ਕੈਨੇਡਾ ਚੋਣਾਂ: ਖੁੱਲ੍ਹੀ ਬਹਿਸ ਦੌਰਾਨ ਵਿਰੋਧੀਆਂ ਵੱਲੋਂ ਕਾਰਨੀ ਨੂੰ ਘੇਰਨ ਦੀ ਕੋਸ਼ਿਸ਼
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 20 ਅਪਰੈਲ
ਕੈਨੇਡਾ ਦੀਆਂ 28 ਅਪਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਅਗਾਊਂ ਵੋਟਾਂ ਦੇ ਤੀਜੇ ਦਿਨ ਵੀ ਵੋਟ ਕੇਂਦਰ ਦੂਰ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਭਲਕੇ ਅਗਾਊਂ ਵੋਟ ਕੇਂਦਰ ਬੰਦ ਹੋ ਜਾਣਗੇ ਤੇ ਬਾਕੀ ਵੋਟਰ 28 ਅਪਰੈਲ ਨੂੰ ਆਪਣੇ ਘਰਾਂ ਨੇੜਲੇ ਵੋਟ ਕੇਂਦਰਾਂ ’ਤੇ ਵੋਟ ਪਾ ਸਕਣਗੇ। ਰਾਤ 9 ਵਜੇ ਤੱਕ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਅਗਲੀ ਸਵੇਰ 29 ਅਪਰੈਲ ਨੂੰ ਵੱਡੀ ਗਿਣਤੀ ਨਤੀਜੇ ਆਉਣ ਨਾਲ ਅਗਲੀ ਸਰਕਾਰ ਬਾਰੇ ਤਸਵੀਰ ਸਾਫ ਹੋ ਜਾਵੇਗੀ।
ਲੰਘੇ ਦਿਨੀਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀ ਫਰੈਂਚ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੋਈਆਂ ਜਨਤਕ ਬਹਿਸਾਂ ਦੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਲਿਬਰਲ ਆਗੂ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੰਜੀਦਗੀ ਅਤੇ ਬਾਦਲੀਲ ਜਵਾਬਾਂ ਮੂਹਰੇ ਵਿਰੋਧੀ ਆਗੂਆਂ ਦੇ ਤਿੱਖੇ ਸਵਾਲ ਵੀ ਲੋਕ ਮਨਾਂ ਉੱਤੇ ਬਹੁਤਾ ਪ੍ਰਭਾਵ ਨਹੀਂ ਪਾ ਸਕੇ। ਫਰੈਂਚ ਭਾਸ਼ਾ ਵਾਲੀ ਜਨਤਕ ਬਹਿਸ ਮੌਕੇ ਲਿਬਰਲ ਆਗੂ ਨੇ ਆਪਣੇ ਪੱਤੇ ਖੋਲ੍ਹਣ ਤੋਂ ਸੰਕੋਚ ਕੀਤਾ ਕਿਉਂਕਿ ਆਮ ਕਰਕੇ ਇਹ ਬਹਿਸ ਕਿਊਬੈਕ ਸੂਬੇ ਤੱਕ ਸੀਮਤ ਰਹਿੰਦੀ ਹੈ। ਇਥੋਂ ਦੀਆਂ 78 ਸੰਸਦੀ ਸੀਟਾਂ ’ਚੋਂ ਉਥੋਂ ਦੀ ਵੱਖਵਾਦੀ ਸਮਰਥਕ ਮੰਨੀ ਜਾਂਦੀ ਬਲਾਕ ਕਿਊਬਕ ਪਾਰਟੀ ਤਿਹਾਈ ਤੋਂ ਵੱਧ ਸੀਟਾਂ ਜਿੱਤਦੀ ਰਹੀ ਹੈ। ਪਿਛਲੀ ਵਾਰ ਇਹ ਪਾਰਟੀ 33 ਸੀਟਾਂ ਜਿੱਤ ਕੇ ਲਿਬਰਲ ਪਾਰਟੀ ਦੇ ਬਰਾਬਰ ਰਹੀ ਸੀ। ਕੰਜ਼ਰਵੇਟਿਵ ਨੂੰ ਉਥੋਂ ਸਿਰਫ 9 ਸੀਟਾਂ ਮਿਲੀਆਂ ਸਨ। ਬਹੁਤੇ ਕੈਨੇਡਿਆਈ ਵੋਟਰਾਂ ਦੀ ਅੱਖ ਅੰਗਰੇਜ਼ੀ ਬਹਿਸ ’ਤੇ ਕੇਂਦਰਿਤ ਸੀ, ਜਿਸ ਵਿੱਚ ਕਾਰਨੀ ਨੇ ਪੀਅਰ ਪੋਲੀਵਰ ਅਤੇ ਜਗਮੀਤ ਸਿੰਘ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੱਤਾ। ਕਾਰਨੀ ਨੇ ਟਰੰਪ ਟੈਰਿਫ ਸੰਕਟ ਨਾਲ ਸਿੱਝਣ ਅਤੇ ਦੇਸ਼ ਦੇ ਅਰਥਚਾਰੇ ਨੂੰ ਕਿਸੇ ਵੀ ਤਰ੍ਹਾਂ ਦੇ ਖੋਰੇ ਤੋਂ ਬਚਾਅ ਸਕਣ ਬਾਰੇ ਆਪਣੀਆਂ ਠੋਸ ਨੀਤੀਆਂ ਦੇ ਖੁਲਾਸੇ ਕਰਕੇ ਦੋਹਾਂ ਮੁੱਖ ਵਿਰੋਧੀ ਆਗੂਆਂ ਦੇ ਖਦਸ਼ਿਆਂ ਨੂੰ ਨਿਰਾਧਾਰ ਬਣਾਉਣ ਦੇ ਯਤਨ ਕੀਤੇ। ਇਸ ਨਾਲ ਲਿਬਰਲ ਸਮਰਥਕਾਂ ਦੇ ਹੌਸਲੇ ਬੁਲੰਦ ਹੋਏ। ਕੈਨੇਡਾ ਵਿੱਚ ਵੋਟ ਪਾ ਕੇ ਆਏ ਵੋਟਰ ਨੂੰ ਉਸ ਦੀ ਪਸੰਦ ਪੁੱਛਣਾ ਚੰਗਾ ਨਹੀਂ ਸਮਝਿਆ ਜਾਂਦਾ, ਪਰ ਅਗਾਊਂ ਵੋਟ ਕੇਂਦਰਾਂ ’ਚੋਂ ਬਾਹਰ ਆਉਂਦੇ ਕੁਝ ਵੋਟਰਾਂ ਦੇ ਚਿਹਰਿਆਂ ਦੇ ਹਾਵ-ਭਾਵ ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਵਾਲੇ ਬਦਲਾਅ ਤੱਕ ਸੀਮਤ ਰਹਿੰਦੇ ਮਹਿਸੂਸ ਹੋ ਰਹੇ ਸਨ।
ਆਗੂਆਂ ਦੀ ਬਹਿਸ ਦੌਰਾਨ ਟੋਰੀ ਆਗੂ ਨੇ ਆਪਣੇ ਸੁਭਾਅ ਮੁਤਾਬਕ ਲੰਘੇ 10 ਸਾਲਾਂ ਦੌਰਾਨ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਲਿਬਰਲ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਤੇ ਮਾਰਕ ਕਾਰਨੀ ਨੂੰ ਜਸਟਿਨ ਟਰੂਡੋ ਦਾ ਦੂਜਾ ਰੂਪ ਕਹਿਣ ’ਤੇ ਜ਼ੋਰ ਲਾਇਆ। ਜਗਮੀਤ ਸਿੰਘ ਨੇ ਆਪਣੀ ਪਾਰਟੀ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਅਤੇ ਦੂਜੀਆਂ ਦੋਹਾਂ ਪਾਰਟੀਆਂ ਨੂੰ ਪੂੰਜੀਪਤੀਆਂ ਦੇ ਸਮਰਥਕ ਗਰਦਾਨਿਆ।