ਕਸ਼ਯਪ ਰਾਜਪੂਤ ਭਾਈਚਾਰੇ ਵੱਲੋਂ ਸਮਾਗਮ
ਸਰਬਜੀਤ ਸਿੰਘ ਭੱਟੀ
ਅੰਬਾਲਾ, 13 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਸ਼ਯਪ ਰਾਜਪੂਤ ਪੰਜਾਬੀ ਵੈਲਫੇਅਰ ਸੁਸਾਇਟੀ ਤੇ ਆਲ ਇੰਡੀਆ ਕਸ਼ਯਪ ਰਾਜਪੂਤ ਸਭਾ ਵੱਲੋਂ ਬੀਤੀ ਦੇਰ ਸ਼ਾਮ ਦੇਵੀਨਗਰ, ਅੰਬਾਲਾ ਸ਼ਹਿਰ ਵਿਖੇ ਕਰਵਾਏ 50ਵੇਂ ਸਾਲਾਨਾ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮਾਤਾ ਦੇ ਮੰਦਰ ਚ ਮੱਥਾ ਟੇਕ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਮੁੱਖ ਮੰਤਰੀ ਨੇ ਹਨੂਮਾਨ ਜੈਅੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਬਹੁਤ ਵਡਭਾਗੀ ਹੈ। ਹਰ ਸਾਲ ਇਥੇ ਕਸ਼ਯਪ ਰਾਜਪੂਤ ਪੰਜਾਬੀ ਵੈਲਫੇਅਰ ਸੁਸਾਇਟੀ ਵੱਲੋਂ ਸਾਲਾਨਾ ਮੇਲਾ ਅਤੇ ਮਾਤਾ ਭਗਵਤੀ ਦਾ ਜਾਗਰਣ ਕਰਵਾਇਆ ਜਾਂਦਾ ਹੈ, ਜਿਸ ਵਿੱਚ ਹਮ੍ਹੇਸ਼ਾ ਉਨ੍ਹਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਕਸ਼ਯਪ ਸਪਤ ਰਿਸ਼ੀਆਂ ਵਿੱਚੋਂ ਇਕ ਹਨ। ਹਰ ਸਾਲ ਇਥੇ ਹੋਣ ਵਾਲੇ ਮੇਲੇ ਅਤੇ ਜਾਗਰਣ ਵਿੱਚ ਸਾਰੇ ਭਾਰਤ ਤੋਂ ਭਗਤ ਆਉਂਦੇ ਹਨ। ਉਨ੍ਹਾਂ ਇੱਥੇ ਸ਼ੈਡ ਬਣਵਾਉਣ ਲਈ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਮੁੱਖ ਮੰਤਰੀ ਅਤੇ ਭਗਤਾਂ ਦਾ ਮਾਂ ਅੰਬਾ ਦੀ ਪਵਿੱਤਰ ਧਰਤੀ ਉੱਤੇ ਆਉਣ ਲਈ ਸਵਾਗਤ ਕੀਤਾ। ਇੰਦਰੀ ਤੋਂ ਵਿਧਾਇਕ ਰਾਮ ਕੁਮਾਰ ਕਸ਼ਯਪ ਨੇ ਵੀ ਮੁੱਖ ਮੰਤਰੀ ਦਾ ਸਵਾਗਤ ਕੀਤਾ। ਕਸ਼ਯਪ ਸਮਾਜ ਦੇ 44 ਗੋਤ੍ਰ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਮੰਦਰ ਬਣਾਏ ਹੋਏ ਹਨ। ਕਸ਼ਯਪ ਸਮਾਜ ਦੇ ਕੌਮੀ ਪ੍ਰਧਾਨ ਅਨੂਪ ਭਾਰਦਵਾਜ਼ ਕਸ਼ਯਪ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਸ਼ਯਪ ਸਮਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਇਸ ਮੌਕੇ ਸਾਬਕਾ ਮੰਤਰੀ ਅਸੀਮ ਗੋਇਲ, ਮੇਅਰ ਸ਼ੈਲਜਾ ਸਚਦੇਵਾ, ਵਿਧਾਇਕ ਰਾਮ ਕੁਮਾਰ ਕਸ਼ਯਪ, ਮਨਦੀਪ ਰਾਣਾ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਨਗਰ ਨਿਗਮ ਕਮਿਸ਼ਨਰ ਸਚਿਨ ਗੁਪਤਾ, ਐੱਸਡੀਐੱਮ ਦਰਸ਼ਨ ਕੁਮਾਰ ਸਮੇਤ ਅਨੇਕ ਪਤਵੰਤੇ ਮੌਜੂਦ ਸਨ।
ਮੁੱਖ ਮੰਤਰੀ ਨੇ ਸ਼ਿਵ ਮੰਦਰ ਮੱਥਾ ਟੇਕਿਆ
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ‘ਗਾਓਂ ਚਲੋ’ ਮੁਹਿੰਮ ਤਹਿਤ ਜ਼ਿਲ੍ਹਾ ਪੰਚਕੂਲਾ ਦੇ ਪਿੰਡ ਰਾਮਗੜ੍ਹ ਦੇ ਚੌਪਾਲ ਪਹੁੰਚੇ। ਮੁੱਖ ਮੰਤਰੀ ਨੇ ਇੱਥੇ ਭਗਵਾਨ ਸ਼ਿਵ ਮੰਦਰ ਵਿੱਚ ਪੂਜਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਝਾੜੂ ਮਾਰ ਪਿੰਡ ਵਾਸੀਆਂ ਨੂੰ ਸਫਾਈ ਦਾ ਸੰਦੇਸ਼ ਦਿੱਤਾ। ਉਨ੍ਹਾਂ ਰਾਮਗੜ੍ਹ ਦੇ ਵਿਕਾਸ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਸ਼ਿਵਾਲਿਕ ਬੋਰਡ ਦੇ ਵਾਈਸ ਚੇਅਰਮੈਨ ਓਮਪ੍ਰਕਾਸ਼ ਦੇਵੀਨਗਰ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਮਿੱਤਲ, ਮੰਡਲ ਪ੍ਰਧਾਨ ਗੌਤਮ ਰਾਣਾ, ਸਾਬਕਾ ਪ੍ਰਧਾਨ ਦੀਪਕ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਵਰਿੰਦਰ ਵਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।