ਕਣਕ ਖਰੀਦਣ ’ਚ ਕੁਤਾਹੀ ਬਰਦਾਸ਼ਤ ਨਹੀਂ: ਰਾਜੇਸ਼ ਨਾਗਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਅਪਰੈਲ
ਖੁਰਾਕ ਤੇ ਸਪਲਾਈ ਕੰਟਰੋਲਰ ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨਾਂ ਦੀ ਕਣਕ ਮੰਡੀ ਆਉਣ ਤੋਂ ਬਾਅਦ ਇਸ ਨੂੰ ਨਿਰਧਾਰਤ ਸਮੇਂ ਵਿੱਚ ਸਰਕਾਰ ਵੱਲੋਂ ਨਿਰਧਾਰਤ ਕੀਮਤ ’ਤੇ ਖਰੀਦਿਆ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ 48 ਘੰਟਿਆਂ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਕਣਕ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਸਰਕਾਰ ਨੂੰ ਕਿਸੇ ਵੀ ਅਨਾਜ ਮੰਡੀ ਤੋਂ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ। ਖੁਰਾਕ ਤੇ ਸਪਲਾਈ ਕੰਟਰੋਲਰ ਮੰਤਰੀ ਰਾਜੇਸ਼ ਨਾਗਰ ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਬੀਤੀ ਦੇਰ ਸ਼ਾਮ ਲਾਡਵਾ ਅਨਾਜ ਮੰਡੀ ਵਿੱਚ ਕਣਕ ਦੇ ਖਰੀਦ, ਲਿਫਟਿੰਗ ਤੇ ਹੋਰ ਸਬੰਧਤ ਸਹੂਲਤਾਂ ਦਾ ਨਿਰੀਖਣ ਕਰ ਰਹੇ ਸਨ। ਮੰਡੀ ਪਹੁੰਚਦਿਆਂ ਹੀ ਉਨਾਂ ਨੇ ਗੇਟ ਪਾਸ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮੌਜੂਦ ਸਟਾਫ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਨਾਗਰ ਨੇ ਦੱਸਿਆ ਕਿ ਹੁਣ ਤਕ ਅਨਾਜ ਮੰਡੀ ਲਾਡਵਾ ਵਿੱਚ 14 ਹਜ਼ਾਰ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਇਸ ਵਿੱਚੋਂ 40 ਫ਼ੀਸਦ ਫਸਲ ਦੀ ਚੁਕਾਈ ਹੋ ਚੁੱਕੀ ਹੈ। ਕਿਸਾਨਾਂ ਤੇ ਵਪਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਕੋਈ ਗੰਭੀਰ ਸਮੱਸਿਆ ਸਾਹਮਣੇ ਨਹੀਂ ਆਈ ,ਫਿਰ ਵੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਪ੍ਰੇਸ਼ਾਨੀ ਨਾ ਆਏ। ਉਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦਿਆ ਜਾਏਗਾ। ਇਸ ਮੌਕੇ ਲਾਡਵਾ ਨਗਰ ਪਾਲਿਕ ਪ੍ਰਧਾਨ ਸਾਕਸ਼ੀ ਖੁਰਾਣਾ, ਮੰਡੀ ਪ੍ਰਧਾਨ ਵਿਮਲੇਸ਼ ਗਰਗ, ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ, ਸੰਜੀਵ ਮੰਗਲਾ, ਮਾਰਕੀਟ ਕਮੇਟੀ ਸਕੱਤਰ ਸੰਤ ਕੁਮਾਰ, ਫੂਡ ਸਪਲਾਈ ਇੰਸਪੈਕਟਰ ਅੰਕੁਰ ਜਾਂਗੜਾ, ਡੀਐੱਫਸੀ ਸੁਰਿੰਦਰ ਸੈਣੀ, ਮੰਡੀ ਸੁਪਰਵਾਈਜ਼ਰ ਗੁਰਜੰਟ ਸਿੰਘ, ਵਿਜੈ ਜੈਨ ਮੌਜੂਦ ਸਨ।