ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਸਸਕਾਰ
ਜਲੰਧਰ (ਪੱਤਰ ਪ੍ਰੇਰਕ):
ਪੰਜਾਬੀ ਦੇ ਪ੍ਰਸਿੱਧ ਕਥਾਕਾਰ ਪ੍ਰੇਮ ਪ੍ਰਕਾਸ਼ ਦਾ ਅੱਜ ਇੱਥੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਪ੍ਰੇਮ ਪ੍ਰਕਾਸ਼ ਦੇ ਪੁੱਤਰ ਜਯੋਤੀ ਕਿਰਨ ਦਿਓੜਾ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਦੀ ਰਸਮ ਕਿਰਿਆ ਗੀਤਾ ਮੰਦਰ ਜਲੰਧਰ ਵਿੱਚ 11 ਅਪਰੈਲ ਨੂੰ ਦੁਪਹਿਰੇ ਹੋਵੇਗੀ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਯੋਤੀ ਕਿਰਨ ਦਿਓੜਾ ਨੇ ਦਿਖਾਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਉਨ੍ਹਾਂ ਦੀਆਂ ਦੋ ਧੀਆਂ ਸੁਮਨ ਸੁਰਭੀ, ਸੁਜਾਤਾ, ਉਨ੍ਹਾਂ ਦੀ ਨੂੰਹ, ਪੋਤਾ ਅਭਿਸ਼ੇਕ ਸਣੇ ਉਨ੍ਹਾਂ ਦੇ ਭਰਾ ਤੇ ਰਿਸ਼ਤੇਦਾਰ ਸ਼ਾਮਲ ਹੋਏ। ਇਸ ਮੌਕੇ ਪੰਜਾਬੀ ਦੇ ਸਾਹਿਤਕਾਰ ਜਸਵੰਤ ਦੀਦ, ਜਿੰਦਰ, ਭਗਵੰਤ ਰਸੂਲਪੁਰੀ, ਬਿੰਦਰ ਬਸਰਾ, ਰਾਕੇਸ਼ ਆਨੰਦ, ਡਾ. ਕੁਲਵੰਤ ਸੰਧੂ, ਡਾ. ਸੁਖਪਾਲ ਸਿੰਘ ਥਿੰਦ, ਡਾ. ਗੋਪਾਲ ਸਿੰਘ ਬੁੱਟਰ, ਸੁਸ਼ੀਲ ਦੁਸਾਂਝ, ਵਿਸ਼ਾਲ, ਦਰਸ਼ਨ ਬੁੱਟਰ, ਗੁਰਮੀਤ, ਸਤਨਾਮ ਮਾਣਕ, ਦੀਪ ਦਵਿੰਦਰ ਹਾਜ਼ਰ ਸਨ। ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੂੰ ਪੰਜਾਬ ਸਾਹਿਤ ਅਕਾਦਮੀ, ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ ਆਦਿ ਐਵਾਰਡ ਮਿਲੇ।