ਕਪਿਲ ਆਨੰਦ ਮਾਛੀਵਾੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਿਯੁਕਤ
ਮਾਛੀਵਾੜਾ, 13 ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 2 ਵਾਰ ਕੌਂਸਲਰ ਰਹੇ ਕਪਿਲ ਆਨੰਦ ਨੂੰ ਮਾਛੀਵਾੜਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਅੱਜ ਕਪਿਲ ਆਨੰਦ ਨੂੰ ਇਹ ਨਿਯੁਕਤੀ ਪੱਤਰ ਸੌਂਪਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ ਇਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਜੋ ਸਮਾਜ ਸੇਵਾ ਦੇ ਨਾਲ ਨਾਲ ਕਾਂਗਰਸ ਪਾਰਟੀ ਨਾਲ ਵੀ ਜੁੜੇ ਹੋਏ ਹਨ ਅਤੇ ਇਸ ਪਰਿਵਾਰ ਦਾ ਮਾਛੀਵਾੜਾ ਇਲਾਕੇ ਵਿੱਚ ਚੰਗਾ ਰਸੂਖ਼ ਹੈ ਜਿਨ੍ਹਾਂ ਦੀ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਦੇ ਸਪੁੱਤਰ ਤਹਿਤ ਕਪਿਲ ਆਨੰਦ ਨੂੰ ਇਹ ਅਹੁਦਾ ਦੇ ਕੇ ਨਿਵਾਜ਼ਿਆ ਜਾ ਰਿਹਾ ਹੈ। ਰਾਜਾ ਗਿੱਲ ਨੇ ਕਿਹਾ ਕਿ ਆਨੰਦ ਪਰਿਵਾਰ ਹਮੇਸ਼ਾ ਲੋਕ ਸੇਵਾ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਨਾਲ ਜੁੜ ਰਹੇ ਹਨ, ਇਸ ਲਈ ਪਾਰਟੀ ਵਰਕਰ ਵੱਧ ਚੜ੍ਹ ਕੇ ਕੰਮ ਕਰਨ ਤਾਂ ਜੋ ਆਉਣ ਵਾਲੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਹੋ ਸਕੇ। ਨਿਯੁਕਤੀ ਪੱਤਰ ਮਿਲਣ ਉਪਰੰਤ ਸਾਬਕਾ ਕੌਂਸਲਰ ਕਪਿਲ ਆਨੰਦ ਨੇ ਕਿਹਾ ਕਿ ਪਾਰਟੀ ਨੇ ਜੋ ਮਾਣ ਬਖਸ਼ਿਆ ਹੈ ਉਸ ਲਈ ਸਮੂਹ ਲੀਡਰਸ਼ਿਪ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਮੀਟਿੰਗਾਂ ਕਰ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਕੁੰਦਰਾ, ਜੇ.ਪੀ. ਸਿੰਘ ਮੱਕੜ, ਜਗਜੀਤ ਸਿੰਘ ਪ੍ਰਿਥੀਪੁਰ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਪ੍ਰਧਾਨ ਯੂਥ ਦਿਹਾਤੀ ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਸ਼ਹਿਰੀ ਯੂਥ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸਾਬਕਾ ਕੌਂਸਲਰ ਸੰਨੀ ਦੂਆ, ਨੰਦ ਕਿਸ਼ੋਰ, ਸਾਬਕਾ ਕੌਂਸਲਰ ਪਰਮਜੀਤ ਪੰਮੀ ਵੀ ਮੌਜੂਦ ਸਨ।