Tahawwur Rana ਤਹੱਵੁਰ ਰਾਣਾ ਨੂੰ ‘ਜਲਦੀ’ ਭਾਰਤ ਹਵਾਲੇ ਕੀਤਾ ਜਾ ਸਕਦੈ
ਨਿਊਯਾਰਕ/ਨਵੀਂ ਦਿੱਲੀ, 9 ਅਪਰੈਲ
ਮੁੰਬਈ ਦਹਿਸ਼ਤੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ‘ਜਲਦੀ ਹੀ’ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਤਹੱਵੁਰ ਦੀ ਹਵਾਲਗੀ ਨਾਲ ਜਾਂਚ ਏਜੰਸੀਆਂ ਨੂੰ 26/11 ਮੁੰਬਈ ਦਹਿਸ਼ਤੀ ਹਮਲੇ, ਜਿਸ ਵਿਚ 166 ਜਾਨਾਂ ਜਾਂਦੀਆਂ ਰਹੀਆਂ ਸਨ, ’ਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਕਰਨ ’ਚ ਮਦਦ ਮਿਲੇਗੀ। ਭਾਰਤ ਦੇ ਸਰਕਾਰੀ ਸੂਤਰਾਂ ਮੁਤਾਬਕ ਮੁਲਕ ਤੋਂ ਵੱਖ ਵੱਖ ਏਜੰਸੀਆਂ ਦੀ ਇਕ ਟੀਮ ਅਮਰੀਕਾ ਵਿਚ ਹੈ, ਜਿਸ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਮਿਲ ਕੇ ਹਵਾਲਗੀ ਸਬੰਧੀ ਕਾਨੂੰਨੀ ਅਮਲ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਨੂੰ ਭਾਰਤ ਲਿਆਂਦਾ ਜਾ ਸਕੇ।
ਉਂਝ ਇਹ ਵੀ ਪਤਾ ਲੱਗਾ ਹੈ ਕਿ ਰਾਣਾ ਬੁੱਧਵਾਰ ਨੂੰ ਭਾਰਤ ਨਹੀਂ ਆ ਰਿਹਾ ਹੈ ਅਤੇ ਉਸ ਦੀ ਹਵਾਲਗੀ ਪ੍ਰਕਿਰਿਆ ਦਾ ਅਮਲ ਹਾਲੇ ਜਾਰੀ ਹੈ। ਸੂਤਰਾਂ ਨੇ ਕਿਹਾ ਕਿ ਰਾਣਾ ਨੂੰ ਭਾਰਤ ਲਿਆਉਣ ਮਗਰੋਂ ਸ਼ੁਰੂਆਤ ਵਿਚ ਐੱਨਆਈਏ ਦੀ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਅਰਜ਼ੀ ਖਾਰਜ ਕੀਤੇ ਜਾਣ ਮਗਰੋਂ ਭਾਰਤ ਹਵਾਲੇ ਕੀਤੇ ਜਾਣ ਤੋਂ ਬਚਣ ਦੀ ਤਹੱਵੁਰ ਦੀ ਆਖਰੀ ਕੋਸ਼ਿਸ਼ ਵੀ ਨਾਕਾਮ ਹੋ ਗਈ ਸੀ। ਰਾਣਾ ਦੇ ਤਾਰ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੁੜੇ ਹੋਏ ਹਨ ਜੋ 26/11 ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇਕ ਹੈ। ਇਸ ਦੌਰਾਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਕੀਤੀ ਹੈ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਮੁੰਬਈ ਦਹਿਸ਼ਤੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਮੁਲਕ ਲਿਆਉਣ ਦੀ ਚਰਚਾ ਚੱਲ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਹਾਜ਼ਰ ਸਨ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਰਾਣਾ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਉਂਝ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਰਾਣਾ ਨੂੰ ਕਮਰਸ਼ੀਅਲ ਜਾਂ ਚਾਰਟਰਡ ’ਚੋਂ ਕਿਸ ਉਡਾਣ ਰਾਹੀਂ ਭਾਰਤ ਲਿਆਂਦਾ ਜਾਵੇਗਾ। -ਪੀਟੀਆਈ