ਕਪੂਰਥਲਾ ਜ਼ਿਲ੍ਹੇ ’ਚ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ: ਡੀਸੀ
ਜਸਬੀਰ ਸਿੰਘ ਚਾਨਾ
ਕਪੂਰਥਲਾ, 9 ਮਈ
ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ’ਚ ਜ਼ਰੂਰੀ ਵਸਤਾਂ ਜਿਵੇਂ ਕਿ ਤੇਲ, ਗੈਸ, ਰਾਸ਼ਨ, ਫਲ, ਸਬਜ਼ੀਆਂ ਆਦਿ ਦੀ ਕੋਈ ਕਮੀ ਨਹੀਂ ਹੈ।
ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਰਡਰ ’ਤੇ ਤਣਾਅ ਦੀ ਸਥਿਤੀ ਮੱਦੇਨਜ਼ਰ ਲੋਕਾਂ ਦੇ ਮਨਾਂ ’ਚ ਜ਼ਰੂਰੀ ਵਸਤਾਂ ਦੀ ਕਮੀ ਬਾਰੇ ਸ਼ੰਕਾ ਪੈਦਾ ਹੋ ਸਕਦੀ ਹੈ, ਜਿਸ ਕਰਕੇ ਕਾਲਾਬਜ਼ਾਰੀ ਤੇ ਜ਼ਮ੍ਹਾਂਖੋਰੀ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਭ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਸੈਂਸ਼ੀਅਲ ਕੋਮੋਡੀਟੀ ਐਕਟ 1955 ਤੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ 2023 ਦੀ ਧਾਰਾ 163 ਤਹਿਤ ਜ਼ਰੂਰੀ ਵਸਤਾਂ ਦੇ ਭੰਡਾਰਨ ’ਤੇ ਰੋਕ ਲਗਾਈ ਗਈ ਹੈ।
ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੀ ਗਠਿਤ ਕੀਤੀ ਗਈ ਹੈ, ਜਿਸਦੀ ਅਗਵਾਈ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤੇ ਜ਼ਿਲ੍ਹਾ ਮੰਡੀ ਅਫਸਰ ਕਰਨਗੇ। ਜ਼ਰੂਰੀ ਵਸਤੂਆਂ ਸਬੰਧੀ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਅਧਿਕਾਰੀਆਂ ਦੇ ਫੋਨ ਨੰਬਰ ਵੀ ਜਨਤਕ ਕੀਤੇ ਗਏ ਹਨ, ਜਿਨ੍ਹਾਂ ਉੱਪਰ ਲੋਕ ਲੋੜ ਅਨੁਸਾਰ ਸਿੱਧਾ ਸੰਪਰਕ ਕਰ ਸਕਦੇ ਹਨ।
ਇਨ੍ਹਾਂ ’ਚ ਪੈਟਰੋਲ-ਡੀਜ਼ਲ ਆਦਿ ਲਈ ਡੀਐਫਐਸਸੀ ਸ੍ਰੀਮਤੀ ਸੰਯੋਗਤਾ (84275-55440) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਸ਼ੂ ਧਨ ਨਾਲ ਸਬੰਧਿਤ ਸੇਵਾਵਾਂ ਲਈ ਡਾਰਜਿੰਦਰਪਾਲ ਸਿੰਘ (77172-67008), ਸਬਜ਼ੀਆਂ-ਫਲਾਂ ਆਦਿ ਲਈ ਜ਼ਿਲ੍ਹਾ ਮੰਡੀ ਅਫਸਰ ਗਗਨਦੀਪ ਸਿੰਘ (94642-92474) ਤੇ ਪਸ਼ੂਆਂ ਦੀ ਫੀਡ ਆਦਿ ਲਈ ਡੀਐਮ ਮਾਰਕਫੈੱਡ ਗੁਰਪ੍ਰੀਤ ਸਿੰਘ (98784-28755) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ।