ਕਿਸਾਨ ਮੇਲਾ: ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਖੇਤੀ ਤਕਨੀਕਾਂ ਅਪਣਾਉਣ ਦਾ ਸੱਦਾ
ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 25 ਮਾਰਚ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਵਿੱਚ ਲਗਾਏ ਗਏ ਕਿਸਾਨ ਮੇਲੇ ’ਚ ਗਿਣਤੀ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਘੇ ਅਰਥਸ਼ਾਸਤਰੀ ਅਤੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਪੰਜਾਬ ਦੇ ਚੇਅਰੇਨ ਡਾ. ਸੁਖਪਾਲ ਸਿੰਘ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਜਿੱਥੋਂ ਦੀ ਜ਼ਰਖੇਜ਼ ਅਤੇ ਪੱਧਰੀ ਧਰਤੀ, ਅਨੁਕੂਲ ਪੌਣ-ਪਾਣੀ, ਮਿਹਨਤਕਸ਼ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਸਾਡਾ ਦੇਸ਼ ਅੰਨ ਭੰਡਾਰ ਪੱਖੋਂ ਸਵੈ-ਨਿਰਭਰ ਹੋ ਸਕਿਆ ਹੈ। ਡਾ. ਸੁਖਪਾਲ ਨੇ ਕਿਹਾ ਕਿ ਮੌਜੂਦਾ ਸਮੇਂ ਉਦਯੋਗ ਅਤੇ ਸੇਵਾਵਾਂ ਵਿੱਚ ਖੜੋਤ ਦਾ ਸੰਕਟ ਭਾਵੇਂ ਪੂਰੇ ਵਿਸ਼ਵ ਭਰ ਵਿੱਚ ਮੰਡਰਾ ਰਿਹਾ ਹੈ ਪਰ ਖੇਤੀ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਅੱਜ ਵੱਡੇ ਕਾਰਪੋਰੇਟ ਘਰਾਣੇ ਖੇਤੀ ਵਾਲੀ ਜ਼ਮੀਨ ਨੂੰ ਆਪਣੇ ਅਧੀਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 12581 ਪਿੰਡਾਂ ਵਿਚ ਸਿਰਫ਼ 3523 ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਖੇਤੀ ਆਮਦਨ ਨੂੰ ਵਧਾਉਣ ਲਈ ਸਵੈ-ਮੰਡੀਕਰਨ ’ਤੇ ਜ਼ੋਰ ਦਿਤਾ ਤੇ ਖੇਤੀ ਲਾਗਤਾਂ ਨੂੰ ਘਟਾਉਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਅਤੇ ਖੇਤੀ ਵੰਨ-ਸੁਵੰਨਤਾ ਨੂੰ ਅਪਣਾਉਣ ’ਤੇ ਵੀ ਜੋਰ ਦਿੱਤਾ।
ਪ੍ਰਧਾਨਗੀ ਭਾਸ਼ਣ ’ਚ ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਜਾਂਦੀਆਂ ਨਵੀਂਆਂ ਖੇਤੀ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਵਿਗਿਆਨਕ ਲੀਹਾਂ ’ਤੇ ਖੇਤੀ ਅਤੇ ਫ਼ਸਲਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸ਼ਤ ਕਰਕੇ ਹੀ ਅਸੀਂ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਦੇ ਹਾਂ। ਉਨ੍ਹਾਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨ, ਨੈਨੋ ਯੂਰੀਆ ਅਤੇ ਡੀ-ਕੰਪੋਜ਼ਰ ਦੀ ਵਰਤੋਂ ਨਾ ਕਰਨ, ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਪਰਾਲੀ ਨਾ ਸਾੜਨ ਲਈ ਵੀ ਪ੍ਰ੍ਰੇਰਿਆ।
ਇਸ ਮੌਕੇ ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਸਿਫ਼ਾਰਸ਼ ਕੀਤੀਆਂ ਫ਼ਸਲਾਂ ਦੀਆਂ 971 ਕਿਸਮਾਂ ਵਿੱਚੋਂ ਇਕ ਚੌਥਾਈ ਤੋਂ ਵੱਧ ਦੀ ਪਹਿਚਾਣ ਰਾਸ਼ਟਰੀ ਪੱਧਰ ’ਤੇ ਕਾਸ਼ਤ ਲਈ ਹੋ ਚੁੱਕੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਕਿਸਮ ਪੀ.ਆਰ. 132, ਮੱਕੀ ਦੀ ਨਵੀਂ ਕਿਸਮ ਪੀ.ਐਮ.ਐਚ. 17, ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1, ਆਲੂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104, ਗੋਭੀ 2517, ਪੁਦੀਨਾ ਸਿਮ ਉਨਤੀ ਅਤੇ ਸੰਤਰੀ ਗਾਜਰ ਪੀ.ਸੀ.ਓ. 4 ਦੀ ਨਵੀਂ ਕਿਸਮ ਤੋਂ ਇਲਾਵਾ ਫਰਾਂਸਬੀਨ ਦੀਆਂ ਨਵੀਂਆਂ ਕਿਸਮਾਂ ਫਰਾਂਸਬੀਨ-1 ਅਤੇ ਫਰਾਂਸਬੀਨ-2 ਅਤੇ ਰਸਭਰੀ ਦੀਆਂ ਨਵੀਂਆਂ ਕਿਸਮਾਂ ਪੰਜਾਬ ਰਸਭਰੀ-1 ਅਤੇ ਪੰਜਾਬ ਰਸਭਰੀ-2, ਗਰੇਪ ਫਰੂਟ ਅਤੇ ਗੁਲਦਾਊਦੀ ਦੀਆਂ ਸੁਧਰੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਘੇ ਸਬਜ਼ੀ ਵਿਗਿਆਨੀ ਡਾ. ਦਵਿੰਦਰ ਸਿੰਘ ਚੀਮਾ ਨੇ ਵੀ ਕਿਸਾਨਾਂ ਨੂੰ ਵਡਮੁੱਲੇ ਸੁਝਾਅ ਦਿੱਤੇੇ। ਡਾ. ਤੇਜਿੰਦਰ ਸਿੰਘ ਰਿਆੜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਾ. ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਤੋਂ ਇਲਾਵਾ ਡਾ. ਦਵਿੰਦਰ ਸਿੰਘ ਚੀਮਾ, ਡਾ. ਅਜਮੇਰ ਸਿੰਘ ਢੱਟ, ਡਾ. ਗੁਰਜੀਤ ਸਿੰਘ ਮਾਂਗਟ, ਡਾ. ਤਰਸੇਮ ਸਿੰਘ ਢਿੱਲੋਂ, ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਆਦਿ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।