ਮੁਸਲਿਮ ਭਾਈਚਾਰੇ ਨੇ ਈਦ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਾਰਚ
ਈਦ-ਉਲ-ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਸ਼ੁਭ ਮੌਕੇ ’ਤੇ ਵੱਖ ਵੱਖ ਸਿਆਸੀ ਤੇ ਸਮਾਜਿਕ ਆਗੂਆਂ ਮਸਜਿਦਾਂ ਵਿੱਚ ਜਾ ਕੇ ਨਮਾਜ਼ ਵੇਲੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਨੂੰ ਗਲ ਲੱਗ ਕੇ ਈਦ ਦੀ ਮੁਬਾਰਕਵਾਦ ਦਿੱਤੀ।
ਇਸੇ ਤਰ੍ਹਾਂ ਸ਼ਹਿਰ ਦੀਆ ਹੋਰ ਮਸਜਿਦਾਂ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਵਿਖੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਡੇ ਸਮਾਜ ਵਿੱਚ ਉਮੀਦ, ਸਦਭਾਵਨਾ ਅਤੇ ਦਿਆਲਤਾ ਦੀ ਭਾਵਨਾ ਨੂੰ ਵਧਾਉਂਦਾ ਹੈ।
ਫਗਵਾੜਾ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਗਿਆ। ਮਸਜਿਦ ਉਮਰ ਨਾਈਆਂ ਚੌਕ ’ਚ ਇਮਾਮ ਜਿਊਲ ਹੱਕ ਕਾਸਵੀ ਨੇ ਨਮਾਜ਼ ਅਦਾ ਕਰਵਾਈ। ਮਦੀਨਾ ਮਸਜਿਦ ਪਲਾਹੀ ਵਿਖੇ ਮੌਲਾਨਾ ਨਸੀਬ ਅਹਿਮਦ ਕਾਸਵੀ ਨੇ ਈਦ ਦੀ ਨਮਾਜ਼ ਅਦਾ ਕਰਵਾਈ ਅਤੇ ਦੇਸ਼ ਦੀ ਅਮਨ ਸ਼ਾਂਤੀ ਲਈ ਕਾਮਨਾ ਕੀਤੀ। ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਈਦ ਦਾ ਇਹ ਤਿਉਹਾਰ ਰੱਬ ਦੀ ਬੰਦਗੀ ਤੇ ਲੋੜਵੰਦਾਂ ਦੀ ਮੱਦਦ ਲਈ ਪ੍ਰੇਰਿਤ ਕਰਦਾ ਹੈ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਨੂਰੀ ਜਾਮਾ ਮਸਜਿਦ ਸਿਆਣਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਮੌਲਵੀ ਮੁਹੰਮਦ ਇਮਰਾਨ ਨੇ ਨਮਾਜ਼ ਅਦਾ ਕਰਾਈ ਅਤੇ ਪ੍ਰਧਾਨ ਤੇ ਸਮਾਜ ਸੇਵੀ ਸ਼ਖਸੀਅਤ ਜਨਾਬ ਮੁਹੰਮਦ ਬੂਟਾ ਨੇ ਈਦ ਦੀ ਸਾਰੇ ਵਰਗਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ।
ਕਾਦੀਆਂ (ਨਿੱਜੀ ਪੱਤਰ ਪ੍ਰੇਰਕ): ਅਹਿਮਦੀਆ ਮੁਸਲਿਮ ਜਮਾਤ ਦੇ ਮੁੱਖ ਕੇਂਦਰ ਕਾਦੀਆਂ ਵਿੱਚ ਅਹਿਮਦੀਆ ਮੁਸਲਮਾਨਾਂ ਨੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ। ਅੱਜ ਸਵੇਰੇ ਸਥਾਨਕ ਮਸਜਿਦ ਅਕਸਾ ਵਿੱਚ ਮਜਲਿਸ ਅੰਸਾਰਉਲਾ ਭਾਰਤ ਦੇ ਮੁਖੀ ਮੌਲਾਨਾ ਅਤਾਉਲਾ ਮੁਜੀਬ ਲੋਨ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਈਦ ਦੀ ਮੁਬਾਰਕਬਾਦ ਦਿੱਤੀ। ਉਪਰੰਤ ਉਨ੍ਹਾਂ ਨੇ ਉਪਦੇਸ਼ ਦਿੰਦਿਆਂ ਕਿਹਾ ਕਿ ਸੁਰੱਖਿਆ, ਹਮਦਰਦੀ, ਗਰੀਬਾਂ ਦੀ ਸੇਵਾ ਅਤੇ ਮਨੁੱਖਤਾ ਪ੍ਰਤੀ ਪਿਆਰ ਅਜਿਹੇ ਗੁਣ ਹਨ ਜੋ ਸਾਨੂੰ ਰਮਜ਼ਾਨ ਦੀਆਂ ਬਰਕਤਾਂ ਤੋਂ ਮਿਲਦੇ ਹਨ। ਜਮਾਤ ਅਹਿਮਦੀਆ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਕਿਹਾ ਕਿ ਮਨੁੱਖਤਾ ਨਾਲ ਹਮਦਰਦੀ ਕਰਨਾ ਸਭ ਤੋਂ ਵੱਡੀ ਇਬਾਦਤ ਹੈ, ਜੋ ਅੱਲ੍ਹਾ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਡਲਹੌਜ਼ੀ ਰੋਡ ’ਤੇ ਹੀਰਾ ਮਸਜਿਦ ਵਿਖੇ ਪ੍ਰਧਾਨ ਰੋਸ਼ਨਦੀਨ ਦੀ ਅਗਵਾਈ ’ਚ ਈਦ ਮਨਾਈ ਗਈ। ਇਸ ਮੌਕੇ ਮੌਲਵੀ ਮੁਹੰਮਦ ਫੁਰਕਾਨ ਨੇ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਵਾਈ। ਇਸ ਮਗਰੋਂ ਉਨ੍ਹਾਂ ਇੱਕ-ਦੂਸਰੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਰੂਪ ਵਿੱਚ ਸ਼ਾਮਲ ਹੋਏ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ‘ਈਦ-ਉਲ-ਫਿਤਰ’ ਸ਼ਾਂਤੀ, ਭਾਈਚਾਰੇ, ਮਾਨਵਤਾ ਤੇ ਪ੍ਰੇਮ ਦਾ ਸੰਦੇਸ਼ ਦਿੰਦੀ ਹੈ।
ਦਰਬਾਰ ਸਾਈਂ ਜੁਮਲੇ ਸ਼ਾਹ ਉਦੇਸੀਆਂ ਵਿਖੇ ਈਦ ਮਨਾਈ
ਜਲੰਧਰ (ਪੱਤਰ ਪ੍ਰੇਰਕ): ਇੱਥੋਂ ਥੋੋੜ੍ਹੀ ਦੂਰ ਪੈਂਦੇ ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਈਂ ਜੁਮਲੇ ਸ਼ਾਹ ਜੀ ਵਿਖੇ ਸਈਅਦ ਫਕੀਰ ਬੀਬੀ ਸ਼ਰੀਫਾਂ ਦੀ ਪ੍ਰੇਰਨਾ ਸਦਕਾ ਈਦ-ਉਲ-ਫਿਤਰ ਬੜੇ ਉਤਸ਼ਾਹ ਨਾਲ ਮਨਾਈ ਗਈ। ਸਭ ਤੋਂ ਪਹਿਲਾ ਨਮਾਜ਼ ਅਦਾ ਕੀਤੀ ਗਈ ਤੇ ਸਰਬਤ ਦੇ ਭਲੇ ਦੀ ਦੁਆ ਮੰਗੀ। ਇਸ ਤੋਂ ਬਾਅਦ ਸਾਰਿਆਂ ਨੇ ਇੱਕ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਇਸ਼ਾ, ਮਹੰਤ ਕਿਰਨਾ, ਜਸਵੀਰ ਸਿੰਘ, ਗੁਰਨਾਮ ਸਿੰਘ, ਸ਼ਿਵਮ ਬਲੂਜਾ, ਸੋਨੂੰ, ਮੋਲਵੀ ਇਫਰਾਨ ਵਡਾਲਾ, ਨੇਕ ਮੁਹਮੰਦ ਹਰੀਪੁਰ, ਇਮਤਿਆਜ ਤਲਵੰਡੀ, ਆਫਿਸ ਖਿਚੀਪੁਰ, ਸਮਸ਼ਾਦ ਅਲੀ ਆਦਮਪੁਰ, ਦਾਉਦ ਢੱਡੇ, ਨਜੀਰ ਮੁਹੰਮਦ, ਮੱਦੀ, ਡਾ. ਰਵੀਪਾਲ, ਜਿੰਦਰ ਬਾਬਾ, ਮਨੂ ਬਾਬਾ, ਜੋਨੀ, ਲੱਕੀ, ਬਾਬਾ ਮਨਜੂਰ ਅਹਿਮਦ, ਬਲਜੀਤ ਸਿੰਘ ਹਰੀਪੁਰ, ਗੁਰਮੁੱਖ ਸਿੰਘ, ਪਿੰਦਰਾ, ਧੀਰਜ, ਨਵਦੀਪ ਅਹੀਰ, ਅਵਤਾਰ, ਨਿੰਦਰ, ਖੁਸ਼ਵੰਤ, ਬਿੱਕਰ ਲੇਸੜੀਵਾਲ, ਖੁਸ਼ੀ ਮੁਹੰਮਦ, ਮੰਗਲਦੀਨ, ਜਸਪ੍ਰੀਤ, ਮੀਕਾ, ਰਿੰਤੂ ਰਾਜ, ਵਿਪਨ, ਨਿਸ਼ਚੇ, ਸਿਪਾ, ਲਵੀ ਤੇ ਹੋਰ ਹਾਜ਼ਰ ਸਨ।
ਵਿਧਾਇਕ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਈਦ-ਉਲ-ਫਿਤਰ ਦਾ ਤਿਉਹਾਰ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਸ਼ੁਭ ਮੌਕੇ ਵਿਧਾਇਕ ਡਾ. ਅਜੇ ਗੁਪਤਾ ਨੇ ਹਾਲ ਬਾਜ਼ਾਰ ਵਿੱਚ ਸਥਿਤ ਮਸਜਿਦ ਖੈਰੂਦੀਨ, ਮਸਜਿਦ ਸਿਕੰਦਰ ਖਾਨ ਅਤੇ ਖਿਡੌਣਾ ਬਾਜ਼ਾਰ ਵਿੱਚ ਮਸਜਿਦ ਗੁਲਬਖ਼ਸ਼ ਦਾ ਦੌਰਾ ਕਰ ਕੇ ਮੁਸਲਿਮ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ। ਵਿਧਾਇਕ ਡਾ. ਗੁਪਤਾ ਨੇ ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਮੌਕੇ ਸਾਰਿਆਂ ਨੂੰ ਈਦ ਦੀ ਵਧਾਈ ਦਿੱਤੀ।ਉਨ੍ਹਾਂ ਨੇ ਖੁਰਸ਼ੀਦ ਅਹਿਮਦ, ਮੌਲਾਨਾ ਹਾਮਿਦ ਹੁਸੈਨ, ਸ਼ਾਹਿਦ ਅਹਿਮਦ ਨਾਲ ਵੀ ਮੁਲਾਕਾਤ ਕੀਤੀ ਅਤੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਥਿਤ ਇਨ੍ਹਾਂ ਤਿੰਨਾਂ ਮਸਜਿਦਾਂ ਵਿੱਚ ਆਏ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ।