ਕਿਵੇਂ ਹੋਂਦ ਵਿੱਚ ਆਇਆ ਰਾਜਸਥਾਨ?
ਲਖਵਿੰਦਰ ਜੌਹਲ ‘ਧੱਲੇਕੇ’
‘ਰਾਜਸਥਾਨ’ ਨਾਂ ਪੜ੍ਹਦੇ, ਸੁਣਦੇ ਹੀ ਹਰ ਇੱਕ ਦੀਆਂ ਅੱਖਾਂ ਸਾਹਮਣੇ ਰੇਤ ਦੇ ਵਿਸ਼ਾਲ ਟਿੱਬਿਆਂ ਅਤੇ ਇਨ੍ਹਾਂ ਉੱਤੇ ਫਿਰਦੇ ਊਠਾਂ ਦਾ ਦ੍ਰਿਸ਼ ਹੀ ਆਉਂਦਾ ਹੋਵੇਗਾ। ਪਰ ਅਸਲ ਵਿੱਚ ਸਾਰਾ ਰਾਜਸਥਾਨ ਅਜਿਹਾ ਨਹੀਂ ਹੈ। ਇਸ ਦੇ ਧੁਰ ਉੱਤਰ ਵੱਲ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਦੇ ਮੈਦਾਨੀ ਅਤੇ ਲਹਿਰਾਉਂਦੀਆਂ ਫ਼ਸਲਾਂ ਵਾਲੇ ਇਲਾਕੇ ਪੰਜਾਬ ਦਾ ਹੀ ਭੁਲੇਖਾ ਪਾਉਂਦੇ ਹਨ। ਬੀਕਾਨੇਰ ਤੋਂ ਲੈ ਕੇ ਗੁਜਰਾਤ ਤੱਕ ਫੈਲਿਆ ਵਿਸ਼ਾਲ ਥਾਰ ਰੇਗਿਸਤਾਨ ਹੈ ਜਿਸ ਦਾ ਕੁਝ ਹਿੱਸਾ ਪਾਕਿਸਤਾਨ ਵਾਲੇ ਪਾਸੇ ਵੀ ਹੈ। ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬਿਆਂ ਨਾਲ ਇਸ ਦੀ 1070 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਲੱਗਦੀ ਹੈ। ਦੱਖਣ ਤੋਂ ਲੈ ਕੇ ਉੱਤਰ-ਪੂਰਬ ਵਾਲੇ ਪਾਸੇ ਤੱਕ ਭਾਰਤੀ ਉਪ-ਮਹਾਂਦੀਪ ਦੀਆਂ ਪੁਰਾਣੀਆਂ ਪਰਬਤ ਲੜੀਆਂ ਵਿੱਚੋਂ ਇੱਕ ਅਰਾਵਲੀ ਦੇ ਪਹਾੜ ਮੌਜੂਦ ਹਨ, ਜਿਨ੍ਹਾਂ ਦੇ ਪੈਰਾਂ ਵਿੱਚ ਜੈਪੁਰ, ਅਜਮੇਰ ਤੇ ਪੁਸ਼ਕਰ ਵਰਗੇ ਘੁੱਗ ਵੱਸਦੇ ਸ਼ਹਿਰ ਹਨ। ਇਨ੍ਹਾਂ ਪਹਾੜਾਂ ਤੋਂ ਚੜ੍ਹਦੇ ਵੱਲ ਕੋਟਾ-ਬੂੰਦੀ ਦੇ ਹਰੇ ਭਰੇ ਇਲਾਕੇ ਹਨ। ਬਿਲਕੁਲ ਪੂਰਬ ਵੱਲ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿਚਕਾਰ ਦੋਹਾਂ ਰਾਜਾਂ ਨੂੰ ਵੱਖ ਕਰਦਾ ਚੰਬਲ ਦਰਿਆ ਵਗਦਾ ਹੈ। ਰਾਜਸਥਾਨ ਵਰਤਮਾਨ ਭਾਰਤ ਦਾ ਖੇਤਰਫਲ ਪੱਖੋਂ (3,42,239 ਵਰਗ ਕਿਲੋਮੀਟਰ) ਸਭ ਤੋਂ ਵੱਡਾ ਸੂਬਾ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਿਕ (6,85,48,437 ਰਾਜਸਥਾਨ ਸਰਕਾਰ ਦੀ ਵੈੱਬਸਾਈਟ ਮੁਤਾਬਿਕ) ਦੇਸ਼ ਦੇ ਤਕਰੀਬਨ 5.67 ਫ਼ੀਸਦੀ ਲੋਕਾਂ ਦਾ ਘਰ ਵੀ ਹੈ। ਹਨੂੰਮਾਨਗੜ੍ਹ ਦੇ ਕਾਲੀਬੰਗਾ ਵਿੱਚ ਮਿਲਦੇ ਸਿੰਧੂ ਘਾਟੀ ਸੱਭਿਅਤਾ ਦੇ ਨਿਸ਼ਾਨ ਗਵਾਹੀ ਭਰਦੇ ਹਨ ਕਿ ਕਿਸੇ ਵੇਲੇ ਇੱਥੇ ਵੀ ਉੱਨਤ ਸੱਭਿਅਤਾ ਅਤੇ ਸੰਸਕ੍ਰਿਤੀ ਮੌਜੂਦ ਸੀ। ਜਦੋਂਕਿ ਅਜੋਕਾ ਰਾਜਸਥਾਨ ਆਪਣੀ ਰਾਜਸੀ ਸ਼ਾਨੋ-ਸ਼ੌਕਤ, ਕਿਲ੍ਹਿਆਂ, ਮਹਿਲਾਂ, ਵੀਰਗਾਥਾਵਾਂ, ਰੇਗਿਸਤਾਨ ਅਤੇ ਰੰਗ-ਬਿਰੰਗੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ।
ਰਾਜਪੂਤਾਨਾ ਤੋਂ ਬਣਿਆ ‘ਰਾਜਸਥਾਨ’
ਅੱਜ ਦੇ ਰਾਜਸਥਾਨ ਦਾ ਬਹੁਤਾ ਹਿੱਸਾ ਆਜ਼ਾਦੀ ਤੋਂ ਪਹਿਲਾਂ ਛੋਟੀਆਂ ਵੱਡੀਆਂ 19 ਰਿਆਸਤਾਂ, 3 ਰਿਆਸਤੀ ਠਿਕਾਣਿਆਂ ਅਤੇ ਬਰਤਾਨਵੀ ਸਾਮਰਾਜ ਅਧੀਨ ਇੱਕ ਰਿਆਸਤ ਅਜਮੇਰ (ਮੇਰਵਾੜਾ) ਦਾ ਇੱਕ ਸਮੂਹ ਸੀ ਜੋ ਕਿ ‘ਰਾਜਪੂਤਾਨਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਸਮੂਹ ‘ਰਾਜਪੂਤਾਨਾ ਏਜੰਸੀ’ ਰਾਹੀਂ ਬਰਤਾਨਵੀ ਸਾਮਰਾਜ ਨਾਲ ਜੁੜਿਆ ਹੋਇਆ ਸੀ। ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਮਿਲਣ ਮਗਰੋਂ ਇਨ੍ਹਾਂ ਰਿਆਸਤਾਂ ਦੇ ਭਾਰਤ ਗਣਰਾਜ ਵਿੱਚ ਸ਼ਾਮਲ ਹੋਣ ਦੀਆਂ ਕਹਾਣੀਆਂ ਰਾਜੇ ਰਜਵਾੜਿਆਂ ਦੇ ਕਿੱਸੇ ਕਹਾਣੀਆਂ ਵਾਂਗ ਹੀ ਦਿਲਚਸਪ ਹਨ। ਅਜਮੇਰ ਦਾ ਇਲਾਕਾ ਸਿੱਧੇ ਤੌਰ ’ਤੇ ਬਰਤਾਨਵੀ ਸ਼ਾਸਨ ਦੇ ਅਧੀਨ ਸੀ, ਇਸ ਲਈ ਆਜ਼ਾਦੀ ਮਿਲਦੇ ਹੀ ‘ਭਾਰਤੀ ਸੁਤੰਤਰਤਾ ਐਕਟ 1947’ ਮੁਤਾਬਿਕ ਖ਼ੁਦ-ਬ-ਖ਼ੁਦ ਇਹ ਆਜ਼ਾਦ ਭਾਰਤ ਦਾ ਹਿੱਸਾ ਬਣ ਗਿਆ ਸੀ। ਬਾਕੀ ਬਚੀਆਂ ਰਿਆਸਤਾਂ ਸਥਾਨਕ ਰਾਜਿਆਂ ਦੇ ਅਧੀਨ ਹੋਣ ਕਰਕੇ ਆਪਣੇ ਆਪ ਵਿੱਚ ਆਜ਼ਾਦ ਸ਼ਾਸਨ ਚਲਾਉਂਦੀਆਂ ਸਨ। ਇਨ੍ਹਾਂ ਰਾਜੇ ਰਜਵਾੜਿਆਂ ਦਾ ਇਹ ਤਰਕ ਸੀ ਕਿ ਇਨ੍ਹਾਂ ਕੋਲ ਸ਼ਾਸਨ ਚਲਾਉਣ ਦਾ ਤਜਰਬਾ ਹੈ, ਇਸ ਲਈ ਇਨ੍ਹਾਂ ਨੂੰ ਆਜ਼ਾਦ ਰੂਪ ਵਿੱਚ ਭਾਰਤ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਸ਼ਾਸਨ ਇਨ੍ਹਾਂ ਦੇ ਅਧੀਨ ਬਣਿਆ ਰਹੇ। ਜਦੋਂ ਭਾਰਤ ਸਰਕਾਰ ਨੇ 5 ਜੁਲਾਈ 1947 ਨੂੰ ਰਿਆਸਤੀ ਸਕੱਤਰੇਤ ਦਾ ਗਠਨ ਕੀਤਾ, ਇਸ ਸਕੱਤਰੇਤ ਨੇ ਸ਼ਰਤਾਂ ਰੱਖੀਆਂ ਕਿ ਉਹੀ ਰਿਆਸਤ ਆਪਣਾ ਆਜ਼ਾਦ ਵਜੂਦ ਕਾਇਮ ਰੱਖ ਸਕਦੀ ਹੈ ਜਿਸ ਦੀ ਆਬਾਦੀ 10 ਲੱਖ ਤੋਂ ਉੱਪਰ ਅਤੇ ਸਾਲਾਨਾ ਆਮਦਨ 1 ਕਰੋੜ ਤੋਂ ਵੱਧ ਹੈ। ਰਾਜਪੂਤਾਨਾ ਵਿੱਚ ਉਪਰੋਕਤ ਸ਼ਰਤਾਂ ਨੂੰ ਉਸ ਸਮੇਂ ਸਿਰਫ਼ ਚਾਰ ਰਿਆਸਤਾਂ ਬੀਕਾਨੇਰ, ਜੋਧਪੁਰ, ਜੈਪੁਰ ਅਤੇ ਉਦੈਪੁਰ ਹੀ ਪੂਰਾ ਕਰਦੀਆਂ ਸਨ। ਇਸ ਤਰ੍ਹਾਂ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਅਤੇ ਉਨ੍ਹਾਂ ਦੇ ਸਕੱਤਰ ਵੀ.ਪੀ. ਮੈਨਨ ਨੇ ਇਨ੍ਹਾਂ ਰਿਆਸਤਾਂ ਦੇ ਸ਼ਾਸਕਾਂ ਨੂੰ ਹਰ ਤਰੀਕੇ ਨਾਲ ਰਾਜ਼ੀ ਕਰਕੇ ਭਾਰਤੀ ਸੰਘ ਵਿੱਚ ਮਿਲਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਪਹਿਲੇ ਪੜਾਅ ਦੌਰਾਨ 18 ਮਾਰਚ 1948 ਵਿੱਚ ਅਲਵਰ, ਭਰਤਪੁਰ, ਧੌਲਪੁਰ ਅਤੇ ਕਰੌਲੀ ਰਿਆਸਤਾਂ ਨੂੰ ਸਮੇਤ ਨੀਮਰਾਨਾ ਠਿਕਾਣੇ ਦੇ ਇੱਕ ਕੀਤਾ ਗਿਆ ਅਤੇ ਇਨ੍ਹਾਂ ਦੇ ਸੰਘ ਦਾ ਨਾਂ ‘ਮਤੱਸਯ ਸੰਘ’ ਰੱਖਿਆ ਗਿਆ। ਦੂਜੇ ਪੜਾਅ ਦੌਰਾਨ 25 ਮਾਰਚ 1948 ਨੂੰ ਦੱਖਣ ਪੂਰਬੀ ਰਿਆਸਤਾਂ ਕਿਸ਼ਨਗੜ੍ਹ, ਸ਼ਾਹਪੁਰਾ, ਕੋਟਾ, ਬਾਂਸਵਾੜਾ, ਪ੍ਰਤਾਪਗੜ੍ਹ, ਝਾਲਾਵਾੜ, ਡੂੰਗਰਪੁਰ, ਬੂੰਦੀ ਅਤੇ ਟੌਂਕ ਨੂੰ ਸਮੇਤ ਕੁਸ਼ਲਗੜ੍ਹ ਠਿਕਾਣੇ ਦੇ ਇੱਕ ਕੀਤਾ ਗਿਆ ਅਤੇ ਇਸ ਦਾ ਨਾਂ ‘ਪੂਰਵ (ਪੂਰਬ) ਰਾਜਸਥਾਨ’ ਰੱਖਿਆ ਗਿਆ। ਤੀਜੇ ਪੜਾਅ ਦੌਰਾਨ 18 ਅਪਰੈਲ 1948 ਨੂੰ ਪੂਰਵ ਰਾਜਸਥਾਨ ਵਿੱਚ ਰਿਆਸਤ ਉਦੈਪੁਰ ਨੂੰ ਸ਼ਾਮਲ ਕਰਕੇ ‘ਸੰਯੁਕਤ (ਯੂਨਾਈਟਡ) ਰਾਜਸਥਾਨ’ ਬਣਾਇਆ ਗਿਆ ਜਿਸ ਦਾ ਉਦਘਾਟਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ। ਚੌਥੇ ਪੜਾਅ ਦੌਰਾਨ 30 ਮਾਰਚ 1949 ਨੂੰ ‘ਸੰਯੁਕਤ ਰਾਜਸਥਾਨ’ ਵਿੱਚ ਪੱਛਮੀ ਰੇਗਿਸਤਾਨੀ ਇਲਾਕੇ ਦੀਆਂ ਵੱਡੀਆਂ ਰਿਆਸਤਾਂ ਜੋਧਪੁਰ, ਜੈਸਲਮੇਰ, ਬੀਕਾਨੇਰ ਅਤੇ ਜੈਪੁਰ ਨੂੰ ਸਮੇਤ ਲਾਂਬਾ ਠਿਕਾਣੇ ਦੇ ਇਕੱਠਾ ਕਰਕੇ ‘ਗ੍ਰੇਟਰ (ਵਿਸ਼ਾਲ) ਰਾਜਸਥਾਨ’ ਦੀ ਸਥਾਪਨਾ ਕੀਤੀ ਗਈ। ਇਸ ਦਾ ਉਦਘਾਟਨ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ। ਇਸ ਵਿੱਚ ਰਿਆਸਤ ਬੀਨਾਕੇਰ ਨੂੰ ਸਿੱਖਿਆ ਵਿਭਾਗ, ਜੋਧਪੁਰ ਨੂੰ ਨਿਆਂ ਵਿਭਾਗ, ਕੋਟਾ ਨੂੰ ਜੰਗਲਾਤ ਮਹਿਕਮਾ, ਭਰਤਪੁਰ ਨੂੰ ਖੇਤੀ ਸਿੰਜਾਈ ਮਹਿਕਮਾ ਅਤੇ ਉਦੈਪੁਰ ਨੂੰ ਖਣਿਜ ਵਿਭਾਗ ਵੰਡੇ ਗਏ। ਇਸ ਵਕਤ ਹੀ ਜੈਪੁਰ ਨੂੰ ਗ੍ਰੇਟਰ ਰਾਜਸਥਾਨ ਦੀ ਰਾਜਧਾਨੀ ਬਣਾਇਆ ਗਿਆ ਅਤੇ ਜੈਪੁਰ ਦੇ ਸ਼ਾਸਕ ਮਾਨ ਸਿੰਘ ਦੋਇਮ ਨੂੰ ਇਸ ਦਾ ਰਾਜਪ੍ਰਮੁੱਖ ਬਣਾਇਆ ਗਿਆ। ਇਸ ਤਰ੍ਹਾਂ 30 ਮਾਰਚ 1949 ਤੋਂ ਬਾਅਦ ਹਰ ਸਾਲ 30 ਮਾਰਚ ਦਾ ਦਿਨ ‘ਰਾਜਸਥਾਨ ਦਿਵਸ’ ਕਰਕੇ ਮਨਾਇਆ ਜਾਣ ਲੱਗਾ ਕਿਉਂਕਿ ਰਾਜਪੂਤਾਨਾ ਦੀਆਂ ਸਾਰੀਆਂ ਤਾਕਤਵਰ ਰਿਆਸਤਾਂ ਦਾ ਭਾਰਤ ਵਿੱਚ ਰਲੇਵਾਂ ਹੋਣ ਕਰਕੇ ਰਾਜਸਥਾਨ ਦੇ ਏਕੀਕਰਨ ਦਾ ਬਹੁਤਾ ਕੰਮ ਇਸ ਦਿਨ ਮੁਕੰਮਲ ਹੋ ਗਿਆ ਸੀ। ਪੰਜਵੇਂ ਪੜਾਅ ਦੌਰਾਨ 15 ਮਈ 1949 ਨੂੰ ਪਹਿਲਾਂ ਬਣੇ ਸੰਯੁਕਤ ਰਾਜਸਥਾਨ, ਮਤੱਸਯ ਸੰਘ ਅਤੇ ਵਿਸ਼ਾਲ ਰਾਜਸਥਾਨ ਨੂੰ ਮਿਲਾ ਕੇ ‘ਸੰਯੁਕਤ ਵਿਸ਼ਾਲ ਰਾਜਸਥਾਨ’ ਬਣਾਇਆ ਗਿਆ ਅਤੇ ਇਸ ਦਾ ਉਦਘਾਟਨ ਵੀ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ। ਛੇਵੇਂ ਪੜਾਅ ਦੌਰਾਨ ਪਹਿਲੇ ਗਣਤੰਤਰ ਦਿਵਸ (26 ਜਨਵਰੀ 1950) ਮੌਕੇ ਰਿਆਸਤ ਸਿਰੋਹੀ ਦੇ ਅਬੂ ਦਿਲਵਾੜਾ ਇਲਾਕੇ ਦੇ ਕਈ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੀ ਰਿਆਸਤ ‘ਸੰਯੁਕਤ ਵਿਸ਼ਾਲ ਰਾਜਸਥਾਨ’ ਵਿੱਚ ਸ਼ਾਮਲ ਕਰਕੇ ‘ਰਾਜਸਥਾਨ ਸੰਘ’ ਬਣਾਇਆ ਗਿਆ ਅਤੇ ‘ਰਾਜਪੂਤਾਨਾ’ ਦਾ ਨਾਂ ਬਦਲ ਕੇ ‘ਰਾਜਸਥਾਨ’ ਕਰ ਦਿੱਤਾ ਗਿਆ। ਸੱਤਵੇਂ ਅਤੇ ਆਖ਼ਰੀ ਪੜਾਅ ਦੌਰਾਨ 1 ਨਵੰਬਰ 1956 ਨੂੰ ਰਾਜ ਪੁਨਰਗਠਨ ਐਕਟ ਤਹਿਤ ਰਾਜਸਥਾਨ ਸੰਘ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਿਆ ਅਜਮੇਰ (ਮੇਰਵਾੜਾ) ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੀ ਮਾਨਪੁਰ ਤਹਿਸੀਲ ਦਾ ਸੁਨੇਲ ਟਪਾ ਕੋਟਾ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਝਾਲਾਵਾੜ ਦਾ ਸਿਰੋਜ ਇਲਾਕਾ ਮੱਧ ਪ੍ਰਦੇਸ਼ ਨੂੰ ਦੇ ਦਿੱਤਾ ਗਿਆ। ਛੇਵੇਂ ਪੜਾਅ ਦੌਰਾਨ ਸਿਰੋਹੀ ਰਿਆਸਤ ਦੇ ਅਬੂ ਦਿਲਵਾੜਾ ਦਾ ਜੋ ਇਲਾਕਾ ਬੰਬਈ ਪ੍ਰਾਂਤ ਨੂੰ ਦਿੱਤਾ ਗਿਆ ਸੀ, ਇਹ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਰਾਜਸਥਾਨ ਦੇ ਏਕੀਕਰਨ ਦਾ ਕੰਮ ਸੱਤ ਪੜਾਵਾਂ ਦੌਰਾਨ 8 ਸਾਲ 7 ਮਹੀਨੇ ਅਤੇ 14 ਦਿਨਾਂ ਵਿੱਚ ਮੁਕੰਮਲ ਹੋਇਆ ਤੇ ਹੋਂਦ ਵਿੱਚ ਆਇਆ ਵਰਤਮਾਨ ‘ਰਾਜਸਥਾਨ’।
ਕੀ ਅੱਧਾ ਰਾਜਸਥਾਨ ਹੁੰਦਾ ਪਾਕਿਸਤਾਨ ਦਾ ਹਿੱਸਾ?
ਮੱਧ ਭਾਰਤ ਦੀ ਰਿਆਸਤ ਭੋਪਾਲ ਦਾ ਨਵਾਬ ਹਮੀਦ ਉਲ੍ਹਾ ਖਾਨ ਮੁਸਲਿਮ ਲੀਗ ਅਤੇ ਪਾਕਿਸਤਾਨ ਦਾ ਹਮਾਇਤੀ ਹੋਣ ਕਰਕੇ ਭੋਪਾਲ ਰਿਆਸਤ ਨੂੰ ਪਾਕਿਸਤਾਨ ਵਿੱਚ ਮਿਲਾਉਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨਾਲ ਨਵਾਬ ਭੋਪਾਲ ਦੀ ਗਹਿਰੀ ਦੋਸਤੀ ਵੀ ਸੀ। ਨਵਾਬ ਭੋਪਾਲ ਨੇ ਸਿੰਧ ਤੋਂ ਭੋਪਾਲ ਤੱਕ ਰਸਤੇ ਵਿੱਚ ਪੈਣ ਵਾਲੀਆਂ ਸਾਰੀਆਂ ਰਿਆਸਤਾਂ ਅਤੇ ਉਨ੍ਹਾਂ ਦੇ ਸ਼ਾਸਕਾਂ ’ਤੇ ਕਰੜੀ ਨਿਗ੍ਹਾ ਰੱਖੀ ਹੋਈ ਸੀ। ਇਸ ਯੋਜਨਾ ਨੂੰ ਸਿਰੇ ਚਾੜ੍ਹਣ ਲਈ ਰਾਜਪੂਤਾਨਾ ਦੀਆਂ ਉਦੈਪੁਰ, ਜੋਧਪੁਰ ਅਤੇ ਜੈਸਲਮੇਰ ਰਿਆਸਤਾਂ ਤੋਂ ਇਲਾਵਾ ਇੰਦੌਰ, ਬੜੌਦਾ ਅਤੇ ਭੋਪਾਲ ਦਾ ਪਾਕਿਸਤਾਨ ਵਿੱਚ ਜਾਣਾ ਜ਼ਰੂਰੀ ਸੀ। ਜੋਧਪੁਰ ਦੇ ਮਹਾਰਾਜਾ ਹਨਵੰਤ ਸਿੰਘ ਨੇ ਨਵਾਬ ਭੋਪਾਲ ਨੂੰ ਉਕਤ ਰਿਆਸਤਾਂ ਦੇ ਸ਼ਾਸਕਾਂ ਨੂੰ ਇਸ ਬਾਰੇ ਰਾਜ਼ੀ ਕਰਨ ਦੀ ਜ਼ਿੰਮੇਵਾਰੀ ਲੈ ਲਈ ਕਿਉਂਕਿ ਮੁਹੰਮਦ ਅਲੀ ਜਿਨਾਹ ਨੇ ਲੁਭਾਉਣੇ ਪ੍ਰਸਤਾਵ ਦੇ ਕੇ ਰਾਜਪੂਤਾਨਾ ਦੀਆਂ ਰਿਆਸਤਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੋਈ ਸੀ। ਇਸ ਯੋਜਨਾ ਵਿੱਚ ਇਨ੍ਹਾਂ ਨਾਲ ਧੌਲਪੁਰ ਦੇ ਮਹਾਰਾਜਾ ਉਦੈਭਾਨ ਸਿੰਘ ਵੀ ਸ਼ਾਮਲ ਹੋ ਗਏ ਕਿਉਂਕਿ ਇਹ ਵੀ ਭਾਰਤੀ ਸੰਘ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸਨ। ਨਵਾਬ ਭੋਪਾਲ ਅਤੇ ਧੌਲਪੁਰ ਦੇ ਰਾਜੇ ਦੀ ਮਦਦ ਨਾਲ ਮਹਾਰਾਜਾ ਹਨਵੰਤ ਸਿੰਘ ਦੀ ਮੁਲਾਕਾਤ ਅਗਸਤ 1947 ਵਿੱਚ ਜਿਨਾਹ ਨਾਲ ਹੋਈ। ਮਹਾਰਾਜੇ ਨੇ ਜਿਨਾਹ ਨਾਲ ਕਰਾਚੀ ਬੰਦਰਗਾਹ ਦੀ ਵਰਤੋਂ ਦੀ ਸੁਵਿਧਾ, ਰੇਲਵੇ ਦਾ ਅਧਿਕਾਰ, ਅਨਾਜ ਅਤੇ ਹਥਿਆਰਾਂ ਦੇ ਆਯਾਤ ਦੇ ਵਿਸ਼ੇ ’ਤੇ ਗੱਲਬਾਤ ਕੀਤੀ ਤਾਂ ਜਿਨਾਹ ਨੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨਣ ਦਾ ਭਰੋਸਾ ਦਿੱਤਾ। ਜਦੋਂ ਮਹਾਰਾਜਾ ਜੋਧਪੁਰ ਨੇ ਉਦੈਪੁਰ ਦੇ ਮਹਾਰਾਜਾ ਰਾਣਾ ਭੂਪਾਲ ਸਿੰਘ ਨੂੰ ਵੀ ਪਾਕਿਸਤਾਨ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਮਹਾਰਾਜਾ ਉਦੈਪੁਰ ਨੇ ਇਹ ਕਹਿ ਕੇ ਇਹ ਪ੍ਰਸਤਾਵ ਠੁਕਰਾ ਦਿੱਤਾ ਕਿ ਇੱਕ ਹਿੰਦੂ ਸ਼ਾਸਕ ਬਹੁਗਿਣਤੀ ਹਿੰਦੂ ਰਿਆਸਤ ਨੂੰ ਮੁਸਲਮਾਨਾਂ ਦੇ ਦੇਸ਼ ਵਿੱਚ ਸ਼ਾਮਲ ਨਹੀਂ ਕਰ ਸਕਦਾ। ਇਸ ਮਗਰੋਂ ਮਹਾਰਾਜਾ ਹਨਵੰਤ ਸਿੰਘ ਨੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਬਾਰੇ ਮੁੜ ਸੋਚਣਾ ਸ਼ੁਰੂ ਕੀਤਾ। ਸਰਦਾਰ ਵੱਲਭ ਭਾਈ ਪਟੇਲ ਨੂੰ ਮਹਾਰਾਜਾ ਹਨਵੰਤ ਸਿੰਘ ਅਤੇ ਜਿਨਾਹ ਦੀ ਮੁਲਾਕਾਤ ਬਾਰੇ ਅਤੇ ਹੋਰਨਾਂ ਰਿਆਸਤਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕਰਨ ਦੀ ਖ਼ਬਰ ਦੇ ਨਾਲ ਨਾਲ ਇਹ ਖ਼ਬਰਾਂ ਵੀ ਮਿਲੀਆਂ ਕਿ ਰਿਆਸਤ ਦੀ ਜਨਤਾ ਅਤੇ ਕੁਝ ਜਾਗੀਰਦਾਰ ਪਾਕਿਸਤਾਨ ਵਿੱਚ ਰਲੇਵੇਂ ਦੇ ਵਿਰੋਧ ਵਿੱਚ ਹਨ ਤਾਂ ਸਰਦਾਰ ਪਟੇਲ ਨੇ ਇਸ ਸਾਰੀ ਸਥਿਤੀ ਤੋਂ ਲਾਰਡ ਮਾਊਂਟਬੈਟਨ ਨੂੰ ਜਾਣੂ ਕਰਵਾਇਆ। ਬਾਅਦ ਵਿੱਚ ਲਾਰਡ ਮਾਊਂਟਬੈਟਨ ਅਤੇ ਮਹਾਰਾਜਾ ਹਨਵੰਤ ਸਿੰਘ ਦੀ ਦਿੱਲੀ ਵਿੱਚ ਮੁਲਾਕਾਤ ਹੋਈ, ਜਿਸ ਵਿੱਚ ਮਾਊਂਟਬੈਟਨ ਨੇ ਮਹਾਰਾਜੇ ਨੂੰ ਸਮਝਾਇਆ ਕਿ ਧਰਮ ਦੇ ਆਧਾਰ ’ਤੇ ਵੰਡੇ ਦੇਸ਼ ਵਿੱਚ ਮੁਸਲਿਮ ਰਿਆਸਤ ਨਾ ਹੁੰਦੇ ਹੋਏ ਵੀ ਪਾਕਿਸਤਾਨ ਵਿੱਚ ਰਲਣ ਦੇ ਫ਼ੈਸਲੇ ਨਾਲ ਜੋਧਪੁਰ ਅਤੇ ਆਸ-ਪਾਸ ਦੀਆਂ ਰਿਆਸਤਾਂ ਵਿੱਚ ਫ਼ਿਰਕੂ ਭਾਵਨਾਵਾਂ ਭੜਕ ਸਕਦੀਆਂ ਹਨ। ਉੱਧਰ ਸਰਦਾਰ ਪਟੇਲ ਕਿਸੇ ਵੀ ਕੀਮਤ ’ਤੇ ਜੋਧਪੁਰ ਨੂੰ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਚਾਹੁੰਦੇ ਸਨ। ਇਸ ਲਈ ਸਰਦਾਰ ਪਟੇਲ ਨੇ ਮਹਾਰਾਜਾ ਜੋਧਪੁਰ ਨੂੰ ਭਰੋਸਾ ਦਿੱਤਾ ਕਿ ਭਾਰਤ ਵਿੱਚ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਿਹੜੀਆਂ ਉਨ੍ਹਾਂ ਨੇ ਪਾਕਿਸਤਾਨ ਤੋਂ ਮੰਗੀਆਂ ਸਨ। ਇਸ ਵਿੱਚ ਹਥਿਆਰਾਂ ਦਾ ਲੈਣ-ਦੇਣ, ਕਾਲਗ੍ਰਸਤ ਇਲਾਕੇ ਵਿੱਚ ਅਨਾਜ ਦੀ ਦੀ ਪੂਰਤੀ ਅਤੇ ਰਣ ਆਫ ਕੱਛ ਤੱਕ ਜੋਧਪੁਰ ਰੇਲਵੇ ਲਾਈਨ ਦੇ ਵਿਸਥਾਰ ਦੀਆਂ ਸ਼ਰਤਾਂ ਵੀ ਸ਼ਾਮਲ ਸਨ। ਵਕਤ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਅਖੀਰ ਮਹਾਰਾਜਾ ਹਨਵੰਤ ਸਿੰਘ ਨੇ ਭਾਰਤੀ ਸੰਘ ਵਿੱਚ ਰਲੇਵੇਂ ਵਾਲੇ ਦਸਤਾਵੇਜ਼ਾਂ ’ਤੇ ਦਸਤਖਤ ਕਰ ਦਿੱਤੇ। ਕਈ ਜਗ੍ਹਾ ਜ਼ਿਕਰ ਮਿਲਦਾ ਹੈ ਜਦੋਂ ਮਹਾਰਾਜਾ ਹਨਵੰਤ ਸਿੰਘ, ਜਿਨਾਹ ਨੂੰ ਮਿਲੇ ਸਨ ਤਾਂ ਉਨ੍ਹਾਂ ਨਾਲ ਜੈਸਲਮੇਰ ਦੇ ਯੁਵਰਾਜ ਵੀ ਇਸ ਮੁਲਾਕਾਤ ਵਿੱਚ ਸ਼ਾਮਲ ਸਨ। ਜਦੋਂ ਜਿਨਾਹ ਨੇ ਇੱਕ ਖਾਲੀ ਕਾਗਜ਼ ’ਤੇ ਦਸਤਖਤ ਕਰਕੇ ਮਹਾਰਾਜਾ ਜੋਧਪੁਰ ਨੂੰ ਇਸ ਉੱਤੇ ਆਪਣੀਆਂ ਸ਼ਰਤਾਂ ਲਿਖਣ ਦੀ ਪੇਸ਼ਕਸ਼ ਕੀਤੀ ਤਾਂ ਮਹਾਰਾਜਾ ਨੇ ਇਸ ਸਬੰਧੀ ਯੁਵਰਾਜ ਜੈਸਲਮੇਰ ਤੋਂ ਸਲਾਹ ਮੰਗੀ ਤੇ ਉਨ੍ਹਾਂ ਨੇ ਸੋਚਣ ਲਈ ਕੁਝ ਸਮੇਂ ਦੀ ਮੰਗ ਕੀਤੀ ਤਾਂ ਜਿਨਾਹ ਨੇ ਗੁੱਸੇ ਵਿੱਚ ਉਹ ਕਾਗਜ਼ ਮਹਾਰਾਜਾ ਹਨਵੰਤ ਸਿੰਘ ਕੋਲੋਂ ਖੋਹ ਲਿਆ। ਇਸ ਕਰਕੇ ਮਹਾਰਾਜੇ ਦੇ ਏ.ਡੀ.ਸੀ. ਕੇਸਰੀ ਸਿੰਘ ਨੂੰ ਜਿਨਾਹ ਦੀ ਨੀਅਤ ਉੱਤੇ ਕੁਝ ਸ਼ੱਕ ਹੋਇਆ ਤਾਂ ਉਹ ਮਹਾਰਾਜਾ ਹਨਵੰਤ ਸਿੰਘ ਨੂੰ ਬਗੈਰ ਦਸਤਖਤ ਕੀਤੇ ਉੱਥੋਂ ਲਿਜਾਣ ਵਿੱਚ ਸਫ਼ਲ ਹੋ ਗਿਆ। ਜੇਕਰ ਮਹਾਰਾਜਾ ਜੋਧਪੁਰ ਪਾਕਿਸਤਾਨ ਵਿੱਚ ਆਪਣੀ ਰਿਆਸਤ ਦਾ ਰਲੇਵਾਂ ਕਰ ਦਿੰਦੇ ਤਾਂ ਸ਼ਾਇਦ ਹੋਰ ਵੀ ਰਿਆਸਤਾਂ ਪਾਕਿਸਤਾਨ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਂਦੀਆਂ। ਸਭ ਕੋਸ਼ਿਸ਼ਾਂ ਦੇ ਬਾਵਜੂਦ ਜਿਨਾਹ ਅਤੇ ਨਵਾਬ ਭੋਪਾਲ ਦੀ ਯੋਜਨਾ ਸਿਰੇ ਨਾ ਚੜ੍ਹ ਸਕੀ ਅਤੇ ਜੋਧਪੁਰ ਰਿਆਸਤ ਭਾਰਤ ਵਿੱਚ ਸ਼ਾਮਲ ਹੋ ਗਈ। ਜੇ ਅਜਿਹਾ ਨਾ ਹੁੰਦਾ ਤਾਂ ਵਰਤਮਾਨ ਰਾਜਸਥਾਨ ਦਾ ਸ਼ਾਇਦ ਅੱਧਾ ਭਾਗ ਅੱਜ ਪਾਕਿਸਤਾਨ ਦਾ ਹਿੱਸਾ ਹੁੰਦਾ।
ਹੁਸੈਨੀਵਾਲਾ ਹੈੱਡਵਰਕਸ ਅਤੇ ਬੀਕਾਨੇਰ ਰਿਆਸਤ
ਸਾਲ 1927 ਵਿੱਚ ਬੀਕਾਨੇਰ ਦੇ ਉਸ ਸਮੇਂ ਦੇ ਮਹਾਰਾਜਾ ਗੰਗਾ ਸਿੰਘ ਨੇ ਆਪਣੀ ਰਿਆਸਤ ਦੇ ਉੱਤਰੀ ਇਲਾਕੇ ਵਿੱਚ ਸਿੰਜਾਈ ਲਈ ‘ਗੰਗ ਨਹਿਰ’ ਖੁਦਵਾਈ ਸੀ ਜੋ ਪੰਜਾਬ ਦੇ ਹੁਸੈਨੀਵਾਲਾ ਵਾਟਰ ਹੈੱਡਵਰਕਸ (ਫਿਰੋਜ਼ਪੁਰ) ਤੋਂ ਨਿਕਲਦੀ ਸੀ। ਇਸ ਨਹਿਰ ਤੋਂ ਰਿਆਸਤ ਦੀ 1000 ਵਰਗ ਮੀਲ ਤੋਂ ਵੀ ਵੱਧ ਜ਼ਮੀਨ ਦੀ ਸਿੰਜਾਈ ਹੋਣ ਕਰਕੇ ਇਹ ਨਹਿਰ ਬੀਕਾਨੇਰ ਰਿਆਸਤ ਦੀ ਜੀਵਨ ਰੇਖਾ ਅਤੇ ਆਰਥਿਕ ਮਜ਼ਬੂਤੀ ਦਾ ਆਧਾਰ ਸੀ। ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਸਰਹੱਦਾਂ ਬਣਾਉਣ ਲਈ ਹੱਦਬੰਦੀ ਕਮਿਸ਼ਨ ਬਣਿਆ ਤਾਂ ਪਾਕਿਸਤਾਨੀ ਪੱਖ ਵਾਲਿਆਂ ਨੇ ਹੁਸੈਨੀਵਾਲਾ ਵਾਟਰ ਹੈੱਡਵਰਕਸ ਦਾ ਕੰਟਰੋਲ ਵੀ ਮੰਗ ਲਿਆ। ਇਸ ਦਾ ਸਿੱਧਾ ਮਤਲਬ ਗੰਗ ਨਹਿਰ ਦੇ ਪਾਣੀ ਦਾ ਕੰਟਰੋਲ ਵੀ ਪਾਕਿਸਤਾਨ ਦੇ ਹੱਥਾਂ ਵਿੱਚ ਜਾਂਦਾ ਸੀ, ਉਸ ਦਾ ਜਦੋਂ ਦਿਲ ਕਰਦਾ ਤਾਂ ਪਾਣੀ ਦੀ ਸਪਲਾਈ ਬੰਦ ਕਰਕੇ ਰਿਆਸਤ ਬੀਕਾਨੇਰ ਨੂੰ ਬੰਜਰ ਬਣਾ ਸਕਦਾ ਸੀ। ਜਦੋਂ ਇਸ ਦੀ ਖ਼ਬਰ ਬੀਕਾਨੇਰ ਦੇ ਮਹਾਰਾਜਾ ਸਾਦੂਲ ਸਿੰਘ ਨੂੰ ਮਿਲੀ ਤਾਂ ਉਹ ਹੱਦਬੰਦੀ ਕਮਿਸ਼ਨ ਦੇ ਇਸ ਫ਼ੈਸਲੇ ਖ਼ਿਲਾਫ਼ ਅੜ ਗਏ। ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਕੇ.ਐੱਸ. ਪਣੀਕਰ, ਜਸਟਿਸ ਟੇਕ ਚੰਦ ਬਖ਼ਸ਼ੀ ਅਤੇ ਸਿੰਜਾਈ ਮੰਤਰੀ ਐੱਲ. ਕੰਵਰਸੇਨ ਨੂੰ ਆਪਣਾ ਪੱਖ ਮਾਊਂਟਬੈਟਨ ਅੱਗੇ ਰੱਖਣ ਲਈ ਹਵਾਈ ਜਹਾਜ਼ ਰਾਹੀਂ ਦਿੱਲੀ ਭੇਜਿਆ। ਮਹਾਰਾਜਾ ਸਾਦੂਲ ਸਿੰਘ ਨੇ ਪਟੇਲ ਅਤੇ ਮਾਊਂਟਬੈਟਨ ਵੱਲ ਇਹ ਸੁਨੇਹਾ ਵੀ ਭੇਜਿਆ ਕਿ ਜੇਕਰ ਫਿਰੋਜ਼ਪੁਰ ਵਾਟਰ ਹੈੱਡਵਰਕਸ ਅਤੇ ਗੰਗ ਨਹਿਰ ਦਾ ਕੋਈ ਹਿੱਸਾ ਪਾਕਿਸਤਾਨ ਨੂੰ ਮਿਲਿਆ ਤਾਂ ਰਿਆਸਤ ਬੀਕਾਨੇਰ ਕੋਲ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਦਾ। ਮਹਾਰਾਜਾ ਬੀਕਾਨੇਰ ਇਸ ਸਮੇਂ ਚੱਲ ਰਹੀਆਂ ਸਰਗਰਮੀਆਂ ਕਰਕੇ ਰਿਆਸਤ ਦੀ ਵਿਵਸਥਾ ਨੂੰ ਸੰਭਾਲਣ ਵਿੱਚ ਲੱਗੇ ਹੋਏ ਸਨ। ਰਿਆਸਤ ਦੇ ਉੱਤਰ ਵੱਲ ਸ੍ਰੀ ਗੰਗਾਨਗਰ ਦੇ ਭਾਦਰਾ ਤੋਂ ਲੈ ਕੇ ਅਨੂਪਗੜ੍ਹ ਅਤੇ ਖਾਜੂਵਾਲਾ ਇਲਾਕਿਆਂ ਤੱਕ ਵੱਡੀ ਤਾਦਾਦ ਵਿੱਚ ਮੁਸਲਮਾਨ ਆਬਾਦੀ ਰਹਿੰਦੀ ਸੀ। ਪਾਕਿਸਤਾਨ ਨੂੰ ਜਾਣ ਵਾਲੇ ਮੁੱਖ ਰੇਲ ਮਾਰਗਾਂ ਵਿੱਚੋਂ ਇੱਕ ਮਾਰਗ ਬੀਕਾਨੇਰ ਦੇ ਹਿੰਦੂਮਲਕੋਟ ਤੋਂ ਹੋ ਕੇ ਜਾਂਦਾ ਸੀ। ਇਸ ਮਾਰਗ ’ਤੇ ਪਾਕਿਸਤਾਨ ਜਾਣ ਵਾਲੇ ਮੁਸਲਮਾਨਾਂ ਅਤੇ ਉੱਧਰੋਂ ਇੱਧਰ ਆਉਣ ਵਾਲੇ ਹਿੰਦੂਆਂ ਦਾ ਭਾਰੀ ਦਬਾਅ ਬਣਿਆ ਹੋਇਆ ਸੀ। ਪਾਕਿਸਤਾਨ ਵਿੱਚ ਗਈ ਰਿਆਸਤ ਬਹਾਵਲਪੁਰ ਦੀਆਂ ਹੱਦਾਂ ਨਾਲ ਲੱਗਦੇ ਲੋਕ ਆਸਾਨੀ ਨਾਲ ਦੋਵੇਂ ਪਾਸੇ ਚਲੇ ਗਏ ਪਰ ਰੇਲ ਮਾਰਗ ਰਾਹੀਂ ਦੋਵੇਂ ਪਾਸੇ ਵੱਢ-ਟੁੱਕ ਦਾ ਡਰ ਬਣਿਆ ਹੋਇਆ ਸੀ। ਇਸ ਕਰਕੇ ਸਥਿਤੀ ’ਤੇ ਕਾਬੂ ਰੱਖਣ ਲਈ ਮਹਾਰਾਜਾ ਸਾਦੂਲ ਸਿੰਘ ਖ਼ੁਦ ਇਨ੍ਹਾਂ ਦਿਨਾਂ ਵਿੱਚ ਆਪਣੇ ਬਹੁਤੇ ਅਧਿਕਾਰੀਆਂ ਨਾਲ ਹਿੰਦੂਮਲਕੋਟ ਮੌਜੂਦ ਸਨ ਅਤੇ ਇਸੇ ਕਾਰਨ ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਦਿੱਲੀ ਭੇਜਿਆ ਸੀ। ਰਿਆਸਤ ਦੇ ਮੰਤਰੀਆਂ ਨੇ ਮਹਾਰਾਜਾ ਸਾਦੂਲ ਸਿੰਘ ਦਾ ਇਹ ਸੁਨੇਹਾ ਪਟੇਲ ਅਤੇ ਮਾਊਂਟਬੈਟਨ ਨੂੰ ਦਿੱਤਾ ਤਾਂ ਉਹ ਹੈਰਾਨ ਰਹਿ ਗਏ। ਸਤਾਰਾਂ ਅਗਸਤ 1947 ਨੂੰ ਜਦੋਂ ਰੈੱਡਕਲਿਫ ਬਾਊਂਡਰੀ ਦਾ ਐਲਾਨ ਹੋਇਆ ਤਾਂ ਫਿਰੋਜ਼ਪੁਰ ਵਾਟਰ ਹੈੱਡਵਰਕਸ ਭਾਰਤ ਵਿੱਚ ਦਿਖਾਇਆ ਗਿਆ, ਜਿਸ ਨੂੰ ਮਾਊਂਟਬੈਟਨ ਨੇ ਖ਼ੁਦ ਪਾਕਿਸਤਾਨ ਤੋਂ ਭਾਰਤ ਵਿੱਚ ਸ਼ਾਮਲ ਕਰਵਾਇਆ ਸੀ। ਇਸ ਤਰ੍ਹਾਂ ਮਹਾਰਾਜਾ ਸਾਦੂਲ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਫਿਰੋਜ਼ਪੁਰ ਵਾਟਰ ਹੈੱਡਵਰਕਸ ਨੂੰ ਪਾਕਿਸਤਾਨ ਵਿੱਚ ਜਾਣ ਤੋਂ ਬਚਾ ਲਿਆ। ਰਿਆਸਤ ਬੀਕਾਨੇਰ ਹੀ ਰਾਜਪੂਤਾਨਾ ਦੀ ਸਭ ਤੋਂ ਪਹਿਲੀ ਰਿਆਸਤ ਸੀ ਜੋ ਭਾਰਤੀ ਸੰਘ ਵਿੱਚ ਸ਼ਾਮਲ ਹੋਈ ਸੀ। ਏਕੀਕਰਨ ਸਮੇਂ ਸਭ ਤੋਂ ਵੱਧ ਧਰੋਹਰ ਰਾਸ਼ੀ ਜਮ੍ਹਾਂ ਕਰਵਾਉਣ ਵਾਲੀ ਰਿਆਸਤ ਵੀ ਬੀਕਾਨੇਰ ਹੀ ਸੀ ਜਿਸ ਨੇ 4 ਕਰੋੜ 87 ਲੱਖ ਦੀ ਧਰੋਹਰ ਰਾਸ਼ੀ ਜਮ੍ਹਾਂ ਕਰਵਾਈ ਸੀ।
ਹੋਰ ਕਿੱਸੇ ਕਹਾਣੀਆਂ
ਸ਼ੁਰੂਆਤੀ ਦੌਰ ਵਿੱਚ ਕਈ ਰਿਆਸਤਾਂ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਦੀ ਬਜਾਏ ਆਜ਼ਾਦ ਰਹਿਣਾ ਚਾਹੁੰਦੀਆਂ ਸਨ ਪਰ ਹਾਲਾਤ ਅਜਿਹੇ ਬਣ ਗਏ ਸਨ ਕਿ ਉਨ੍ਹਾਂ ਕੋਲ ਆਪਣੀ ਸੱਤਾ ਛੱਡਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਧੌਲਪੁਰ ਦੇ ਮਹਾਰਾਜਾ ਉਦੈਭਾਨ ਸਿੰਘ ਭਾਰਤ ਵਿੱਚ ਰਲੇਵੇਂ ਤੋਂ ਬਾਅਦ ਮਾਊਂਟਬੈਟਨ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਮਾਊਂਟਬੈਟਨ ਨੂੰ ਕਿਹਾ, “ਤੁਹਾਡੇ ਸਮਰਾਟ ਦੇ ਪੁਰਖਿਆਂ ਨਾਲ ਮੇਰੇ ਪੁਰਖਿਆਂ ਦੇ ਜੋ ਪੁਰਾਣੇ ਸੰਬੰਧ ਬਣੇ ਆ ਰਹੇ ਸਨ ਉਹ ਅੱਜ ਹਮੇਸ਼ਾਂ ਲਈ ਟੁੱਟ ਗਏ।” ਰਿਆਸਤ ਟੌਂਕ ਦੇ ਮੁਸਲਮਾਨ ਸ਼ਾਸਕ ਵੀ ਜੋਧਪੁਰ ਨਾਲ ਹੀ ਪਾਕਿਸਤਾਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਜਦੋਂ ਜੋਧਪੁਰ ਭਾਰਤ ਵਿੱਚ ਸ਼ਾਮਲ ਹੋਇਆ ਤਾਂ ਟੌਂਕ ਵੀ ਭਾਰਤ ਦਾ ਹਿੱਸਾ ਬਣ ਗਿਆ। ਰਿਆਸਤ ਅਲਵਰ ਦੇ ਮਹਾਰਾਜਾ ਤੇਜ ਸਿੰਘ ਉੱਤੇ ਮਹਾਤਮਾ ਗਾਂਧੀ ਦੇ ਕਤਲ ਦੇ ਸਾਜ਼ਿਸ਼ਘਾੜਿਆਂ ਨੂੰ ਰਿਆਸਤ ਵਿੱਚ ਪਨਾਹ ਦੇਣ ਦੇ ਦੋਸ਼ ਲੱਗੇ ਸਨ ਜਿਸ ਕਰਕੇ ਮਹਾਰਾਜੇ ਅਤੇ ਦੀਵਾਨ ਐੱਮ.ਬੀ. ਖਰੇ ਨੂੰ ਕਈ ਮਹੀਨੇ ਦਿੱਲੀ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਰਿਆਸਤ ਬਾਂਸਵਾੜਾ ਦੇ ਰਾਜਾ ਚੰਦਰਵੀਰ ਸਿੰਘ ਨੇ ਭਾਰਤ ਵਿੱਚ ਰਲੇਵੇਂ ਦੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਦਿਆਂ ਕਿਹਾ ਸੀ, ‘‘ਮੈਂ ਅੱਜ ਆਪਣੀ ਮੌਤ ਦੇ ਵਾਰੰਟ ’ਤੇ ਦਸਤਖਤ ਕਰ ਰਿਹਾ ਹਾਂ।” ਭਾਰਤ ਸਰਕਾਰ ਦਾ ਭਰਤਪੁਰ ਦੇ ਮਹਾਰਾਜਾ ਬ੍ਰਿਜੇਂਦਰ ਸਿੰਘ ’ਤੇ ਦੋਸ਼ ਸੀ ਕਿ ਉਸ ਨੇ 15 ਅਗਸਤ 1947 ਨੂੰ ਰਿਆਸਤ ਵਿੱਚ ਆਜ਼ਾਦੀ ਦਿਵਸ ਨਹੀਂ ਮਨਾਇਆ ਅਤੇ ਵੰਡ ਲਈ ਭਾਰਤੀ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਹੈ, ਜਿਸ ਕਰਕੇ ਭਾਰਤ ਸਰਕਾਰ ਦਾ ਰਿਆਸਤੀ ਵਿਭਾਗ ਮਹਾਰਾਜੇ ਤੋਂ ਨਾਰਾਜ਼ ਹੈ। ਸਾਲ 1949 ਵਿੱਚ ਜਦੋਂ ਮਤੱਸਯ ਸੰਘ ਦੀਆਂ ਰਿਆਸਤਾਂ ਨੂੰ ਰਾਜਸਥਾਨ ਸੰਘ ਵਿੱਚ ਸ਼ਾਮਲ ਕਰਨ ਲਈ ਇਨ੍ਹਾਂ ਦੇ ਮਹਾਰਾਜਿਆਂ ਨੂੰ ਦਿੱਲੀ ਬੁਲਾਇਆ ਗਿਆ ਤਾਂ ਭਰਤਪੁਰ ਅਤੇ ਧੌਲਪੁਰ ਰਿਆਸਤਾਂ ਰਾਜਸਥਾਨ ਸੰਘ ਦੀ ਬਜਾਏ ਕੁਝ ਸੱਭਿਆਚਾਰਕ ਅਤੇ ਭਾਸ਼ਾਈ ਕਾਰਨਾਂ ਕਰਕੇ ਸੰਯੁਕਤ ਪ੍ਰਾਂਤ (ਯੂ.ਪੀ.) ਵਿੱਚ ਸ਼ਾਮਲ ਹੋਣ ਦੀਆਂ ਇਛੁੱਕ ਸਨ ਪਰ ਬਾਅਦ ਵਿੱਚ ਇਹ ਵੀ ਰਾਜਸਥਾਨ ਸੰਘ ਵਿੱਚ ਸ਼ਾਮਲ ਹੋਣ ਲਈ ਮੰਨ ਗਈਆਂ ਸਨ। ਰਿਆਸਤੀ ਵਿਭਾਗ ਨੇ ਕਈ ਰਾਜਪੂਤ ਰਿਆਸਤਾਂ ਦੇ ਰਾਜਿਆਂ ਉੱਤੇ ਇਹ ਵੀ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਭਾਰਤੀ ਸੈਨਾ ਦੇ ਰਾਜਪੂਤ ਸਿਪਾਹੀਆਂ ਨੂੰ ਲੁਭਾਉਣਾ ਵੀ ਚਾਹਿਆ ਤਾਂ ਜੋ ਉਹ ਰਿਆਸਤਾਂ ਦੀਆਂ ਫ਼ੌਜਾਂ ਵਿੱਚ ਸ਼ਾਮਲ ਹੋ ਜਾਣ ਅਤੇ ਫ਼ੌਜੀ ਤਾਕਤ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਰਿਆਸਤਾਂ ਦਾ ਆਪਣਾ ਆਜ਼ਾਦ ਵਜੂਦ ਕਾਇਮ ਰਹਿ ਸਕੇ, ਪਰ ਉਨ੍ਹਾਂ ਦੀ ਇਹ ਯੋਜਨਾ ਸਰਦਾਰ ਵੱਲਭ ਭਾਈ ਪਟੇਲ ਅਤੇ ਵੀ.ਪੀ. ਮੈਨਨ ਦੀਆਂ ਕੋਸ਼ਿਸ਼ਾਂ ਕਰਕੇ ਕਦੇ ਸਫ਼ਲ ਨਾ ਹੋ ਸਕੀ।
ਰਾਜਸਥਾਨ ਦਾ ‘ਮਿੰਨੀ ਪੰਜਾਬ’
ਰਾਜਸਥਾਨ ਦੇ ਉੱਤਰੀ ਜ਼ਿਲ੍ਹਿਆਂ ਗੰਗਾਨਗਰ ਅਤੇ ਹਨੂੰਮਾਨਗੜ੍ਹ ਦਾ ਵੱਡਾ ਹਿੱਸਾ ਅੱਜ ਪੰਜਾਬ ਵਾਂਗ ਹੀ ਮੈਦਾਨੀ ਅਤੇ ਹਰਿਆਲੀ ਵਾਲਾ ਇਲਾਕਾ ਹੈ। ਇਸ ਦਾ ਸਿਹਰਾ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਅਤੇ ਇੱਥੇ ਆ ਕੇ ਵੱਸੇ ਪੰਜਾਬੀ ਕਿਸਾਨਾਂ ਸਿਰ ਬੱਝਦਾ ਹੈ। ਸਾਲ 1927 ਵਿੱਚ ਗੰਗ ਨਹਿਰ ਦਾ ਪਾਣੀ ਇੱਥੇ ਪਹੁੰਚਣ ਤੋਂ ਪਹਿਲਾਂ ਖੇਤੀ ਮੀਂਹਾਂ ਦੇ ਪਾਣੀ ’ਤੇ ਨਿਰਭਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਮੀਂਹ ਨਾ ਪੈਣ ਕਰਕੇ ਰਿਆਸਤ ਵਿੱਚ ਭਿਆਨਕ ਕਾਲ ਪਿਆ ਹੋਇਆ ਸੀ। ਦੂਰ ਦੂਰ ਤੱਕ ਵੀ ਹਰਿਆਲੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਤਾਂ ਅਜਿਹੇ ਵਕਤ ਮਹਾਰਾਜਾ ਗੰਗਾ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਗੰਗ ਨਹਿਰ ਬੀਕਾਨੇਰ ਰਿਆਸਤ ਵਿੱਚ ਲਿਆਂਦੀ ਗਈ ਅਤੇ ਨਾਲ ਹੀ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਕਿਸਾਨ ਵੀ ਇੱਥੇ ਆਏ। ਇਨ੍ਹਾਂ ਕਿਸਾਨਾਂ ਨੂੰ ਇੱਥੇ ਵਸਾਉਣ ਲਈ ਮਹਾਰਾਜਾ ਬੀਕਾਨੇਰ ਨੇ ਨਿੱਜੀ ਦਿਲਚਸਪੀ ਵਿਖਾਈ ਜਿਸ ਬਾਬਤ ਕਈ ਕਿੱਸੇ ਕਹਾਣੀਆਂ ਅੱਜ ਵੀ ਮਸ਼ਹੂਰ ਹਨ। ਮਿਹਨਤੀ ਪੰਜਾਬੀ ਕਿਸਾਨਾਂ ਨੇ ਅਗਲੇ ਕੁਝ ਸਾਲਾਂ ਵਿੱਚ ਹੀ ਇਸ ਇਲਾਕੇ ਦਾ ਮੂੰਹ ਮੁਹਾਂਦਰਾ ਬਦਲ ਕੇ ਰੱਖ ਦਿੱਤਾ। ਰੇਗਿਸਤਾਨ ਵਿੱਚ ਆਪਣਾ ਖ਼ੂਨ ਪਸੀਨਾ ਵਹਾ ਕੇ ਪੰਜਾਬੀ ਕਿਸਾਨਾਂ ਨੇ ਇਸ ਨੂੰ ਆਬਾਦ ਕੀਤਾ ਬਿਲਕੁਲ ਓਵੇਂ ਜਿਵੇਂ ਲਹਿੰਦੇ ਪੰਜਾਬ ਦੀਆਂ ਬਾਰਾਂ ਆਬਾਦ ਕੀਤੀਆਂ ਸਨ। ਸ਼ਾਇਦ ਇਸ ਲਈ ਵੀ ਮਹਾਰਾਜਾ ਗੰਗਾ ਸਿੰਘ ਨੇ ਪੰਜਾਬੀ ਕਾਸ਼ਤਕਾਰਾਂ ਨੂੰ ਇੱਥੇ ਵਸਾਉਣ ਦੀ ਪਹਿਲ ਕੀਤੀ ਕਿਉਂਕਿ ਬਾਰਾਂ ਵਸਾਉਣ ਵਾਲੇ ਮਿਹਨਤੀ ਅਤੇ ਕਰੜੀ ਹੱਡੀ ਵਾਲੇ ਪੰਜਾਬੀਆਂ ਨੂੰ ਹੀ ਉਹ ਇਸ ਕਾਬਲ ਸਮਝਦਾ ਸੀ। ਪੰਜਾਬ ਦੀ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਆਏ ਕਈ ਪੰਜਾਬੀ ਰਿਆਸਤ ਬੀਕਾਨੇਰ ਵਿੱਚ ਆ ਵੱਸੇ ਅਤੇ ਇੱਥੇ ਆਪਣੇ ਕਾਰੋਬਾਰ ਸ਼ੁਰੂ ਕੀਤੇ। ਅੱਸੀਵਿਆਂ ਵਿੱਚ ਜਦੋਂ ਪੰਜਾਬ ਦੇ ਹਾਲਾਤ ਨਾਜ਼ੁਕ ਸਨ ਤਾਂ ਉਸ ਸਮੇਂ ਵੀ ਕਈ ਸ਼ਹਿਰੀ ਕਾਰੋਬਾਰੀ ਅਤੇ ਪੇਂਡੂ ਪੰਜਾਬੀ ਕਿਸਾਨ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਵਿੱਚ ਆ ਕੇ ਆਬਾਦ ਹੋਏ। ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਪੰਜਾਬੀਆਂ ਦੀ ਵੱਸੋਂ 24 ਫ਼ੀਸਦੀ ਅਤੇ 13 ਫ਼ੀਸਦੀ ਹੈ ਜਦੋਂਕਿ ਦੋਵੇਂ ਜ਼ਿਲ੍ਹਿਆਂ ਵਿੱਚ ਪੰਜਾਬੀ ਚੰਗੀਆਂ ਜ਼ਮੀਨਾਂ-ਜਾਇਦਾਦਾਂ ਅਤੇ ਕਾਰੋਬਾਰਾਂ ਦੇ ਮਾਲਕ ਹਨ। ਗੰਗਾਨਗਰ, ਹਨੂੰਮਾਨਗੜ੍ਹ, ਕੇਸਰੀ ਸਿੰਘ ਪੁਰ, ਪਦਮਪੁਰ, ਸ੍ਰੀ ਕਰਨਪੁਰ, ਸਾਦੂਲਸ਼ਹਿਰ, ਰਾਏ ਸਿੰਘ ਨਗਰ, ਗਜ ਸਿੰਘ ਪੁਰ, ਵਿਜੈਨਗਰ, ਅਨੂਪਗੜ੍ਹ, ਜੈਤਸਰ ਅਤੇ ਘੜਸਾਣਾ ਵਰਗੇ ਸ਼ਹਿਰਾਂ/ਕਸਬਿਆਂ ਅਤੇ ਇਨ੍ਹਾਂ ਦੇ ਨੇੜੇ ਤੇੜੇ ਚੱਕਾਂ (ਪਿੰਡਾਂ) ਵਿੱਚ ਅੱਜ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ। ਗੁਰਦੁਆਰਾ ਬੁੱਢਾ ਜੌਹੜ ਸਾਹਿਬ ਇਸ ਇਲਾਕੇ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੋ ਕਿ ਪਦਮਪੁਰ-ਜੈਤਸਰ ਸੜਕ ’ਤੇ ਸਥਿਤ ਹੈ। 1740 ਈਸਵੀ ਵਿੱਚ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢ ਕੇ ਇੱਥੇ ਹੀ ਲਿਆਂਦਾ ਸੀ। ਵਿਧਾਨ ਸਭਾ ਹਲਕਾ ਸ੍ਰੀ ਕਰਨਪੁਰ, ਜਿਸ ਵਿੱਚ ਗੰਗਾਨਗਰ ਜ਼ਿਲ੍ਹੇ ਦੀਆਂ ਤਹਿਸੀਲਾਂ ਕਰਨਪੁਰ ਅਤੇ ਪਦਮਪੁਰ ਆਉਂਦੀਆਂ ਹਨ, ਬਹੁਗਿਣਤੀ ਪੰਜਾਬੀ ਵਸੋਂ ਵਾਲਾ ਵਿਧਾਨ ਸਭਾ ਖੇਤਰ ਹੈ ਜਿੱਥੇ ਪਿਛਲੀਆਂ ਚੋਣਾਂ ਵਿੱਚ ਲਗਾਤਾਰ ਪੰਜਾਬੀ ਉਮੀਦਵਾਰ ਹੀ ਵਿਧਾਇਕ ਬਣਦਾ ਆ ਰਿਹਾ ਹੈ। ਇਸ ਲਈ ਇਸ ਨੂੰ ਰਾਜਸਥਾਨ ਵਿੱਚ ਵੱਸਦਾ ਮਿੰਨੀ ਪੰਜਾਬ ਵੀ ਕਿਹਾ ਜਾ ਸਕਦਾ ਹੈ।
ਕਿਲ੍ਹੇ, ਮਹਿਲ ਅਤੇ ਸੂਰਬੀਰਾਂ ਦਾ ਪ੍ਰਦੇਸ਼
ਰਾਜਿਆਂ ਦੀ ਧਰਤੀ ਹੋਣ ਕਰਕੇ ਰਾਜਸਥਾਨ ਵਿੱਚ ਕਈ ਵਿਸ਼ਾਲ ਕਿਲ੍ਹੇ ਅਤੇ ਮਹਿਲ ਹਨ ਜਿੱਥੇ ਸੈਲਾਨੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਜੈਪੁਰ ਦੇ ਆਮੇਰ ਅਤੇ ਜੈਗੜ੍ਹ ਕਿਲ੍ਹੇ, ਜੋਧਪੁਰ ਦਾ ਮੇਹਰਾਨਗੜ੍ਹ ਕਿਲ੍ਹਾ, ਰਾਜਸਮੰਦ ਦਾ ਕੁੰਭਲਗੜ੍ਹ ਕਿਲ੍ਹਾ, ਸਵਾਈ ਮਾਧੋਪੁਰ ਦਾ ਰਣਥੰਭੋਰ ਕਿਲ੍ਹਾ, ਬੀਕਾਨੇਰ ਦਾ ਜੂਨਾਗੜ੍ਹ ਕਿਲ੍ਹਾ, ਸਿਰੋਹੀ ਦਾ ਅਚਲਗੜ੍ਹ ਤੇ ਖਿਮਸਰ ਕਿਲ੍ਹਾ, ਨਗੌਰ ਦਾ ਛਤਰਗੜ੍ਹ ਕਿਲ੍ਹਾ, ਜਾਲੌਰ ਕਿਲ੍ਹਾ, ਚਿਤੌੜਗੜ੍ਹ ਦਾ ਕਿਲ੍ਹਾ ਅਤੇ ਭਰਤਪੁਰ ਦਾ ਲੋਹਗੜ੍ਹ ਕਿਲ੍ਹਾ ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਪਛਾਣ ਰੱਖਦੇ ਹਨ। ਸ਼ਾਨਦਾਰ ਅਤੇ ਰਾਜਸੀ ਸ਼ਾਨੋ-ਸ਼ੌਕਤ ਵਾਲੇ ਮਹਿਲਾਂ ਵਿੱਚ ਅੰਬਰ ਪੈਲੇਸ (ਜੈਪੁਰ), ਹਵਾ ਮਹਿਲ (ਜੈਪੁਰ), ਜਲ ਮਹਿਲ (ਜੈਪੁਰ), ਨੀਮਰਾਣਾ ਕਿਲ੍ਹਾ ਮਹਿਲ (ਅਲਵਰ), ਉਦੈਵਿਲਾਸ ਮਹਿਲ (ਉਦੈਪੁਰ), ਝੀਲ ਮਹਿਲ (ਉਦੈਪੁਰ), ਸਿਟੀ ਪੈਲੇਸ (ਉਦੈਪੁਰ), ਲਕਸ਼ਮੀ ਨਿਵਾਸ ਮਹਿਲ (ਬੀਕਾਨੇਰ), ਉਮੈਦ ਭਵਨ (ਜੋਧਪੁਰ) ਆਦਿ ਪ੍ਰਸਿੱਧ ਹਨ। ਰਾਜਸਥਾਨ ਦੇ ਸੂਰਬੀਰਾਂ ਦੀਆਂ ਵੀਰਗਾਥਾਵਾਂ ਕਰਕੇ ਵੀ ਰਾਜਸਥਾਨ ਆਪਣੀ ਅਲੱਗ ਪਛਾਣ ਰੱਖਦਾ ਹੈ। ਇੱਥੋਂ ਦੇ ਇਤਿਹਾਸ ਵਿੱਚ ਰਾਣਾ ਸਾਂਗਾ, ਮਹਾਰਾਣਾ ਪ੍ਰਤਾਪ, ਜੈਮਲ ਤੇ ਫੱਤਾ, ਮਹਾਰਾਜਾ ਸੂਰਜ ਮੱਲ, ਵੀਰ ਦੁਰਗਾ ਦਾਸ, ਪ੍ਰਿਥਵੀ ਰਾਜ ਚੌਹਾਨ, ਰਾਣੀ ਪਦਮਿਨੀ (ਪਦਮਾਵਤੀ), ਗੋਰਾ-ਬਾਦਲ ਅਤੇ ਪੰਨਾ ਦਾਈ ਨੇ ਆਪਣੀ ਵੀਰਤਾ ਅਤੇ ਬਲਿਦਾਨ ਦੀਆਂ ਮਿਸਾਲਾਂ ਪੇਸ਼ ਕੀਤੀਆਂ, ਜਿਸ ਤੋਂ ਰਾਜਸਥਾਨ ਦੇ ਮਹਾਨ ਇਤਿਹਾਸ ਬਾਰੇ ਪਤਾ ਲੱਗਦਾ ਹੈ। ਰਾਣੀ ਪਦਮਿਨੀ ਦਾ ਜੌਹਰ, ਉਦੈ ਸਿੰਘ ਨੂੰ ਬਨਵੀਰ ਤੋਂ ਬਚਾਉਣ ਲਈ ਪੰਨਾ ਦਾਈ ਵੱਲੋਂ ਆਪਣੇ ਪੁੱਤਰ ਚੰਦਨ ਦੀ ਕੁਰਬਾਨੀ ਅਤੇ ਸ੍ਰੀ ਕ੍ਰਿਸ਼ਨ ਦੀ ਦੀਵਾਨੀ ਮੀਰਾਬਾਈ ਦਾ ਧਰਮ ਪ੍ਰਚਾਰ ਵਰਗੇ ਅਜਿਹੇ ਅਣਗਿਣਤ ਉਦਾਹਰਨ ਹਨ ਜਿਨ੍ਹਾਂ ਤੋਂ ਇਸ ਪ੍ਰਦੇਸ਼ ਦੀਆਂ ਇਸਤਰੀਆਂ ਦੀ ਮਹਾਨਤਾ ਅਤੇ ਚਰਿੱਤਰ ਬਲ ਦਾ ਪਤਾ ਲੱਗਦਾ ਹੈ ਜਿਨ੍ਹਾਂ ਉੱਤੇ ਸਮੁੱਚਾ ਰਾਜਸਥਾਨ ਮਾਣ ਕਰਦਾ ਹੈ।
ਸੰਪਰਕ: 98159-59476