ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਵਿਖਾਵਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਸੰਯੁਕਤ ਕਿਸਾਨ ਮੋਰਚਾ ਗੈਰ (ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਐਲਾਨ ’ਤੇ ਪੰਜਾਬ ਭਰ ਦੇ ਡੀਸੀ ਦਫਤਰਾਂ ਵਿੱਚ ਦੋਵਾਂ ਫੋਰਮਾਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤੇ ਗਏ। ਇਸੇ ਤਹਿਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿੱਚ ਕੀਤੇ ਇੱਕਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਦਿਨੀਂ ਸੂਬੇ ਭਰ ਵਿੱਚ ਵਿੱਚ ਬਹੁਤ ਵੱਡੇ ਪੱਧਰ ’ਤੇ ਅੱਗ ਲੱਗਣ ਅਤੇ ਕਈ ਥਾਵਾਂ ’ਤੇ ਗੜੇਮਾਰੀ ਕਾਰਨ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਤਬਾਹ ਹੋਈ ਹੈ। ਕਿਸਾਨਾਂ ਦੀ ਮਸ਼ੀਨਰੀ ਦਾ ਨੁਕਸਾਨ ਵੀ ਹੋਇਆ ਹੈ। ਇਸ ਤਰ੍ਹਾਂ ਕਣਕ ਦਾ 100% ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ, ਜਾਨੀ ਨੁਕਸਾਨ ਲਈ 10 ਲੱਖ ਪ੍ਰਤੀ ਵਿਅਕਤੀ ਆਰਥਿਕ ਸਹਾਇਤਾ ਤੇ ਇੱਕ ਨੌਕਰੀ ਦਿੱਤੀ ਜਾਵੇ, ਮਸ਼ੀਨਰੀ ਦਾ 100% ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਈ ਥਾਈਂ ‘ਕਰਨਾਲ ਬੰਟ’ ਬਿਮਾਰੀ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ, ਕਈ ਜਗ੍ਹਾ ਗੜਿਆਂ ਨੇ ਸਬਜ਼ੀਆਂ ਸਣੇ ਹੋਰ ਫਸਲਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਪੰਜਾਬ ਭਰ ਵਿੱਚ ਹਜ਼ਾਰਾਂ ਏਕੜ ਕਣਕ ਦਾ ਨਾੜ ਸੜਨ ਨਾਲ ਕਿਸਾਨਾਂ ਨੂੰ ਪਸ਼ੂਆਂ ਲਈ ਤੂੜੀ ਦੀ ਵੱਡੀ ਸੱਮਸਿਆ ਬਣ ਗਈ ਹੈ, ਇਸ ਕਰਕੇ 5000 ਪ੍ਰਤੀ ਰੁਪਏ ਏਕੜ ਸੜੇ ਨਾੜ ਦਾ ਮੁਆਵਜ਼ਾ ਦਿੱਤਾ ਜਾਵੇ, 19-20 ਮਾਰਚ 2025 ਨੂੰ ਕਿਸਾਨਾਂ ਨੂੰ ਖਦੇੜਨ ਸਮੇਂ ਉਨ੍ਹਾਂ ਦੀਆਂ ਚੋਰੀ ਹੋਈਆ ਟਰਾਲੀਆਂ, ਤੋੜੇ ਗਏ ਟਰੈਕਟਰ ਅਤੇ ਹੋਰ ਮਸ਼ੀਨਰੀ, ਉਜਾੜੇ ਗਏ ਆਰਜੀ ਘਰਾਂ ਅਤੇ ਉਨ੍ਹਾਂ ਵਿਚਲੇ ਸਾਮਾਨ ਦੇ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਮੰਗਾਂ ਦੀ ਪੂਰਤੀ ਜਲਦੀ ਨਹੀਂ ਕੀਤੀ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।