ਕਰਨਲ ਕੁੱਟਮਾਰ ਮਾਮਲਾ: ਚੰਡੀਗੜ੍ਹ ਪੁਲੀਸ ਨੇ ਸਿਟ ਬਣਾਈ
ਆਤਿਸ਼ ਗੁਪਤਾ
ਚੰਡੀਗੜ੍ਹ, 9 ਅਪਰੈਲ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਪੁਲੀਸ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾ ਦਿੱਤੀ ਹੈ। ਸਿਟ ਦੀ ਅਗਵਾਈ ਐੱਸਪੀ ਮਨਜੀਤ ਸ਼ਿਓਰਾਨ ਕਰਨਗੇ ਜੋ 2015 ਬੈਚ ਦੇ ਏਜੀਐਮਯੂਟੀ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਸਿਟ ’ਚ ਇੱਕ ਡੀਐੱਸਪੀ ਅਤੇ ਇੰਸਪੈਕਟਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿਟ ਵੱਲੋਂ ਚਾਰ ਮਹੀਨਿਆਂ ਵਿੱਚ ਰਿਪੋਰਟ ਸੌਂਪੀ ਜਾਵੇਗੀ। ਚੰਡੀਗੜ੍ਹ ਪੁਲੀਸ ਨੇ ਇਹ ਜਾਂਚ ਟੀਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤਿਆਰ ਕੀਤੀ ਹੈ। ਐੱਸਪੀ ਮਨਜੀਤ ਸ਼ਿਓਰਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਨੇ ਕੇਸ ਦੀ ਫਾਈਲ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਮਾਮਲੇ ਨੂੰ ਫ਼ੌਜ ਬਨਾਮ ਪੁਲੀਸ ਬਣਾਇਆ ਜਾ ਰਿਹਾ ਹੈ, ਜੋ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਨਲ ਬਾਠ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਵਿੱਚ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ। ਪਰਿਵਾਰ ਨੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਰਨਲ ਬਾਠ ਨਾਲ ਕੁੱਟਮਾਰ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਤੋਂ ਬਦਲ ਕੇ ਚੰਡੀਗੜ੍ਹ ਪੁਲੀਸ ਹਵਾਲੇ ਕਰ ਦਿੱਤੀ ਸੀ।
ਗ੍ਰਿਫ਼ਤਾਰੀ ’ਤੇ ਰੋਕ ਲਈ ਇੰਸਪੈਕਟਰ ਦੀ ਅਰਜ਼ੀ ’ਤੇ ਸੁਣਵਾਈ ਹੁਣ ਭਲਕੇ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਬੇਟੇ ਅੰਗਦ ਬਾਠ ਦੀ ਕੁੱਟਮਾਰ ਦੇ ਮਾਮਲੇ ’ਚ ਇਥੇ ਦਰਜ ਕੇਸ ’ਚ ਸ਼ਾਮਲ ਇੰਸਪੈਕਟਰ ਰੌਣੀ ਸਿੰਘ ਸੱਲ ਵੱਲੋਂ ਅਗਾਊਂ ਜ਼ਮਾਨਤ ਲਈ ਇਥੋਂ ਦੀ ਇੱਕ ਅਦਾਲਤ ’ਚ ਦਾਇਰ ਕੀਤੀ ਗਈ ਅਰਜ਼ੀ ’ਤੇ ਹੁਣ 11 ਅਪਰੈਲ ਨੂੰ ਸੁਣਵਾਈ ਹੋਵੇਗੀ। ਅੱਜ ਹੋਈ ਸੁਣਵਾਈ ਦੌਰਾਨ ਲੋੜੀਂਦਾ ਰਿਕਾਰਡ ਨਾ ਪੁੱਜਣ ਕਾਰਨ ਅਦਾਲਤ ਨੇ ਸੁਣਵਾਈ ਅੱਗੇ ਪਾ ਦਿੱਤੀ। ਅਦਾਲਤ ਨੇ ਰਿਕਾਰਡ ਪੇਸ਼ ਕਰਨਾ ਯਕੀਨੀ ਬਣਾਉਣ ਲਈ ਆਖਿਆ ਹੈ। ਬਾਠ ਪਰਿਵਾਰ ਤਰਫੋਂ ਪੈਰਵੀ ਕਰ ਰਹੇ ਐਡਵੋਕੇਟ ਐੱਚਪੀਐੱਸ ਵਰਮਾ ਨੇ ਮਾਮਲੇ ਦੀ ਸੁਣਵਾਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੌਣੀ ਸਿੰਘ ਨੇ ਫਰਿਆਦ ਕੀਤੀ ਹੈ ਕਿ ਜਿੰਨਾ ਚਿਰ ਅਰਜ਼ੀ ’ਤੇ ਸੁਣਵਾਈ ਨਹੀਂ ਹੁੰਦੀ, ਉਦੋਂ ਤੱਕ ਰੌਣੀ ਸਿੰਘ ਨੂੰ ਅੰਤਰਿਮ ਜ਼ਮਾਨਤ (ਕੱਚੀ ਜ਼ਮਾਨਤ) ਦੇ ਦਿੱਤੀ ਜਾਵੇ। ਐਡਵੋਕੇੇਟ ਵਰਮਾ ਮੁਤਾਬਕ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ, ਜਿਸ ’ਤੇ ਅਦਾਲਤ ਨੇ ਦੂਜੀ ਧਿਰ ਦੀ ਬੇਨਤੀ ਅਪ੍ਰਵਾਨ ਕਰ ਦਿੱਤੀ। ਉਧਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ’ਤੇ ਉੱੱਕਾ ਹੀ ਭਰੋਸਾ ਨਹੀਂ ਹੈ ਪਰ ਜੁਡੀਸ਼ਰੀ ਤੋਂ ਪੂਰੀ ਆਸ ਹੈ ਕਿ ਉਥੋਂ ਇਨਸਾਫ਼ ਮਿਲੇਗਾ।