ਕਟਾਰੂਚੱਕ ਵੱਲੋਂ ਘਰੋਟਾ ’ਚ ਵਾਤਾਵਰਨ ਪਾਰਕ ਬਣਾਉਣ ਦਾ ਐਲਾਨ
ਐੱਨਪੀ ਧਵਨ
ਪਠਾਨਕੋਟ, 28 ਮਾਰਚ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਘਰੋਟਾ ਵਿੱਚ ਨਮੂਨੇ ਦਾ ਵਾਤਾਵਰਨ ਪਾਰਕ ਬਣਾਉਣ ਦਾ ਐਲਾਨ ਕੀਤਾ। ਉਹ ਇਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਪੂਰੀ ਕਰਨ ਲਈ ਘਰੋਟਾ ਵਿੱਚ ਬਾਬਾ ਨਾਗਾ ਦੇ ਅਸਥਾਨ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ’ਤੇ ਖੂਬਸੂਰਤ ਵਾਤਾਵਰਨ ਪਾਰਕ ਬਣਾਇਆ ਜਾਵੇਗਾ। ਇਸ ਵਿੱਚ ਵਾਕ ਟਰੇਲ, ਓਪਨ ਜਿਮ ਅਤੇ ਇੱਕ ਗਜੀਬੋ ਵੀ ਬਣਾਇਆ ਜਾਵੇਗਾ। ਪਾਰਕ ਅੰਦਰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਪਿੰਡ ਘਰੋਟਾ ਦੇ ਆਲੇ-ਦੁਆਲੇ ਬਣਾਈ ਜਾ ਰਹੀ ਕੰਕਰੀਟ ਦੀ 18 ਫੁੱਟ ਚੌੜੀ ਫਿਰਨੀ ਦੇ ਨਿਰਮਾਣ ਕਾਰਜ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਘਰੋਟਾ-ਦੀਨਾਨਗਰ ਮਾਰਗ, ਜਿਸ ਦੀ ਹਾਲਤ ਬਹੁਤ ਹੀ ਖਸਤਾ ਹੈ, ਦੇ ਨਵ-ਨਿਰਮਾਣ ਲਈ ਪਲਾਨ ਰੋਡ ਵਜੋਂ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮਗਰੋਂ ਪਿੰਡ ਡੱਲਾ ਬਲੀਮ, ਪਿੰਡ ਢੋਲੋਵਾਲ, ਪਰਮਾਨੰਦ, ਚੋਹਾਣਾ, ਖੰਨੀ ਖੂਹੀ, ਮੀਲਵਾਂ, ਵਡਾਲਾ, ਹੈਬੋ, ਜੰਗਲਾ ਭਵਾਨੀ, ਛੰਨੀ ਟੋਲਾ, ਟੋਲਾ, ਕੋਠੇ ਰਾਂਝੇ ਦੇ, ਮਾੜੀ, ਕਤਾਣੀ, ਮੁਰਾਦਪੁਰ, ਤਾਰਾਗੜ੍ਹ ਆਦਿ ਪਿੰਡਾਂ ਦਾ ਵੀ ਮੰਤਰੀ ਨੇ ਦੌਰਾ ਕੀਤਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਅੰਦਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਠਾਕੁਰ ਭੁਪਿੰਦਰ ਸਿੰਘ ਮੁੰਨਾ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।