੱਖ ਵੱਖ ਖੇਤਰਾਂ ਦੇ ਵਿਦਿਅਕ ਮਾਹਿਰਾਂ ਅਤੇ ਵਿਦਿਆ ਨਾਲ ਜੁੜੀਆਂ ਜਥੇਬੰਦੀਆਂ ਨੂੰ ਪਹਿਲਕਦਮੀ ਕਰ ਕੇ ਕੌਮੀ ਸਿੱਖਿਆ ਨੀਤੀ-2020 ਤਹਿਤ ਜਾਰੀ ਹੋਏ ਕੌਮੀ ਪਾਠਕ੍ਰਮ ਫਰੇਮਵਰਕ ਸਕੂਲ ਐਜੂਕੇਸ਼ਨ-2023 ਦੇ ਖਰੜੇ ਅਤੇ ਦਿਸ਼ਾ-ਨਿਰਦੇਸ਼ ਰੱਦ ਕਰਵਾਉਣ ਲਈ ਇਕਜੁਟ ਹੋ ਕੇ ਰਾਜ ਪੱਧਰ ਦੀ ਵਿਚਾਰ ਚਰਚਾ ਅਤੇ ਮਾਹੌਲ ਵਿਕਸਿਤ ਕਰਨ ਲਈ ਕਾਰਜ ਕਰਨਾ ਚਾਹੀਦਾ ਹੈ।
ਸੰਪਰਕ: 98151-15429

Advertisement