ਕਾਂਗਰਸ ਵੱਲੋਂ ਸਰਦਾਰ ਪਟੇਲ ਦੇ ਸਿਧਾਂਤਾਂ ’ਤੇ ਚੱਲਣ ਦਾ ਅਹਿਦ
ਅਹਿਮਦਾਬਾਦ, 8 ਅਪਰੈਲ
ਕਾਂਗਰਸ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ’ਤੇ ਆਪਣੇ ਦਾਅਵੇ ਨੂੰ ਮਜ਼ਬੂਤ ਕਰਦਿਆਂ ਫੁੱਟਪਾਊ ਤਾਕਤਾਂ ਨੂੰ ਹਰਾਉਣ ਲਈ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਸਿਧਾਂਤਾਂ ’ਤੇ ਚੱਲਣ ਦਾ ਅਹਿਦ ਕੀਤਾ ਅਤੇ ਭਾਜਪਾ ’ਤੇ ਪਟੇਲ ਅਤੇ ਜਵਾਹਰਲਾਲ ਨਹਿਰੂ ਦੇ ਤਣਾਅਪੂਰਨ ਰਿਸ਼ਤੇ ਹੋਣ ਦਾ ‘ਝੂਠਾ’ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਕਾਂਗਰਸ ਵਰਕਿੰਗ ਕਮੇਟੀ ਨੇ ਇੱਥੇ ਮੀਟਿੰਗ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਤੇ ਕਿਹਾ ਕਿ ਉਹ ਧਾਰਮਿਕ ਧਰੁਵੀਕਰਨ ਖ਼ਿਲਾਫ਼ ‘ਭਾਰਤ ਦੇ ਲੋਹ ਪੁਰਸ਼’ ਦੀ ਦ੍ਰਿੜ੍ਹਤਾ ਨੂੰ ਅਪਣਾਉਣ ਲਈ ਵਚਨਬੱਧ ਹੈ। ਮੀਟਿੰਗ ਦੌਰਾਨ ਉੱਚ ਲੀਡਰਸ਼ਿਪ ਵੱਲੋਂ ਸੰਗਠਨਾਤਮਕ ਸੁਧਾਰਾਂ ਤੇ ਚੋਣਾਂ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ ਗਈ।
ਕਾਂਗਰਸ ਨੇ ‘ਆਜ਼ਾਦੀ ਦੇ ਝੰਡਾਬਰਦਾਰ, ਸਾਡੇ ਸਰਦਾਰ-ਵੱਲਭ ਭਾਈ ਪਟੇਲ’ ਸਿਰਲੇਖ ਵਾਲੇ ਮਤੇ ’ਚ ਕਿਹਾ, ‘‘ਅੱਜ ਧਾਰਮਿਕ ਧਰੁਵੀਕਰਨ ’ਤੇ ਅਧਾਰਿਤ ਹਿੰਸਾ ਤੇ ਫਿਰਕੂਵਾਦ ਦੀ ਵਿਚਾਰਧਾਰਾ ਦੇਸ਼ ਨੂੰ ਨਫ਼ਰਤ ਵੱਲ ਧੱਕ ਰਹੀ ਹੈ।’’ ਮਤੇ ਵਿੱਚ ਕਿਹਾ ਗਿਆ ਕਿ ਕਾਂਗਰਸ ਦੁਸ਼ਮਣੀ, ਵੰਡਪਾਊ ਤਾਕਤਾਂ ਨੂੰ ਹਰਾਉਣ ਲਈ ਸਰਦਾਰ ਪਟੇਲ ਦੇ ਜੀਵਨ ਸਿਧਾਂਤਾਂ ਦੀ ਪਾਲਣਾ ਦੇ ਨਾਲ-ਨਾਲ ਇਨ੍ਹਾਂ ਅਨਸਰਾਂ ਦੀ ਨਿਊਜ਼ ਫੈਕਟਰੀ ਦਾ ਪਰਦਾਫਾਸ਼ ਕਰਨ ਲਈ ਵੀ ਵਚਨਬੱਧ ਹੈ।
ਮਤੇ ਵਿੱਚ ਕਿਹਾ ਗਿਆ, ‘‘ਬਣਾਉਟੀ ਟਕਰਾਅ ਦੀ ਵਿਚਾਰਧਾਰਾ ਤੇ ਸ਼ਰਾਰਤੀ ਢੰਗ ਨਾਲ ਪੇਸ਼ ਕੀਤੇ ਗਈ ‘ਫੁੱਟ’ ਕਾਰਨ ਸਰਦਾਰ ਪਟੇਲ ਤੇ ਪੰਡਿਤ (ਜਵਾਹਰਲਾਲ) ਨਹਿਰੂ ਵਿਚਾਲੇ ਤਣਾਅ ਦੇ ਝੂਠ ਦਾ ਜਾਲ ਜਾਣਬੁੱਝ ਕੇ ਵਿਛਾਇਆ ਗਿਆ। ਅਸਲ ਵਿੱਚ ਇਹ ਸਾਡੀ ਆਜ਼ਾਦੀ ਦੇ ਸੰਘਰਸ਼ ਦੀ ਨੈਤਿਕਤਾ ਤੇ ਗਾਂਧੀ-ਨਹਿਰੂ-ਪਟੇਲ ਦੀ ਇੱਕਜੁਟ ਅਗਵਾਈ ’ਤੇ ਪਹਿਲਾ ਹਮਲਾ ਸੀ।’’
ਸਰਦਾਰ ਵੱਲਭ ਭਾਈ ਪਟੇਲ ਸਮਾਰਕ ’ਤੇ ਸੀਡਬਲਿਊਸੀ ਦੀ ਮੀਟਿੰਗ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸੈਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਸਰਦਾਰ ਵੱਲਭ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸਰਦਾਰ ਪਟੇਲ ਨੈਸ਼ਨਲ ਮੈਮੋਰੀਅਲ ’ਤੇ ਸੀਡਬਲਿਊਸੀ ਮੀਟਿੰਗ ਕਰਨੀ ਸਾਡਾ ਫਰਜ਼ ਸੀ। ਗੁਜਰਾਤ ’ਚ ਇਸ ਵਰਕਿੰਗ ਕਮੇਟੀ ਨੇ ਇੱਕ ਮਜ਼ਬੂਤ ਸੁਨੇਹਾ ਦਿੱਤਾ ਹੈ। ਸਾਡੇ ਮਤੇ ਤੋਂ ਬਿਲਕੁਲ ਸਪੱਸ਼ਟ ਹੋ ਜਾਵੇਗਾ ਕਿ ਸਰਦਾਰ ਪਟੇਲ ਤੇ ਨਹਿਰੂ ਜੀ ਵਿਚਾਲੇ ਕਿਹੋ ਜਿਹੀ ਅਨੋਖੀ ਜੁਗਲਬੰਦੀ ਸੀ। ਦੋਵੇਂ ਆਧੁਨਿਕ ਭਾਰਤ ਦੇ ਨਿਰਮਾਤਾ ਸਨ ਤੇ ਉਨ੍ਹਾਂ ਨੇ ਗਾਂਧੀ ਜੀ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਸੀ।’’ ਜੈਰਾਮ ਰਮੇਸ਼ ਨੇ ਭਾਜਪਾ ਅਤੇ ਆਰਐੈੱਸ ’ਤੇ ਦਲਿਤ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਵੀ ਲਾਇਆ।
ਇਸ ਦੌਰਾਨ ਕਾਂਗਰਸ ਆਗੂ ਗੌਰਵ ਗੋਗੋਈ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਧਾਰੀ ਹੋਈ ਤੇ ਅਮਰੀਕਾ ਸਰਕਾਰ ਵੱਲੋਂ ਲਾਏ ਜਵਾਬੀ ਟੈਕਸਾਂ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਇਸ ਕਦਮ ਨਾਲ ਉਨ੍ਹਾਂ ਦੇ ਗ੍ਰਹਿ ਸੂਬੇ ਦੇ ਉਦਯੋਗਾਂ ’ਤੇ ਵੀ ਅਸਰ ਪਵੇਗਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਉਪ ਨੇਤਾ ਨੇ ਰਸੋਈ ਗੈਸ ਦੀਆਂ ਕੀਮਤਾਂ ਵਧਾਉਣ ਦੀ ਆਲੋਚਨਾ ਵੀ ਕੀਤੀ।
ਕਾਂਗਰਸੀ ਆਗੂ ਸਚਿਨ ਪਾਇਲਟ ਨੇ ਆਖਿਆ ਕਿ ਕਾਂਗਰਸ ਦਾ ਆਪਣੇ ਪ੍ਰਧਾਨ ਨਾਲ ਮਿਲ ਕੇ ਵੱਧ ਤੋਂ ਵੱਧ ਸਮਰੱਥ ਜ਼ਿਲ੍ਹਾ ਇਕਾਈਆਂ ਬਣਾਉਣ ਦਾ ਇਰਾਦਾ ਹੈ। -ਪੀਟੀਆਈ
ਸੀਡਬਲਿਊਸੀ: ਪਟੇਲ ਨੇ ਲਾਈ ਸੀ ਆਰਐੱਸਐੱਸ ’ਤੇ ਪਾਬੰਦੀ: ਖੜਗੇ
ਅਹਿਮਦਾਬਾਦ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਦਾਰ ਪਟੇਲ ਦੀ ਵਿਰਾਸਤ ’ਤੇ ਪਾਰਟੀ ਦੇ ਦਾਅਵੇ ’ਤੇ ਜ਼ੋਰ ਦਿੰਦਿਆਂ ਭਾਜਪਾ ਤੇ ਆਰਐੱਸਐੱਸ ’ਤੇ ਕੌਮੀ ਨਾਇਕਾਂ ਖ਼ਿਲਾਫ਼ ‘ਸਾਜ਼ਿਸ਼’ ਤਹਿਤ ਉਨ੍ਹਾਂ ਦੀ ਵਿਰਾਸਤ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਚਾਰਧਾਰਾ ਦਾ ਫ਼ਰਕ ਹੋਣ ਕਾਰਨ ਪਟੇਲ ਨੇ ਆਰਐੱਸਐੇੱਸ ਉੱਤੇ ਪਾਬੰਦੀ ਲਾ ਦਿੱਤੀ ਸੀ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਤੇ ਆਰਐੈੱਸਐੇੱਸ ਨੇ ਪਟੇਲ ਤੇ ਪੰਡਿਤ ਨਹਿਰੂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਦਿਖਾਉਣ ਦੀ ਸਾਜ਼ਿਸ਼ ਰਚੀ ਹੈ ਜਦਕਿ ਉਹ ਦੋਵੇਂ ‘‘ਇੱਕੋ ਹੀ ਸਿੱਕੇ ਦੇ ਦੋ ਪਾਸੇ ਸਨ।’’ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਫਿਰਕੂ ਫੁੱਟ ਪਾ ਕੇ ਦੇਸ਼ ਦੇ ਮੂਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਟੇਲ ਦੀ ਵਿਚਾਰਧਾਰਾ ਰਾਸ਼ਟਰੀ ਸਵੈਮਸੇਵਕ ਸੰਘ ਦੇ ਵਿਚਾਰਾਂ ਤੋਂ ਵੱਖਰੀ ਸੀ ਅਤੇ ਉਨ੍ਹਾਂ ਨੇ ਸੰਗਠਨ ’ਤੇ ਪਾਬੰਦੀ ਲਾ ਦਿੱਤੀ ਸੀ। ਖੜਗੇ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ, ‘‘ਪਰ ਅੱਜ ਇਹ ਗੱਲ ਹਾਸੋਹੀਣੀ ਹੈ ਕਿ ਸੰਗਠਨ ਦੇ ਲੋਕ ਪਟੇਲ ਦੀ ਵਿਰਾਸਤ ’ਤੇ ਦਾਅਵਾ ਕਰ ਰਹੇ ਹੈ।’’ -ਪੀਟੀਆਈ