ਕਣਕ ਦੀ ਖ਼ਰੀਦ ਸਹੀ ਢੰਗ ਨਾਲ ਕਰਵਾਉਣ ਲਈ ਸੈਕਟਰ ਅਫ਼ਸਰ ਤਾਇਨਾਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਪਰੈਲ
ਕਣਕ ਦੇ ਸੀਜ਼ਨ 2025-26 ਦੌਰਾਨ ਜ਼ਿਲ੍ਹਾ ਸੰਗਰੂਰ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਦੀਆਂ ਸਮੂਹ ਅਨਾਜ ਮੰਡੀਆਂ ਵਿੱਚ ਵੱਖ- ਵੱਖ ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ਜੋ ਕਿ ਕਿਸੇ ਵੀ ਸਮੱਸਿਆ ਦੀ ਸਥਿਤੀ ਵਿਚ ਸਬੰਧਤ ਉੱਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਨਗੇ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਖ਼ਰੀਦ ਪ੍ਰਬੰਧਾਂ ਦੀ ਸਮੁੱਚੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਕਰਨਗੇ ਅਤੇ ਸਬੰਧਤ ਐੱਸਡੀਐੱਮ ਆਪਣੇ ਅਧਿਕਾਰ ਖੇਤਰ ’ਚ ਖ਼ਰੀਦ ਪ੍ਰਬੰਧਾਂ ਦੇ ਇੰਚਾਰਜ ਹੋਣਗੇ। ਉਨ੍ਹਾਂ ਕਿਹਾ ਕਿ ਸੈਕਟਰ ਅਫਸਰਾਂ ਵੱਲੋਂ ਡਿਊਟੀ ’ਚ ਕਿਸੇ ਵੀ ਕਿਸਮ ਦੀ ਕੀਤੀ ਗਈ ਲਾਪ੍ਰਵਾਹੀ ਦੀ ਸੂਰਤ ਵਿਚ ਅਨੁਸਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਕਮਾਂ ’ਚ ਕਿਹਾ ਗਿਆ ਹੈ ਕਿ ਕੋਈ ਵੀ ਸੈਕਟਰ ਅਫਸਰ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਹਰੇਕ ਸੈਕਟਰ ਅਫਸਰ ਡਿਊਟੀ ਦੌਰਾਨ ਆਪਣਾ ਮੋਬਾਈਲ ਫੋਨ ਖੁੱਲ੍ਹਾ ਰੱਖੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ਼ਰੀਦ ਪ੍ਰਬੰਧਾਂ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲ੍ਹਾ ਪੱਧਰ ਅਤੇ ਉੱਪ ਮੰਡਲ ਮੈਜਿਸਟਰੇਟ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।