ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਮੋਰਚਾ ਮੁਲਤਵੀ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 7 ਮਈ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੱਤ ਮਈ ਨੂੰ ਰੇਲਾਂ ਜਾਮ ਕਰਨ ਦੇ ਐਲਾਨ ਮਗਰੋਂ ਛੇ ਮਈ ਦੀ ਰਾਤ 12 ਵਜੇ ਹੀ ਦੇਵੀਦਾਸਪੁਰਾ ਰੇਲ ਟਰੈਕ ਉੱਪਰ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਬੀਬੀਆਂ ਪਹੁੰਚ ਗਈਆਂ। ਇਸ ਦੌਰਾਨ ਮੌਕੇ ’ਤੇ ਪੁੱਜੇ ਡੀਆਈਜੀ ਬਾਰਡਰ ਰੇਂਜ ਅਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਦੇਸ਼ ਦੇ ਮੌਜੂਦਾ ਨਾਜ਼ੁਕ ਹਾਲਾਤ ਬਾਰੇ ਦੱਸਦਿਆਂ ਇਹ ਜਾਮ ਨਾ ਲਾਉਣ ਦੀ ਅਪੀਲ ਕੀਤੀ। ਕਿਸਾਨਾਂ ਨੇ ਫ਼ਿਲਹਾਲ ਜਾਮ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।
ਜਥੇਬੰਦੀ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਲੰਬੇ ਅਰਸੇ ਤੋਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਪੁਲੀਸ ਸਟੇਟ ਵਿੱਚ ਤਬਦੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਦੇ ਚੱਲਦਿਆਂ ਕਈ ਸਾਲਾਂ ਤੋਂ ਭਾਰਤਮਾਲਾ ਪ੍ਰਾਜੈਕਟ ਲਈ ਜ਼ਮੀਨਾਂ ਐਕੁਆਇਰ ਕਰਨ ਦੀ ਕਵਾਇਦ ਦੇ ਚੱਲਦਿਆਂ ਬਿਨਾਂ ਢੁੱਕਵਾਂ ਮੁਆਵਜ਼ਾ ਦਿੱਤੇ ਜ਼ਮੀਨਾਂ ’ਤੇ ਜਬਰੀ ਕਬਜ਼ੇ ਕੀਤੇ ਜਾ ਰਹੇ ਹਨ। ਆਪਣੀਆਂ ਜ਼ਮੀਨਾਂ ਬਚਾਉਣ ਲਈ ਅੱਗੇ ਆਉਣ ਵਾਲੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਕਿਹਾ ਛੇ ਮਈ ਦੀ ਸ਼ਾਮ ਨੂੰ ਹੀ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਨੇ ਦੇਵੀਦਾਸਪੁਰੇ ਪਹੁੰਚਣਾ ਸ਼ੁਰੂ ਕਰ ਦਿੱਤਾ ਜੋ ਰਾਤ ਇੱਕ ਵਜੇ ਤੱਕ ਜਾਰੀ ਰਿਹਾ। ਦੇਰ ਰਾਤ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਮਾਹੌਲ ਤਲਖ਼ੀ ਵਾਲਾ ਹੋ ਗਿਆ। ਇਸ ਮਗਰੋਂ ਰੇਲ ਲਾਈਨ ਤੋਂ ਕਰੀਬ ਕਿਲੋਮੀਟਰ ਪਿੱਛੇ ਬੈਠੇ ਕਿਸਾਨ ਅੱਗੇ ਵਧਣੇ ਸ਼ੁਰੂ ਹੋ ਗਏ। ਇਸ ’ਤੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ-ਮੁੱਕੀ ਹੋ ਗਈ। ਕਿਸਾਨਾਂ ਨੇ ਕਿਹਾ ਉਹ ਐਲਾਨੇ ਸਮੇਂ ਤੋਂ ਪਹਿਲਾਂ ਰੇਲਾਂ ਜਾਮ ਨਹੀਂ ਕਰਨਗੇ। ਉਹ ਰੇਲ ਪਟੜੀ ਤੋਂ ਹੇਠਾਂ ਸ਼ਾਂਤਮਈ ਰੂਪ ਵਿੱਚ ਬੈਠ ਗਏ।
ਇਸ ਮਗਰੋਂ ਰਾਤ ਦੇ ਕਰੀਬ ਦੋ ਵਜੇ ਡੀਆਈਜੀ ਬਾਰਡਰ ਰੇਂਜ ਅਤੇ ਐੱਸਐੱਸਪੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਕਿਸਾਨੀ ਮੰਗਾਂ ’ਤੇ ਚਰਚਾ ਤੋਂ ਬਾਅਦ ਦੇਸ਼ ਦੇ ਨਾਜ਼ੁਕ ਹਾਲਾਤ ਦਾ ਹਵਾਲਾ ਵੀ ਦਿੱਤਾ ਗਿਆ। ਇਸ ’ਤੇ ਕਿਸਾਨਾਂ ਨੇ ਰੇਲ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਭਾਰਤਮਾਲਾ ਪ੍ਰਾਜੈਕਟ ਨਾਲ ਸਬੰਧਤ ਜ਼ਮੀਨਾਂ ਦੇ ਪੈਸੇ ਕਿਸਾਨਾਂ ਨੂੰ ਦੇਣ, ਜਿੰਨਾ ਸਮਾਂ ਪੈਸੇ ਨਹੀਂ ਆਉਂਦੇ ਉਦੋਂ ਤਕ ਜ਼ਮੀਨ ’ਤੇ ਉਸਾਰੀ ਦਾ ਕੰਮ ਨਾ ਕਰਨ ਦਾ ਭਰੋਸਾ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨ-ਮਜ਼ਦੂਰ ਅਤੇ ਆਗੂ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣਗੇ।