ਕਣਕ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਅਜਨਾਲਾ, 8 ਮਈ
ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਖ਼ਰੀਦੀ ਗਈ ਕਣਕ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਧਨਵੰਤ ਸਿੰਘ ਖਤਰਾਏ ਕਲ੍ਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਤੁਰੰਤ ਅਦਾਇਗੀ ਦੀ ਮੰਗ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਧਨਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਹੋਣ ਦੇ 24 ਘੰਟਿਆਂ ਦੇ ਅੰਦਰ ਅਦਾਇਗੀ ਹੋਣ ਦੇ ਦਾਅਵੇ ਕੀਤੇ ਗਏ ਸਨ ਪਰ ਇਸ ਸਮੇਂ ਕਿਸਾਨਾਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਕਣਕ ਦੀ ਬਣਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨੀ ਹੋ ਰਹੇ ਹਨ। ਕਿਸਾਨਾਂ ਨੂੰ ਕਣਕ ਦੀ ਕਟਾਈ, ਤੂੜੀ ਬਣਾਉਣ ਦੇ ਖ਼ਰਚੇ ਅਤੇ ਝੋਨੇ ਦੀ ਪਨੀਰੀ ਬੀਜਣ ਦੇ ਖ਼ਰਚੇ ਸਾਹਮਣੇ ਖੜ੍ਹੇ ਹਨ ਪਰ ਉਹ ਇਸ ਸਭ ਦੀ ਅਦਾਇਗੀ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਇਸ ਨੂੰ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਦਿੱਤੀ ਜਾਂਦੀ ਕੈਸ਼ ਕਰੈਡਿਟ ਲਿਮਟ ਰੀਨਿਊ ਨਾ ਹੋ ਸਕਣ ਦਾ ਤਰਕ ਦੇ ਕੇ ਪੱਲਾ ਝਾੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਣਕ ਦੀ ਅਦਾਇਗੀ ਸਬੰਧੀ ਕਿਸਾਨਾਂ ਨੂੰ ਇੰਨਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੀ ਬਣਦੀ ਅਦਾਇਗੀ ਤਰੁੰਤ ਜਾਰੀ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੇ ਜ਼ਰੂਰੀ ਖ਼ਰਚੇ ਸਮੇਂ ਸਿਰ ਕਰ ਸਕਣ।
ਇਸ ਮੌਕੇ ਵਿਜੇ ਸ਼ਾਹ ਧਾਰੀਵਾਲ, ਅਮਰੀਕ ਸਿੰਘ ਸੰਗਤਪੁਰਾ, ਸੁੱਚਾ ਸਿੰਘ, ਚਮਕੌਰ ਸਿੰਘ, ਹਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।