ਉੱਤਰਾਖੰਡ: ਚਾਰਧਾਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ
ਦੇਹਰਾਦੂਨ, 5 ਅਪਰੈਲ
ਉੱਤਰਾਖੰਡ ਦੇ ਮਸ਼ਹੂਰ ਚਾਰ ਹਿਮਾਲਿਆਈ ਮੰਦਰਾਂ ਦੀ ਸਾਲਾਨਾ ਯਾਤਰਾ ਦੇ ਬਿਹਤਰ ਪ੍ਰਬੰਧਨ ਲਈ ਚਾਰਧਾਮ ਯਾਤਰਾ ਰੂਟ ਨੂੰ 15 ਸੁਪਰ ਜ਼ੋਨ, 41 ਜ਼ੋਨ ਅਤੇ 137 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਗੜ੍ਹਵਾਲ ਦੇ ਆਈਜੀ ਰਾਜੀਵ ਸਵਰੂਪ ਨੇ ਦੱਸਿਆ ਕਿ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਰੂਟ ’ਤੇ 6,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਚਾਰਧਾਮ ਯਾਤਰਾ 30 ਅਪਰੈਲ ਨੂੰ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਿਵਾੜ ਖੁੱਲ੍ਹਣ ਨਾਲ ਸ਼ੁਰੂ ਹੋਵੇਗੀ। ਕੇਦਾਰਨਾਥ ਦੇ ਕਿਵਾੜ 2 ਮਈ, ਜਦਕਿ ਬਦਰੀਨਾਥ ਦੇ ਕਿਵਾੜ 4 ਮਈ ਨੂੰ ਖੁੱਲ੍ਹਣਗੇ। ਯਾਤਰਾ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਸਵਰੂਪ ਨੇ ਕਿਹਾ ਕਿ ਹਰ ਸੈਕਟਰ ਦਾ ਖੇਤਰ 10 ਕਿਲੋਮੀਟਰ ਹੋਵੇਗਾ, ਜਿੱਥੇ ਸੁਰੱਖਿਆ ਕਰਮਚਾਰੀ 24 ਘੰਟੇ ਗਸ਼ਤ ਕਰਨਗੇ ਅਤੇ ਹੋਰ ਡਿਊਟੀਆਂ ਨਿਭਾਉਣਗੇ। ਆਈਜੀ ਨੇ ਕਿਹਾ ਕਿ ਰੇਂਜ ਦਫ਼ਤਰ ਵਿੱਚ ਸੁਪਰਡੈਂਟ ਆਫ ਪੁਲੀਸ (ਟਰੈਫਿਕ) ਲੋਕਜੀਤ ਸਿੰਘ ਦੀ ਅਗਵਾਈ ਹੇਠ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ। ਉਹ ਸੁਰੱਖਿਆ ਪ੍ਰਬੰਧਾਂ, ਆਵਾਜਾਈ, ਭੀੜ ਅਤੇ ਆਫ਼ਤ ਪ੍ਰਬੰਧਨ ਦੀਆਂ ਤਿਆਰੀਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ। ਆਈਜੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ ਯਾਤਰਾ ਕੰਟਰੋਲ ਰੂਮ ਕੰਮ ਕਰਨਾ ਸ਼ੁਰੂ ਕਰ ਦੇਵੇਗਾ। -ਪੀਟੀਆਈ