ਉੱਤਰੀ ਕੋਰੀਆ ਆਪਣਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਹੀਂ ਰੋਕੇਗਾ: ਕਿਮ ਯੋ ਜੌਂਗ
ਸਿਓਲ, 9 ਅਪਰੈਲ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੀ ਭੈਣ ਨੇ ਅੱਜ ਵਾਸ਼ਿੰਗਟਨ ਤੇ ਉਸ ਦੇ ਏਸ਼ਿਆਈ ਸਹਿਯੋਗੀਆਂ ਵੱਲੋਂ ਉੱਤਰੀ ਕੋਰੀਆ ਨੂੰ ਪ੍ਰਮਾਣੂ ਮੁਕਤ ਕਰਨ ਦਾ ‘ਸੁਫਨਾ’ ਲੈਣ ਨੂੰ ਹਾਸੋਹੀਣਾ ਕਰਾਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਕਦੀ ਵੀ ਨਹੀਂ ਰੋਕੇਗਾ। ਪਿਛਲੇ ਹਫ਼ਤੇ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੇ ਸਿਖਰਲੇ ਕੂਟਨੀਤਕਾਂ ਦੀ ਮੀਟਿੰਗ ’ਚ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਮੁਕਤ ਬਣਾਉਣ ਦਾ ਅਹਿਦ ਲਏ ਜਾਣ ’ਤੇ ਦੇਸ਼ ਦੀ ਸਿਖਰਲੀ ਵਿਦੇਸ਼ ਨੀਤੀ ਅਧਿਕਾਰੀ ਕਿਮ ਯੋ ਜੌਂਗ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਕਿਮ ਯੋ ਜੌਂਗ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਦੇ ਵਿਸਤਾਰ ਦਾ ਟੀਚਾ ਉੱਤਰੀ ਕੋਰੀਆ ਦੇ ਸੰਵਿਧਾਨ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਮੁਕਤ ਬਣਾਉਣ ਸਬੰਧੀ ਕੋਈ ਵੀ ਬਾਹਰੀ ਚਰਚਾ ‘ਸਭ ਤੋਂ ਵੱਡੀ ਦੁਸ਼ਮਣੀ’ ਵਾਲੀ ਕਾਰਵਾਈ ਤੇ ਦੇਸ਼ ਦੀ ਪ੍ਰਭੂਸੱਤਾ ਨੂੰ ਨਕਾਰਨ ਦੇ ਬਰਾਬਰ ਹੈ। ਸਰਕਾਰੀ ਮੀਡੀਆ ’ਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਬਿਆਨ ’ਚ ਉਸ ਨੇ ਕਿਹਾ, ‘ਜੇ ਅਮਰੀਕਾ ਤੇ ਉਸ ਅਧੀਨ ਤਾਕਤਾਂ ਪਰਮਾਣੂ ਹਥਿਆਰ ਖਤਮ ਕਰਨ ’ਤੇ ਜ਼ੋਰ ਦਿੰਦੀਆਂ ਰਹਿਣਗੀਆਂ ਤਾਂ ਇਸ ਨਾਲ ਉੱਤਰੀ ਕੋਰੀਆ ਨੂੰ ਹੀ ਫਾਇਦਾ ਹੋਵੇਗਾ ਜੋ ਆਤਮ-ਰੱਖਿਆ ਲਈ ਸਭ ਤੋਂ ਮਜ਼ਬੂਤ ਪਰਮਾਣੂ ਹਥਿਆਰ ਦੇ ਨਿਰਮਾਣ ਦੀ ਖਾਹਿਸ਼ ਰੱਖਦਾ ਹੈ।’ -ਏਪੀ