ਕਠੂਆ ’ਚ ਤਿੰਨ ਅਤਿਵਾਦੀਆਂ ਦੀ ਭਾਲ ਜਾਰੀ
05:57 AM Apr 02, 2025 IST
ਜੰਮੂ, 1 ਅਪਰੈਲਕਠੂਆ ਦੇ ਪੰਜਤੀਰਥੀ-ਬਰੋਟਾ ਦੇ ਜੰਗਲਾਂ ’ਚ ਛਿਪੇ ਤਿੰਨ ਅਤਿਵਾਦੀਆਂ ਦੀ ਭਾਲ ’ਚ ਸੁਰੱਖਿਆ ਬਲਾਂ ਵੱਲੋਂ ਅੱਜ ਵੀ ਅਪਰੇਸ਼ਨ ਜਾਰੀ ਰਿਹਾ। ਪੁਲੀਸ ਅਤੇ ਅਤਿਵਾਦੀਆਂ ਵਿਚਾਲੇ ਸੋਮਵਾਰ ਰਾਤ ਹੋਏ ਮੁਕਾਬਲੇ ਮਗਰੋਂ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਤਿੰਨ ਅਤਿਵਾਦੀ ਉਹੋ ਜਾਪਦੇ ਹਨ ਜਿਨ੍ਹਾਂ ਦਾ 23 ਮਾਰਚ ਨੂੰ ਕੌਮਾਂਤਰੀ ਸਰਹੱਦ ਨੇੜੇ ਨਰਸਰੀ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਟਾਕਰਾ ਹੋਇਆ ਸੀ। ਸੁਰੱਖਿਆ ਬਲਾਂ ਨੇ ਕਠੂਆ ਦੀ ਸਾਨਯਾਲ ਪੱਟੀ ਦੇ ਜੰਗਲਾਂ ’ਚ ਮੁਕਾਬਲੇ ਦੌਰਾਨ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ ਜਦਕਿ ਬਾਕੀ ਮੌਕੇ ਤੋਂ ਭੱਜਣ ’ਚ ਕਾਮਯਾਬ ਰਹੇ ਸਨ। ਇਸ ਮੁਕਾਬਲੇ ਦੌਰਾਨ ਚਾਰ ਪੁਲੀਸ ਕਰਮੀ ਸ਼ਹੀਦ ਹੋ ਗਏ ਸਨ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਇਕ ਰਾਤ ਪਹਿਲਾਂ ਤਿੰਨ ਸ਼ੱਕੀ ਵਿਅਕਤੀ ਇਕ ਘਰ ’ਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਬਜ਼ੁਰਗ ਮਹਿਲਾ ਤੋਂ ਪਾਣੀ ਮੰਗਿਆ ਸੀ। ਉਥੋਂ ਜਾਣ ਸਮੇਂ ਉਹ ਰਸੋਈ ’ਚੋਂ ਰੋਟੀਆਂ ਅਤੇ ਸਬਜ਼ੀ ਚੁੱਕ ਕੇ ਆਪਣੇ ਨਾਲ ਲੈ ਗਏ ਸਨ। ਉਨ੍ਹਾਂ ਮਹਿਲਾ ਨੂੰ 500 ਰੁਪਏ ਦੇ ਦੋ ਨੋਟ ਵੀ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ
Advertisement
Advertisement
Advertisement