ਕਿਸਾਨ ਜੈਵਿਕ ਤੇ ਕੁਦਰਤੀ ਖੇਤੀ ਅਪਣਾਉਣ: ਰਾਣਾ
ਪੱਤਰ ਪ੍ਰੇਰਕ
ਯਮੁਨਾ ਨਗਰ, 15 ਮਾਰਚ
ਅਨੁਸੂਚਿਤ ਜਾਤੀ ਉਪ ਯੋਜਨਾ ਅਧੀਨ ਪੌਦਿਆਂ ਦੇ ਜੈਨੇਟਿਕ ਸਰੋਤਾਂ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ, ਦਾਮਲਾ ਅਤੇ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼ (ਆਈਸੀਏਆਰ-ਐਨਬੀਪੀਜੀਆਰ), ਨਵੀਂ ਦਿੱਲੀ ਦੇ ਸਾਂਝੇ ਪ੍ਰਬੰਧ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਮੁੱਖ ਮਹਿਮਾਨ ਸਨ ਅਤੇ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮਦਾਸ ਅਰੋੜਾ ਵਿਸ਼ੇਸ਼ ਮਹਿਮਾਨ ਸਨ ਅਤੇ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਈਸ ਚਾਂਸਲਰ ਬੀਆਰ ਕੰਬੋਜ, ਪਸਾਰ ਸਿੱਖਿਆ ਨਿਰਦੇਸ਼ਕ ਡਾ. ਬਲਵਾਨ ਸਿੰਘ ਵੀ ਮੌਜੂਦ ਸਨ । ਇਸ ਮੌਕੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਤਕਨੀਕਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾਵਾਂ, ਰਾਸ਼ਟਰੀ ਟਿਕਾਊ ਖੇਤੀਬਾੜੀ ਮਿਸ਼ਨ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਰਸਾਇਣਕ ਯੁੱਗ ਨੇ ਖੇਤੀ ਦੀ ਪ੍ਰਕਿਰਤੀ ਬਦਲ ਦਿੱਤੀ ਹੈ, ਇਸ ਲਈ ਕਿਸਾਨਾਂ ਨੂੰ ਰਵਾਇਤੀ ਖੇਤੀ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ ਅਤੇ ਜੈਵਿਕ ਅਤੇ ਕੁਦਰਤੀ ਖੇਤੀ ਅਪਣਾਉਣੀ ਚਾਹੀਦੀ ਹੈ। ਵਿਧਾਇਕ ਘਣਸ਼ਿਆਮਦਾਸ ਅਰੋੜਾ ਨੇ ਯਮੁਨਾਨਗਰ ਜ਼ਿਲ੍ਹੇ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਈਸ ਚਾਂਸਲਰ, ਚੇਅਰਮੈਨ ਬੀਆਰ ਕੰਬੋਜ ਨੇ ਕਿਸਾਨਾਂ ਨੂੰ ਪ੍ਰਗਤੀਸ਼ੀਲ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ਲਈ ਕਿਸਾਨਾਂ ਨੂੰ ਸਹੀ ਜਾਣਕਾਰੀ ਰਾਹੀਂ ਜਾਗਰੂਕ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਪਸਾਰ ਸਿੱਖਿਆ ਕਿਸਾਨਾਂ ਨੂੰ ਨਵੀਨਤਮ ਤਕਨਾਲੋਜੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਕਿਸ ਤਰ੍ਹਾਂ ਨਾਲ ਕਿਸਾਨ ਉਸ ਦਾ ਲਾਹਾ ਲੈ ਸਕਦੇ ਹਨ। ਡਾ. ਸੁਰੇਂਦਰ ਕੁਮਾਰ ਕੌਸ਼ਿਕ, ਪ੍ਰਿੰਸੀਪਲ ਸਾਇੰਸਦਾਨ ਅਤੇ ਨੋਡਲ ਅਫ਼ਸਰ, ਅਨੁਸੂਚਿਤ ਜਾਤੀ ਉਪ ਯੋਜਨਾ, ਐੱਨਬੀਪੀਜੀਆਰ, ਨਵੀਂ ਦਿੱਲੀ ਨੇ ਅਨੁਸੂਚਿਤ ਜਾਤੀ ਉਪ ਯੋਜਨਾ ਬਾਰੇ ਵਿਸਤ੍ਰਿਤ ਜਾਣਕਾਰੀ ਪੇਸ਼ ਕੀਤੀ। ਸਮਾਗਮ ਵਿੱਚ ਖੇਤੀਬਾੜੀ ਵਿਗਿਆਨੀ, ਅਧਿਕਾਰੀ, ਪ੍ਰਗਤੀਸ਼ੀਲ ਕਿਸਾਨ, ਮੀਡੀਆ ਪ੍ਰਤੀਨਿਧੀਆਂ ਸਣੇ 500 ਕਿਸਾਨ ਮੌਜੂਦ ਸਨ ।