ਕਾਰਜਕਾਰੀ ਮੇਅਰ ਵੱਲੋਂ ਜਗਤਪੁਰਾ ਆਰਐੱਮਸੀ ਪੁਆਇੰਟ ਦਾ ਦੌਰਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 9 ਅਪਰੈਲ
ਮੁਹਾਲੀ ਦੇ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਲਈ ਅੱਜ ਵੱਖ-ਵੱਖ ਆਰਐੱਮਸੀ ਪੁਆਇੰਟਾਂ ਦਾ ਦੌਰਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਸੈਨੀਟੇਸ਼ਨ ਅਧਿਕਾਰੀਆਂ ਅਤੇ ਮਕੈਨੀਕਲ ਸਵੀਪਿੰਗ ਅਤੇ ਮੈਨੂਅਲ ਸਵੀਪਿੰਗ ਸਟਾਫ਼ ਦੇ ਨਾਲ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਮੇਅਰ ਜੀਤੀ ਸਿੱਧੂ ਵਿਦੇਸ਼ ਦੌਰੇ ’ਤੇ ਹਨ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ ਕਾਰਜਕਾਰੀ ਮੇਅਰ ਦਾ ਚਾਰਜ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਜਗਤਪੁਰਾ ਆਰਐਮਸੀ ਪੁਆਇੰਟ ਚਾਲੂ ਹੈ। ਉਨ੍ਹਾਂ ਇੱਥੇ ਮੌਜੂਦ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਪੂਰੀ ਸਮਰੱਥਾ ਨਾਲ ਪਲਾਂਟ ਵਿੱਚ ਮਸ਼ੀਨਾਂ ਚਲਾਉਣ ਤਾਂ ਜੋ ਇੱਥੇ ਕੂੜੇ ਦਾ ਪ੍ਰਬੰਧ ਪੂਰੀ ਤੇਜ਼ੀ ਨਾਲ ਕੀਤਾ ਜਾ ਸਕੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਂਦੇ 15 ਦਿਨਾਂ ਤੱਕ ਮੁਹਾਲੀ ਵਿੱਚ ਕੂੜੇ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਨਿਪਟਾ ਲਿਆ ਜਾਵੇਗਾ।
ਕਾਰਜਕਾਰੀ ਮੇਅਰ ਨੇ ਮਕੈਨੀਕਲ ਸਫ਼ਾਈ ਅਤੇ ਮੈਨੂਅਲ ਸਫ਼ਾਈ ਨਾਲ ਸਬੰਧਤ ਠੇਕੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਜ਼ਮੀਨ ’ਤੇ ਡਿੱਗ ਰਹੇ ਦਰਖ਼ਤਾਂ ਦੇ ਸੁੱਕੇ ਪੱਤਿਆਂ ਨੂੰ ਫੌਰੀ ਚੁੱਕਣ ਲਈ ਵਾਧੂ ਟਰਾਲੀਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਆਰਐਮਸੀ ਪੁਆਇੰਟ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਕਿ ਨਿਯਮਾਂ ਅਨੁਸਾਰ ਵਾਲ-ਟੂ-ਵਾਲ ਸਫ਼ਾਈ ਕਰਵਾਈ ਜਾਵੇ। ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਅਨੁਰਾਧਾ ਅਨੰਦ, ਕਮਲਪ੍ਰੀਤ ਸਿੰਘ ਬੰਨੀ, ਰੁਪਿੰਦਰ ਕੌਰ ਰੀਨਾ, ਅਸਿਸਟੈਂਟ ਕਮਿਸ਼ਨਰ ਰਣਜੀਵ ਚੌਧਰ ਆਦਿ ਹਾਜ਼ਰ ਸਨ।