ਪਟਿਆਲਾ ’ਚ ਝੱਖੜ ਤੇ ਗੜੇਮਾਰੀ ਨਾਲ ਬਾਗ਼ਬਾਨੀ ਦੀ ਫ਼ਸਲ ਨੂੰ ਨੁਕਸਾਨ; ਕਈ ਥਾਈਂ ਦਰਖ਼ਤ ਡਿੱਗੇ, ਬਿਜਲੀ ਸਪਲਾਈ ਠੱਪ
ਟ੍ਰਿਬਿਊਨ ਨਿਊਜ਼ ਸਰਵਿਸ
ਪਟਿਆਲਾ, 1 ਮਈ
ਪਟਿਆਲਾ ਵਿਚ ਅੱਜ ਰਾਤੀਂ ਸਵਾ ਨੌਂ ਵਜੇ ਦੇ ਕਰੀਬ ਆਏ ਜ਼ੋਰਦਾਰ ਝੱਖੜ ਅਤੇ ਮਗਰੋਂ ਗੜੇਮਾਰੀ ਕਾਰਨ ਪਟਿਆਲਾ ਵਿੱਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਇਸ ਦੌਰਾਨ ਦਰੱਖਤ ਡਿੱਗਣ ਦੀਆਂ ਵੀ ਰਿਪੋਰਟਾਂ ਹਨ, ਜਿਸ ਕਾਰਨ ਕੁਝ ਥਾਵਾਂ ’ਤੇ ਸੰਪਤੀ ਤੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਕੁਝ ਥਾਵਾਂ ’ਤੇ ਛੱਤਾਂ ’ਤੇ ਲੱਗੇ ਸੋਲਰ ਪੈਨਲਾਂ ਨੂੰ ਵੀ ਨੁਕਸਾਨ ਪਹੁੰਚਿਆ। ਪਤਾ ਲੱਗਾ ਹੈ ਕਿ ਤੇਜ਼ ਰਫ਼ਤਾਰ ਹਵਾਵਾਂ ਨੇ ਬਾਗਬਾਨੀ ਦੀ ਫ਼ਸਲ, ਖਾਸ ਕਰਕੇ ਅੰਬ, ਨਿੰਬੂ ਅਤੇ ਅਮਰੂਦ ਨੂੰ ਨੁਕਸਾਨ ਪਹੁੰਚਾਇਆ ਹੈ। ਅਨਾਜ ਮੰਡੀ ਵਿੱਚ ਕਿਸਾਨ ਬੇਵੱਸ ਹੋ ਕੇ ਕਣਕ ਦੀ ਫ਼ਸਲ ਦਾ ਬਚਾਅ ਕਰਦੇ ਦੇਖੇ ਗਏ। ਅਸਲ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਝੱਖੜ ਕਰਕੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਬਹੁਤ ਸਾਰੇ ਯਾਤਰੀ ਸੜਕ ’ਤੇ ਫਸ ਗਏ। ਤੇਜ਼ ਰਫ਼ਤਾਰ ਹਵਾਵਾਂ ਤੋਂ ਬਚਣ ਲਈ ਲੋਕ ਇੱਧਰ-ਉੱਧਰ ਭੱਜਦੇ ਦੇਖੇ ਗਏ। ਉਂਝ ਅਜੇ ਤੱਕ ਫਾਇਰ ਵਿਭਾਗ ਨੂੰ ਅੱਗ ਲੱਗਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਰਾਤ 9:20 ਵਜੇ ਦੇ ਕਰੀਬ ਆਇਆ ਤੂਫ਼ਾਨ ਰਾਤ 10:20 ਵਜੇ ਅੰਸ਼ਕ ਤੌਰ ’ਤੇ ਸ਼ਾਂਤ ਹੋ ਗਿਆ। ਰਿਪੋਰਟਾਂ ਹਨ ਕਿ ਤੇਜ਼ ਰਫ਼ਤਾਰ ਹਵਾਵਾਂ ਅਤੇ ਗੜੇਮਾਰੀ ਕਾਰਨ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।