ਕਾਵਿ ਕਿਆਰੀ
ਗ਼ਜ਼ਲ
ਜਸਵਿੰਦਰ ਸਿੰਘ ਰੂਪਾਲ
ਉਨ੍ਹਾਂ ਰਾਹ ਵਿੱਚ ਪੱਥਰ ਸੁੱਟੇ ਜੋ, ਇੱਕ ਚਾਲ ਮੇਰੀ ਥਿੜਕਾਉਣ ਲਈ।
ਚੁਗ ਚੁਗ ਮੈਂ ’ਕੱਠੇ ਕੀਤੇ ਸਭ, ਇੱਕ ਰਸਤਾ ਨਵਾਂ ਬਣਾਉਣ ਲਈ।
ਸੀ ਭਾਂਬੜ ਬਣ ਕੇ ਜਾ ਲੱਗੀ, ਉਨ੍ਹਾਂ ਦੇ ਉੱਚੇ ਮਹਿਲਾਂ ਨੂੰ
ਜੋ ਤੀਲ੍ਹੀ ਚੁੱਕੀ ਫਿਰਦੇ ਸੀ, ਝੁੱਗੀਆਂ ਵਿੱਚ ਅੱਗ ਲਗਾਉਣ ਲਈ।
ਚਿਹਰੇ ਤਾਂ ਸਭ ਦਿਖਲਾ ਦੇਂਦੇ, ਸ਼ੀਸ਼ੇ ਬਾਜ਼ਾਰੀਂ ਵਿਕਦੇ ਜੋ
ਪਰ ਸ਼ੀਸ਼ਾ ਬਣਿਆ ਨਾ ਐਸਾ, ਅੰਦਰੂਨੀ ਸੋਚ ਦਿਖਾਉਣ ਲਈ।
ਇਹ ਸ਼ਮ੍ਹਾ ਬਲ਼ੀ ਕਿਸ ਖਾਤਰ ਸੀ, ਨਾ ਭੇਤ ਕੋਈ ਵੀ ਪਾ ਸਕਿਆ,
ਪਰਵਾਨਾ ਐਪਰ ਜਲਿਆ ਹੈ, ਇੱਕ ਪ੍ਰੀਤ ਨੂੰ ਤੋੜ ਨਿਭਾਉਣ ਲਈ।
ਰੱਖੀਂ ਚੇਤੰਨ ਜ਼ਮੀਰ ਸਦਾ, ਕਾਲੇ ਨਾ ਲੇਖ ਲਿਖੀਂ ਕਿਧਰੇ,
ਬੱਸ ਹੋਕਾ ਦੇਈਂ ਰੁਪਾਲ ਸਦਾ, ਸੁੱਤਿਆਂ ਦੇ ਤਾਈਂ ਜਗਾਉਣ ਲਈ।
ਸੰਪਰਕ: 98147-15796
ਮੇਰੀ ਕਥਾ ਪੁਰਾਣੀ
ਮਨਜੀਤ ਕੌਰ ਸੰਧੂ
ਮੈਂ ਔਰਤ ਹਾਂ ਜੱਗ ਦੀ ਜਨਨੀ,
ਮੇਰੀ ਕਥਾ ਪੁਰਾਣੀ ਹੈ ਵੇ।
ਸੁਣ ਸਕਦਾ ਏਂ ਤਾਂ ਸੁਣ ਕੇ ਜਾਵੀਂ,
ਮੇਰੀ ਦਰਦ ਕਹਾਣੀ ਹੈ ਵੇ।
ਮੈਂ ਜੰਮੀ ਘਰ ਸੋਗ ਪਿਆ ਸੀ,
ਦਿੱਤੀਆਂ ਨਾ ਕਿਸੇ ਵਧਾਈਆਂ ਆ ਕੇ।
ਨਿੰਮ ਨਾ ਬੰਨ੍ਹਿਆ ਬੂਹੇ ਅੱਗੇ -
ਨਾ ਡੂੰਮਾਂ ਨਾ ਨਾਈਆਂ ਆ ਕੇ।
ਬਾਪੂ ਮੱਥਾ ਫੜ ਕੇ ਬਹਿ ਗਿਆ-
‘ਮਾਂ’ ਨੂੰ ਅੰਨ ਨਾ ਪਾਣੀ ਹੈ ਵੇ।
ਮੈਂ ਔਰਤ ਹਾਂ, ਜੱਗ ਦੀ ਜਨਨੀ
ਮੇਰੀ ਕਥਾ ਪੁਰਾਣੀ ਹੈ ਵੇ।
ਸੁਣ ਸਕਦਾ ਏ ਤਾਂ ਸੁਣ ਕੇ ਜਾਵੀਂ...!
ਆਇਆ ਜਦੋਂ ਜਵਾਨੀ ਵੇਲਾ,
ਮੇਰੇ ਉੱਪਰ ਪਹਿਰੇ ਲੱਗੇ।
ਮੈਂ ਕੈਦਣ ਵਿੱਚ ਘਰ ਦੇ ਹੋ ਗਈ,
ਪੈਰ ਨਾ ਦੇਹਲੀਓਂ ਪਾਵਾਂ ਅੱਗੇ।
ਮੈਂ ਹੋਵਾਂ ਜਿਉਂ ਗੁੜ ਦੀ ਰੋੜੀ,
ਮੂੰਹ ’ਚ ਕਿਸੇ ਪਾ ਜਾਣੀ ਹੈ ਵੇ।
ਮੈਂ ਔਰਤ ਹਾਂ ਜੱਗ ਦੀ ਜਨਨੀ,
ਮੇਰੀ ਕਥਾ ਪੁਰਾਣੀ ਹੈ ਵੇ।
ਸੁਣ ਸਕਦਾ ਏਂ ਤਾਂ ਸੁਣ ਕੇ ਜਾਵੀਂ...!
ਮੈਂ ਪੱਥਰ, ਮੈਂ ਧਨ ਬੇਗਾਨਾ,
ਮੈਂ ਰੂੜੀ ਦਾ ਕੂੜਾ ਭਲਿਆ।
ਵਿਆਹ ਮੇਰਾ ਪਰ ਪੁੱਛ ਨਾ ਮੇਰੀ,
ਬਾਬਲ ਜਦ ਵਰ ਟੋਲਣ ਚੱਲਿਆ।
ਮੈਂ ਉਸ ਘਰ ਦੀ ਸਾਰ ਨਾ ਜਾਣਾ,
ਜਿੱਥੇ ਉਮਰ ਬਿਤਾਣੀ ਹੈ ਵੇ।
ਮੈਂ ਔਰਤ ਹਾਂ ਜੱਗ ਦੀ ਜਨਨੀ,
ਮੇਰੀ ਕਥਾ ਪੁਰਾਣੀ ਹੈ ਵੇ।
ਸੁਣ ਸਕਦਾ ਏਂ ਤਾਂ ਸੁਣ ਕੇ ਜਾਵੀਂ...!
ਪੇਕਿਓਂ ਛੁੱਟੀ ਕੈਦਣ ਹੋ ਗਈ-
ਸਹੁਰੇ ਘਰ ਵਿੱਚ ਫੇਰ ਦੁਬਾਰਾ।
ਢੇਰੀ ਹੋ ਗਿਆ ਪੈ ਕੇ ’ਕੇਰਾਂ,
ਸੱਧਰਾਂ ਰੀਝਾਂ ਵਾਲਾ ਚੁਬਾਰਾ।
ਕਲੀਆਂ ਵਰਗੇ ਜਿਸਮ ਦੀ ਪੈ ਗਈ,
ਕੋਹਲੂ ਦੇ ਵਿੱਚ ਘਾਣੀ ਹੈ ਵੇ।
ਮੈਂ ਔਰਤ ਹਾਂ ਜੱਗ ਦੀ ਜਨਨੀ,
ਮੇਰੀ ਕਥਾ ਪੁਰਾਣੀ ਹੈ ਵੇ।
ਸੁਣ ਸਕਦਾ ਏਂ ਤਾਂ ਸੁਣਕੇ ਜਾਵੀਂ...!
ਸੰਪਰਕ: 98773-40379
ਸਿਆਸੀ ਖੇਲੇ
ਰੂਪ ਲਾਲ ਰੂਪ
ਸਿਆਸੀ ਜੁ ਖੇਲੇ।। ਕਰੇਣਿ ਜਬਰੇਲੇ।।
ਧਨੀ ਕੇ ਸਹੇਲੇ।। ਕੁਬੇਰ ਕੇ ਚੇਲੇ।।
ਹਕੂਕ ਪਰ ਖਾਵੈਂ।। ਸਤ੍ਵਾ ਕੋ ਨਚਾਵੈਂ।।
ਉਸਾਰਨ ਤਬੇਲੇ।। ਦਬਾ ਕੇ ਦਬੇਲੇ।।
ਕਮਾਨਾਂ ਸਿ ਛੂਟੇ।। ਖਜ਼ੀਨੇ ਕੁ ਲੂਟੇ।।
ਕਰੈਂ ਨਾ ਕਵੇਲੇ।। ਲਵੇਂ ਲੂਟ ਧੇਲੇ।।
ਸਿਰੇ ਕੇ ਭਿਖਾਰੀ।। ਸਤ੍ਵਾ ਕੇ ਵਪਾਰੀ।।
ਫ਼ਰੇਬੀ ਨਵੇਲੇ।। ਬਕੈਣੀ ਕਰੇਲੇ।।
ਕਰੈਂ ਖ਼ੂਬ ਬਾਤਾ।। ਸਿਗਾ ਕੌਣ ਤਾਤਾ।।
ਕਿਵੇਂ ਨੇ ਤਬੇਲੇ।। ਕਿਵੇਂ ਨੇ ਗਦੇਲੇ।।
ਕਰਾਂਦੇ ਜੁ ਦੰਗੇ।। ਦਿਲਾਂ ਕੇ ਬਰੰਗੇ।।
ਸਤ੍ਵਾ ਲੈਣ ਵੇਲੇ।। ਬਣੀਂਦੇ ਫੁਲੇਲੇ।।
ਨਵੇਂ ਰੰਗ ਜਾਣੋ।। ਬਣੋ ਏਕ ਤਾਣੋ।।
ਨਵੇਂ ਲਾਉ ਬੇਲੇ।। ਚਲੇ ਦੇਸ਼ ਰੇਲੇ।।
ਸੰਪਰਕ: 94652-25722