ਕਿਸਾਨਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਧਰਨਾ
ਪੱਤਰ ਪ੍ਰੇਰਕ
ਅਜਨਾਲਾ, 12 ਮਈ
ਅੱਜ ਇੱਥੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਤਲਵੰਡੀ ਹਾਲ ਅਜਨਾਲਾ ਵਿਰੁੱਧ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਦਿਆ ਬੈਂਕ ਦੇ ਸਾਹਮਣੇ ਵਿਸ਼ਾਲ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਘੱਟ ਤੋਂ ਘੱਟ ਵਿਆਜ ਤੇ ਸ਼ਾਹੂਕਾਰਾਂ ਤੋਂ ਛੁਟਕਾਰਾ ਪਾਉਣ ਲਈ ਖੁੱਲ੍ਹੇ ਕਰਜ਼ੇ ਦੇਣਾ ਸਹਿਕਾਰੀ ਬੈਂਕਾਂ ਦਾ ਮੁੱਖ ਮਕਸਦ ਹੈ ਪਰ ਬੈਂਕ ਸਮੇਂ ਸਮੇਂ ’ਤੇ ਅਜਿਹਾ ਕਰਨ ਦੀ ਬਜਾਏ ਭਾਰੀ ਵਿਆਜ ਤੇ ਵਿਆਜ ਦਰ ਵਿਆਜ ਕਰਜ਼ੇ ਵਸੂਲਦੇ ਹਨ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਕ ਦੇ ਹੋਰ ਸਟਾਫ ਵੱਲੋਂ ਗਾਹਕਾਂ ਨਾਲ ਵੱਡੇ ਪੱਧਰ ’ਤੇ ਧੋਖਾਧੜੀ ਕਰਕੇ ਕੋਈ ਸਧਾਰਨ ਆਦਮੀ ਜਾਂ ਔਰਤ ਆਪਣੇ ਪੈਸੇ ਜਮ੍ਹਾਂ ਕਰਾਉਣ ਆਉਂਦਾ ਹੈ ਤਾਂ ਉਸ ਦੀ 5 ਸਾਲ ਦੀ ਐਫ਼ਡੀ ਬਣਾ ਦਿੱਤੀ ਜਾਂਦੀ ਹੈ । ਡਾ. ਅਜਨਾਲਾ ਨੇ ਕਿਹਾ ਕਿ ਬੈਂਕ ਵੱਲੋਂ ਯਕਮੁਸ਼ਤ ਕਰਜ਼ਾ ਨਬੇੜਾ ਸਕੀਮ ਆਈ ਹੈ ਉਸ ਵਿੱਚ ਕਰਜ਼ਾ ਧਾਰਕਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਜਿਹਾ ਹੀ ਇਕ ਕੇਸ ਤਸਬੀਰ ਸਿੰਘ ਹਾਸਮਪੁਰਾ ਤੇ ਉਸ ਦੇ ਪਰਿਵਾਰ ਦਾ ਯੱਕਮੁਸ਼ਤ ਨਿਬੇੜਾ ਕਰਦਿਆਂ 2 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਹੈ। ਧਰਨਾ ਕਾਰੀਆਂ ਨੇ ਬੈਂਕ ਅਧਿਕਾਰੀ ਨੂੰ ਕਿਹਾ ਕਿ ਇਸ ਦਾ ਤਰੁੰਤ ਇਨਸਾਫ ਕੀਤਾ ਜਾਵੇ ਨਹੀਂ ਤਾਂ ਦਿਨ ਰਾਤ ਦਾ ਧਰਨਾ ਜਾਰੀ ਰਹੇਗਾ। ਜ਼ਿਲ੍ਹਾ ਬੈਂਕ ਅਧਿਕਾਰੀ ਨੇ ਧਰਨੇ ਵਿੱਚ ਐਲਾਨ ਕੀਤਾ ਕਿ ਉਹ 15 ਮਈ ਤੱਕ ਇਸ ਕੇਸ ਦਾ ਹਾਂ ਪੱਖੀ ਨਿਬੇੜਾ ਕਰਵਾਉਣਗੇ।
ਇਸ ਸਬੰਧੀ ਬੈਂਕ ਦੇ ਮੈਨੇਜਰ ਅਮਨਬੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕਰਜ਼ੇ ਨਾਲ ਸਬੰਧਤ ਜੋ ਸੈਟਲਮੈਂਟ ਦੀ ਗੱਲ ਕੀਤੀ ਗਈ ਹੈ ਉਹ ਬੈਂਕ ਵੱਲੋਂ ਪੂਰੇ ਨਿਯਮਾਂ ਅਤੇ ਸਰਕਾਰੀ ਹਦਾਇਤਾਂ ਨਾਲ ਕੀਤੀ ਗਈ ਹੈ ਜਿਸ ਵਿੱਚ ਕੋਈ ਬੇਨਿਯਮੀ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਐੱਫਡੀ ਗਾਹਕਾਂ ਦੀ ਸਹਿਮਤੀ ਨਾਲ ਹੀ ਕੀਤੀ ਜਾਂਦੀ ਹੈ।