ਐੱਨਆਈਏ ਵੱਲੋਂ ਤਹੱਵੁਰ ਰਾਣਾ ਤੋਂ ਲਗਾਤਾਰ ਦੂਜੇ ਦਿਨ ਪੁੱਛ ਪੜਤਾਲ
04:15 AM Apr 13, 2025 IST
ਨਵੀਂ ਦਿੱਲੀ, 12 ਅਪਰੈਲਕੌਮੀ ਜਾਂਚ ਏਜੰਸੀ (ਐੱਨਆਈਏ) ਨੇ 2008 ਦੇ ਅਤਿਵਾਦੀ ਹਮਲੇ ਪਿਛਲੀ ਵੱਡੀ ਸਾਜ਼ਿਸ਼ ਦੀ ਜਾਂਚ ਲਈ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਤੋਂ ਲਗਾਤਾਰ ਦੂਜੇ ਦਿਨ ਪੁੱਛ ਪੜਤਾਲ ਕੀਤੀ ਹੈ। ਅੱਜ ਨੇ ਦੱਸਿਆ ਕਿ ਐੱਨਆਈਏ ਅਧਿਕਾਰੀਆਂ ਦੀ ਟੀਮ ਰਾਣਾ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤਾਂ ਜੋ 16 ਸਾਲ ਪਹਿਲਾਂ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਹਮਲਿਆਂ ਪਿਛਲੀ ਉਸ ਦੀ ਅਸਲ ਭੂਮਿਕਾ ਦਾ ਪਤਾ ਲਾਇਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਵੱਲੋਂ ਜੁਟਾਏ ਗਏ ਵੱਖ ਵੱਖ ਸੁਰਾਗਾਂ ਦੇ ਆਧਾਰ ’ਤੇ ਰਾਣਾ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਜਿਸ ’ਚ ਉਸ ਦੇ ਅਤੇ ਉਸ ਦੇ ਸਹਾਇਕ ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਵਿਚਲੇ ਹੋਈਆਂ ਵੱਡੀ ਗਿਣਤੀ ਫੋਨ ਕਾਲਾਂ ਸ਼ਾਮਲ ਹਨ। ਹੈਡਲੀ ਇਸ ਸਮੇਂ ਅਮਰੀਕਾ ਦੀ ਜੇਲ੍ਹ ’ਚ ਬੰਦ ਹੈ। ਸੂਤਰਾਂ ਨੇ ਦੱਸਿਆ ਕਿ ਰਾਣਾ ਤੋਂ ਉਨ੍ਹਾਂ ਲੋਕਾਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਜਿਨ੍ਹਾਂ ਨਾਲ ਉਸ ਦੀ ਮੁਲਾਕਾਤ ਹੋਈ ਅਤੇ ਖਾਸ ਤੌਰ ’ਤੇ ਦੁਬਈ ’ਚ ਕਥਿਤ ਤੌਰ ’ਤੇ ਇਕ ਅਹਿਮ ਸੰਪਰਕ ਬਾਰੇ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁੰਬਈ ’ਚ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਬਾਰੇ ਜਾਣਦਾ ਸੀ।
Advertisement
ਜ਼ਿਕਰਯੋਗ ਹੈ ਕਿ ਰਾਣਾ ਨੂੰ ਸਥਾਨਕ ਅਦਾਲਤ ਤੋਂ 18 ਦਿਨ ਦੀ ਹਿਰਾਸਤ ਮਿਲਣ ਮਗਰੋਂ ਬੀਤੇ ਦਿਨ ਐੱਨਆਈਏ ਦੇ ਹੈੱਡਕੁਆਰਟਰ ਲਿਆਂਦਾ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਦੇਰ ਰਾਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। -ਪੀਟੀਆਈ
Advertisement
Advertisement