ਪਹਿਲਗਾਮ ਹਮਲਾ: ਜਾਂਚ ਵਿਚ ਪਾਕਿਸਤਾਨ ਤੋਂ ਸਿਖਲਾਈਯਾਫ਼ਤਾ ਕਸ਼ਮੀਰੀ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ
ਅਨਿਮੇਸ਼ ਸਿੰਘ
ਨਵੀਂ ਦਿੱਲੀ, 1 ਮਈ
ਤਫ਼ਤੀਸ਼ਕਾਰਾਂ ਨੂੰ ਪਹਿਲਗਾਮ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਭਾਵੇਂ ਪਾਕਿਸਤਾਨੀ ਦਹਿਸ਼ਤਗਰਦ ਹਾਸ਼ਿਮ ਮੂਸਾ ਦੀ ਪਛਾਣ ਕਰਨ ਵਿੱਚ ਸਫ਼ਲਤਾ ਮਿਲੀ ਹੈ, ਪਰ ਉੱਚ ਪੱਧਰੀ ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਇਸ ਘਟਨਾ ਵਿੱਚ ਪਾਕਿਸਤਾਨ ਤੋਂ ਸਿਖਲਾਈਯਾਫ਼ਤਾ ਮੁਕਾਮੀ ਕਸ਼ਮੀਰੀ ਅਤਿਵਾਦੀਆਂ ਦੀ ਸ਼ਮੂਲੀਅਤ ਦੇ ਸਪੱਸ਼ਟ ਸਬੂਤ ਮਿਲੇ ਹਨ। ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ ਭਾਰਤ ਵੱਲੋਂ ਸੰਭਾਵਿਤ ਹਮਲੇ ਦੇ ਡਰੋਂ, ਮਕਬੂਜ਼ਾ ਕਸ਼ਮੀਰ ਵਿਚ ਮੌਜੂਦ ਕਈ ਦਹਿਸ਼ਤੀ ਕੈਂਪਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਭਾਵੇਂ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਦੀ ਗਿਣਤੀ ਬਾਰੇ ਅਜੇ ਪਤਾ ਲਗਾਇਆ ਜਾ ਰਿਹਾ ਹੈ, ਪਰ ਇਹ ਸਾਫ਼ ਹੈ ਕਿ ਮੁਕਾਮੀ ਕਸ਼ਮੀਰੀ ਦਹਿਸ਼ਤਗਰਦ, ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਸਿਖਲਾਈ ਦਿੱਤੀ ਗਈ ਸੀ, ਇਸ ਘਟਨਾ ਵਿੱਚ ਸ਼ਾਮਲ ਸਨ।
ਜੰਮੂ-ਕਸ਼ਮੀਰ ਪੁਲੀਸ ਨੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਦੇ ਵੇਰਵਿਆਂ ਨੂੰ ਅਤਿਵਾਦੀਆਂ ਦੀਆਂ ਅਸਲ ਤਸਵੀਰਾਂ ਨਾਲ ਮੇਲਿਆ ਗਿਆ ਸੀ। ਤਿੰਨ ਅਤਿਵਾਦੀ ਹਾਸ਼ਿਮ ਮੂਸਾ, ਅਲੀ ਭਾਈ ਉਰਫ ਤਲਹਾ ਭਾਈ, ਦੋਵੇਂ ਪਾਕਿਸਤਾਨੀ ਅਤਿਵਾਦੀ, ਅਤੇ ਨਾਲ ਹੀ ਆਦਿਲ ਹੁਸੈਨ ਠੋਕਰ, ਅਨੰਤਨਾਗ, ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ।
ਮੂਸਾ ਪਾਕਿਸਤਾਨੀ ਫੌਜ ਦੇ ਪੈਰਾ ਫੋਰਸਿਜ਼ ਦਾ ਸਾਬਕਾ ਰੈਗੂਲਰ ਮੈਂਬਰ ਦੱਸਿਆ ਜਾਂਦਾ ਹੈ, ਜਿਸ ਨੇ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਇਲੀਟ ਪੈਰਾ-ਕਮਾਂਡੋ ਸਿਖਲਾਈ ਪ੍ਰਾਪਤ ਕੀਤੀ ਸੀ। ਮੂਸਾ ਅਤੇ ਅਲੀ ਭਾਈ ਭਾਵੇਂ ਦੋਵੇਂ ਪਾਕਿਸਤਾਨੀ ਹਨ, ਅਤੇ ਪਹਿਲਗਾਮ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਮੂਸਾ ਦੀ ਭੂਮਿਕਾ ਸਪੱਸ਼ਟ ਹੈ, ਪਰ ਏਜੰਸੀਆਂ ਉਸ ਦੇ ਅਤੇ ਅਲੀ ਦੇ ਇਸ ਘਟਨਾ ਨਾਲ ਸਬੰਧਾਂ ਨੂੰ ਸਥਾਪਿਤ ਕਰਨ ਲਈ ਠੋਸ ਸਬੂਤਾਂ ਦੀ ਭਾਲ ਕਰ ਰਹੀਆਂ ਹਨ। ਤਿੰਨ ਅਤਿਵਾਦੀਆਂ ਵਿੱਚੋਂ ਇੱਕ ਕਸ਼ਮੀਰੀ ਨਿਵਾਸੀ ਠੋਕਰ ਦੀ ਪਛਾਣ ਕੀਤੀ ਗਈ ਹੈ ਅਤੇ ਸੂਤਰਾਂ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਹਨ ਅਤੇ ਇਸੇ ਤਰ੍ਹਾਂ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਹੋਰ ਮੁਕਾਮੀ ਅਤਿਵਾਦੀਆਂ ਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹਨ।
ਤਫ਼ਤੀਸ਼ਕਾਰਾਂ ਨੇ ਭਾਵੇਂ ਅਜੇ ਤੱਕ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਦੀ ਅਸਲ ਗਿਣਤੀ ਬਾਰੇ ਨਹੀਂ ਦੱਸਿਆ, ਪਰ ਜਾਂਚ ਤੋਂ ਪਤਾ ਲੱਗਾ ਹੈ ਕਿ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਗੋਲੀ ਮਾਰਨ ਵਾਲਿਆਂ ਵਿੱਚ ਕਾਫ਼ੀ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਕਸ਼ਮੀਰੀ ਅਤਿਵਾਦੀ ਸਨ। ਇਸ ਦੌਰਾਨ ਤਫ਼ਤੀਸ਼ਕਾਰਾਂ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਦੀ ਡਿਜੀਟਲ ਪੈੜ ਨੂੰ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਨਾਲ ਜੋੜਿਆ ਹੈ। ਭਾਰਤ ਵੱਲੋਂ ਸੰਭਾਵੀ ਜਵਾਬੀ ਕਾਰਵਾਈ ਦੇ ਡਰੋਂ ਬਹੁਤ ਸਾਰੇ ਦਹਿਸ਼ਤੀ ਕੈਂਪਾਂ ਨੂੰ ਉੱਥੋਂ ‘ਸੁਰੱਖਿਅਤ ਥਾਵਾਂ’ ਉੱਤੇ ਤਬਦੀਲ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਨੇ 27 ਅਪਰੈਲ ਨੂੰ ਘਟਨਾ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ ਅਤੇ ਇਸ ਸਮੇਂ ਘਟਨਾਵਾਂ ਦੇ ਲੜੀਵਾਰ ਕ੍ਰਮ ਨੂੰ ਇਕੱਠਾ ਕਰਨ ਅਤੇ ਇੱਕ ਸਪਸ਼ਟ ਤਸਵੀਰ ਤਿਆਰ ਕਰਨ ਲਈ ਸੈਲਾਨੀਆਂ, ਪੋਨੀ ਸੰਚਾਲਕਾਂ, ਸਥਾਨਕ ਗਾਈਡਾਂ ਅਤੇ ਰੈਸਟੋਰੈਂਟ ਮਾਲਕਾਂ ਸਮੇਤ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।