ਉਹ ਸਾਡੀਆਂ ਧੀਆਂ ਨੇ
ਸਵਰਾਜਬੀਰ
ਸਮਾਜ ਵਿਚ ਵਿਚਰਦਿਆਂ ਕਈ ਤਰ੍ਹਾਂ ਦੇ ਲੋਕ ਮਿਲਦੇ ਹਨ। ਦੋ-ਤਿੰਨ ਦਿਨ ਪਹਿਲਾਂ ਇਕ ਸੱਜਣ ਨਾਲ ਮੁਲਾਕਾਤ ਹੋਈ। ਗੱਲਬਾਤ ਵਿਚ ਉਸ ਨੇ ਦਿੱਲੀ ਵਿਚ ਮਹਿਲਾ ਪਹਿਲਵਾਨਾਂ ਦੇ ਰੋਸ ਮੁਜ਼ਾਹਰੇ ਦਾ ਜ਼ਿਕਰ ਕੀਤਾ। ਮੈਂ ਉਸ ਨੂੰ ਦੱਸਿਆ ਕਿ ਸਾਡੇ ਅਖ਼ਬਾਰ ਨੇ ਉਨ੍ਹਾਂ ਬਾਰੇ ਖ਼ਬਰਾਂ ਛਾਪੀਆਂ ਹਨ। ਉਸ ਨੇ ਗੱਲ ਕੱਟਦਿਆਂ ਪੁੱਛਿਆ, ”ਤੁਸੀਂ ਉੱਥੇ ਗਏ ਹੋ?” ਮੈਂ ਕਿਹਾ, ”ਨਹੀਂ, ਪਰ ਪੱਤਰਕਾਰਾਂ ਤੇ ਏਜੰਸੀਆਂ ਦੀਆਂ ਖ਼ਬਰਾਂ ਅਸੀਂ ਛਾਪ ਰਹੇ ਹਾਂ। ਅਸੀਂ ਦੋਹਾਂ ਪਾਸਿਆਂ ਦਾ ਪੱਖ ਲਿਆ ਹੈ। ਦੋਹਾਂ ਨੂੰ ਆਪਣੀ ਅਖ਼ਬਾਰ ਵਿਚ ਥਾਂ ਦਿੱਤੀ ਹੈ।” ਉਸ ਨੇ ਪੁੱਛਿਆ, ”ਦੂਸਰਾ ਪੱਖ ਕਿਹੜਾ?” ਮੈਂ ਕਿਹਾ ਕਿ ਇਕ ਪਾਸੇ ਮਹਿਲਾ ਪਹਿਲਵਾਨ ਨੇ ਤੇ ਦੂਸਰੇ ਪਾਸੇ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ। ਉਸ ਸੱਜਣ ਨੇ ਕਿਹਾ, ”ਕੀ ਗੱਲ ਕਰਦੇ ਓ? ਉਹ ਸਾਡੀਆਂ ਧੀਆਂ ਨੇ। ਤੁਸੀਂ ਉੱਥੇ ਗਏ ਕਿਉਂ ਨਹੀਂ?” ਮੈਂ ਉਸ ਨੂੰ ਸਵਾਲ ਪੁੱਛਿਆ ਕਿ ਕੀ ਉਹ ਉੱਥੇ ਗਿਆ ਹੈ। ਉਸ ਨੇ ਕਿਹਾ ਕਿ ਉਸ ਨੂੰ ਛੁੱਟੀ ਨਹੀਂ ਮਿਲ ਰਹੀ ਪਰ ਛੁੱਟੀ ਮਿਲਦਿਆਂ ਹੀ ਉਹ ਉੱਥੇ ਜਾਵੇਗਾ। ਗੱਲਬਾਤ ਖ਼ਤਮ ਹੋ ਗਈ।
ਗੱਲਬਾਤ ਤਾਂ ਖ਼ਤਮ ਹੋ ਗਈ ਪਰ ਇਹ ਫ਼ਿਕਰਾ ਮੇਰੇ ਕੰਨਾਂ ਵਿਚ ਗੂੰਜ ਰਿਹਾ ਹੈ, ”ਉਹ ਸਾਡੀਆਂ ਧੀਆਂ ਨੇ।” ਉਸ ਸੱਜਣ ਦੀ ਆਵਾਜ਼ ਵਿਚ ਡੂੰਘੀ ਪੀੜ ਤੇ ਦੁੱਖ ਸੀ, ਨਿਰਾਸ਼ਾ ਸੀ; ਸ਼ਾਇਦ ਆਪਣੇ ਉੱਥੇ (ਜੰਤਰ-ਮੰਤਰ) ਨਾ ਪਹੁੰਚ ਸਕਣ ਦੀ ਪੀੜ ਜਾਂ ਇਹ ਪੀੜ ਕਿ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੇ ਸਾਰੇ ਲੋਕ ਜੰਤਰ-ਮੰਤਰ ਕਿਉਂ ਨਹੀਂ ਪਹੁੰਚੇ। ਸ਼ਾਇਦ ਇਹ ਵਾਕ ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿਚ ਗੂੰਜ ਰਿਹਾ ਹੈ ਅਤੇ ਲੋਕ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਕੋਲ ਪਹੁੰਚ ਕੇ ਉਨ੍ਹਾਂ ਦੇ ਮੁਜ਼ਾਹਰੇ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨਾਲ ਯਕਯਹਿਤੀ ਪ੍ਰਗਟ ਕਰ ਰਹੇ ਹਨ। ਕੌਮਾਂਤਰੀ ਪੱਧਰ ‘ਤੇ ਤਗ਼ਮੇ ਜਿੱਤਣ ਵਾਲੀਆਂ ਖਿਡਾਰਨਾਂ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਇਨ੍ਹਾਂ ਦੀਆਂ ਆਗੂ ਹਨ। ਮਰਦ ਪਹਿਲਵਾਨ ਤੇ ਹੋਰ ਖਿਡਾਰੀ ਵੀ ਇਨ੍ਹਾਂ ਦੀ ਹਮਾਇਤ ਕਰ ਰਹੇ ਹਨ।
ਇਨ੍ਹਾਂ ਪਹਿਲਵਾਨਾਂ ਨੇ ਜਨਵਰੀ ‘ਚ ਵੀ ਧਰਨਾ ਦਿੱਤਾ ਸੀ। ਉਦੋਂ ਜਾਂਚ ਕਮੇਟੀ ਬਣਾਈ ਗਈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਨਾਲ ਨਿਆਂ ਕੀਤਾ ਜਾਵੇਗਾ। ਉਨ੍ਹਾਂ (ਮਹਿਲਾ ਪਹਿਲਵਾਨਾਂ) ਨੇ ਉਸ ਵਾਅਦੇ ‘ਤੇ ਵਿਸ਼ਵਾਸ ਕੀਤਾ ਤੇ ਧਰਨਾ ਚੁੱਕ ਦਿੱਤਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਆਂ ਨਹੀਂ ਮਿਲਿਆ; ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਉਨ੍ਹਾਂ ਨੂੰ ਫਿਰ ਧਰਨੇ ‘ਤੇ ਬਹਿਣਾ ਪਿਆ ਹੈ। ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਕੇਸ ਵੀ ਆਪਣੇ ਆਪ ਦਰਜ ਨਹੀਂ ਹੋਇਆ। ਲਲਿਤਾ ਕੁਮਾਰੀ ਕੇਸ ਵਿਚ ਸੁਪਰੀਮ ਕੋਰਟ ਨੇ ਨਵੰਬਰ 2013 ਨੂੰ ਨਿਰਦੇਸ਼ ਦਿੱਤੇ ਸਨ ਕਿ ਜੇ ਸ਼ਿਕਾਇਤ ਵਿਚ ਗੰਭੀਰ ਅਪਰਾਧ ਦੇ ਅੰਸ਼ ਹੋਣ ਤਾਂ ਕੇਸ ਤੁਰੰਤ ਦਰਜ ਕੀਤਾ ਜਾਣਾ ਚਾਹੀਦਾ ਹੈ; ਉਸ ਲਈ ਮੁੱਢਲੀ ਤਫ਼ਤੀਸ਼ ਦੀ ਲੋੜ ਨਹੀਂ ਪਰ ਦਿੱਲੀ ਪੁਲੀਸ ਨੇ ਕੇਸ ਦਰਜ ਨਾ ਕੀਤਾ ਤੇ ਕਿਹਾ ਕਿ ਉਹ (ਦਿੱਲੀ ਪੁਲੀਸ) ਮੁੱਢਲੀ ਤਫ਼ਤੀਸ਼ ਕਰਨ ਤੋਂ ਬਾਅਦ ਕਾਰਵਾਈ ਕਰੇਗੀ। ਕੇਸ ਦਰਜ ਕਰਵਾਉਣ ਲਈ ਵੀ ਮਹਿਲਾ ਪਹਿਲਵਾਨਾਂ ਨੂੰ ਸੁਪਰੀਮ ਕੋਰਟ ਦੇ ਦਰਵਾਜ਼ੇ ‘ਤੇ ਦਸਤਕ ਦੇਣੀ ਪਈ। ਸਰਬਉੱਚ ਅਦਾਲਤ ਦੇ ਦਖ਼ਲ ਤੋਂ ਬਾਅਦ ਕੇਸ ਦਰਜ ਹੋਣਾ ਇਹ ਦਰਸਾਉਂਦਾ ਹੈ ਕਿ ਮਹਿਲਾ ਪਹਿਲਵਾਨਾਂ ਦਾ ਮੁਕਾਬਲਾ ਕਿੰਨੀਆਂ ਸ਼ਕਤੀਸ਼ਾਲੀ ਤਾਕਤਾਂ ਨਾਲ ਹੈ। ਸਦੀਆਂ ਤੋਂ ਸਾਡੇ ਸਮਾਜ ਦੇ ਹਾਲਾਤ ਇਹੋ ਜਿਹੇ ਹੀ ਰਹੇ ਹਨ; ਸਮਾਜਿਕ, ਧਾਰਮਿਕ ਤੇ ਸਿਆਸੀ ਮਰਦ ਆਗੂ ਧੀਆਂ ਨਾਲ ਅਨਿਆਂ ਕਰਦੇ ਆਏ ਹਨ ਜਿਵੇਂ 350 ਸਾਲ ਪਹਿਲਾਂ ਵਾਰਿਸ ਸ਼ਾਹ ਨੇ ਪੰਜਾਬ ਦੀ ਧੀ ਹੀਰ ਦੇ ਹੱਕ ਵਿਚ ਲਿਖਿਆ ਸੀ, ”ਦਾੜ੍ਹੀ ਸ਼ੇਖਾਂ ਦੀ, ਛੁਰਾ ਕਸਾਈਆਂ ਦਾ/ਬਹਿ ਪਰ੍ਹੇ ਵਿਚ ਪੈਂਚ ਸਦਾਵਦੇਂ ਹਨ।” ਭੇਖੀ ਅਤੇ ਜਬਰ ਕਰਨ ਵਾਲੇ ਸਮਾਜ ਦੇ ਆਗੂ/ਪੈਂਚ ਬਣਦੇ ਹਨ।
ਇਹ ਧਰਨਾ ਇਸ ਲਈ ਦਿੱਤਾ ਜਾ ਰਿਹਾ ਕਿ ਪਹਿਲਾ ਧਰਨਾ ਅਸਫਲ ਹੋ ਗਿਆ ਸੀ। ਅਸਫਲਤਾ ਤੋਂ ਬਾਅਦ ਫਿਰ ਲੜਨ ਲਈ ਉੱਠਣਾ ਵੱਡੇ ਜੇਰੇ ਤੇ ਸਿਦਕ ਦੀ ਮੰਗ ਕਰਦਾ ਹੈ। ਵੈਸੇ ਵੀ ਸਾਡੇ ਸਮਾਜ ਵਿਚ ਔਰਤਾਂ ਬਹੁਤਾ ਕਰ ਕੇ ਆਪਣੇ ਹੱਕਾਂ ਲਈ ਲੜਾਈ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਜਿਹੜੀ ਔਰਤ ਆਪਣੇ ਹੱਕਾਂ ਲਈ ਲੜਨ ਲਈ ਉੱਠਦੀ ਹੈ, ਪਹਿਲਾਂ ਪਹਿਲਾਂ ਉਹ ਬਹੁਤ ਇਕੱਲੀ ਹੁੰਦੀ ਹੈ। ਉਸ ਨੂੰ ਸਮਝਾਇਆ ਜਾਂਦਾ ਹੈ ਕਿ ਆਪਣੇ ਹੱਕਾਂ ਲਈ ਲੜਨ ਦਾ ਕੋਈ ਫ਼ਾਇਦਾ ਨਹੀਂ; ਇਸ ਤਰ੍ਹਾਂ ਕਰਨ ਨਾਲ ਉਸ ਦੀ ਬਦਨਾਮੀ ਹੋਵੇਗੀ; ਇਹ ਸਮਾਜਿਕ ਮਰਿਆਦਾ ਦੇ ਉਲਟ ਹੈ; ਏਦਾਂ ਕਰਨਾ ਚੰਗੀਆਂ ਧੀਆਂ ਨੂੰ ਸੋਭਾ ਨਹੀਂ ਦਿੰਦਾ। ਚੰਗੀਆਂ ਧੀਆਂ ਨੂੰ ਕੀ ਸੋਭਾ ਦਿੰਦਾ ਹੈ? ਜੇ ਅਸੀਂ ਸਮਾਜਿਕ ਸਮਝ ਦੀ ਆਵਾਜ਼ ਸੁਣੀਏ ਤਾਂ ਚੰਗੀਆਂ ਧੀਆਂ ਨੂੰ ਆਪਣੇ ਵਿਰੁੱਧ ਹੋਈ ਹਰ ਵਧੀਕੀ ਜਰ ਲੈਣੀ ਚਾਹੀਦੀ ਹੈ; ਮਨ ‘ਚੋਂ ਉੱਠਦੀ ਆਵਾਜ਼ ਨੂੰ ਮਨ ਵਿਚ ਹੀ ਦਬਾ ਲੈਣਾ ਚਾਹੀਦਾ ਹੈ। ਸਮਾਜਿਕ ਮਾਨਸਿਕਤਾ ਦੇ ਚਰਿੱਤਰ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਆਪਣੇ ਹੱਕਾਂ ਲਈ ਲੜਨ ਲਈ ਉੱਠੀ ਔਰਤ ਕੋਲ ਵੱਡਾ ਜੇਰਾ ਹੁੰਦਾ ਹੈ; ਉਸ ਦੇ ਮਨ ਵਿਚ ਭਿਅੰਕਰ ਕਸ਼ਮਕਸ਼ ਹੁੰਦੀ ਹੈ ਕਿ ਮੈਂ ਆਪਣੇ ਨਾਲ ਹੋਈ ਵਧੀਕੀ ਵਿਰੁੱਧ ਆਵਾਜ਼ ਉਠਾਵਾਂ ਜਾਂ ਨਾ ਉਠਾਵਾਂ; ਉਹਦੇ ਮਨ ਵਿਚ ਕਈ ਤਰ੍ਹਾਂ ਦੀਆਂ ਸੋਚਾਂ ਤੇ ਪ੍ਰਸ਼ਨ ਉੱਠਦੇ ਹਨ, ”ਚੁੱਪ ਕਰ ਕੇ ਸਹਿ ਜਾਣਾ ਤੇ ‘ਮਾਣ-ਸਨਮਾਨ’ ਬਣਾਈ ਰੱਖਣਾ ਚੰਗਾ ਹੈ; ਜੋ ਹੋਣਾ ਸੀ, ਉਹ ਤਾਂ ਹੋ ਗਿਆ।” ਬਹੁਤ ਸਾਰੀਆਂ ਔਰਤਾਂ ਇਸ ਸੋਚ ਨੂੰ ਪ੍ਰਵਾਨ ਕਰਦੀਆਂ ਆਵਾਜ਼ ਨਹੀਂ ਉਠਾਉਂਦੀਆਂ। ਉਹ ਔਰਤ ਜੋ ਇਸ ਸੋਚ ਨੂੰ ਅਪ੍ਰਵਾਨ ਕਰ ਕੇ ਜਬਰ ਤੇ ਜਬਰ ਕਰਨ ਵਾਲੇ ਵਿਰੁੱਧ ਆਵਾਜ਼ ਉਠਾਉਣ ਦਾ ਫ਼ੈਸਲਾ ਕਰਦੀ ਹੈ, ਵੱਡਾ ਖ਼ਤਰਾ ਸਹੇੜਦੀ ਹੈ।
ਜੰਤਰ-ਮੰਤਰ ਵਿਚ ਰੋਸ ਮੁਜ਼ਾਹਰਾ ਕਰ ਰਹੀਆਂ ਧੀਆਂ ਨੇ ਵੱਡਾ ਖ਼ਤਰਾ ਸਹੇੜਿਆ ਹੈ। ਅਸੀਂ ਵੇਖ ਸਕਦੇ ਹਾਂ ਕਿ ਉਨ੍ਹਾਂ ਤੋਂ ਕੀ ਕੀ ਪ੍ਰਸ਼ਨ ਪੁੱਛੇ ਜਾ ਰਹੇ ਹਨ: ਇਨ੍ਹਾਂ ਔਰਤਾਂ ਨੇ ਤਿੰਨ ਮਹੀਨੇ ਪਹਿਲਾਂ ਕੇਸ ਦਰਜ ਕਿਉਂ ਨਹੀਂ ਕਰਾਇਆ? ਇਹ ਪਹਿਲਾਂ ਕਿਉਂ ਨਹੀਂ ਬੋਲੀਆਂ? ਇਨ੍ਹਾਂ ਦੀਆਂ ਮੰਗਾਂ ਪਿੱਛੇ ਸਿਆਸੀ ਏਜੰਡਾ ਕੀ ਹੈ?
ਇਨ੍ਹਾਂ ਔਰਤਾਂ ਦਾ ਸਿਆਸੀ ਏਜੰਡਾ ਆਪਣੇ ਸਰੀਰਾਂ ‘ਤੇ ਹੰਢਾਏ ਦੁੱਖਾਂ ਦਾ ਏਜੰਡਾ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਹਜ਼ਾਰਾਂ ਦੁੱਖ-ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸਮਾਜ ਦੀ ਧੀਆਂ ਵਿਰੁੱਧ ਸਭ ਤੋਂ ਤਿੱਖੀ ਤੇ ਛੁਪੀ ਹੋਈ/ਛੁਪਾਈ ਜਾਂਦੀ ਔਰਤ ਵਿਰੋਧੀ ਸੋਚ ਦਾ ਸਿਰਾ ਇਹ ਹੈ ਕਿ ਉਨ੍ਹਾਂ ਨੂੰ ਬਰਾਬਰ ਦੇ ਮਨੁੱਖ ਨਾ ਬਣਨ ਦੇਣਾ; ਉਨ੍ਹਾਂ ਨੂੰ ਦੱਸਣਾ ਕਿ ਉਹ ਅਬਲਾ ਹਨ; ਉਨ੍ਹਾਂ ਨੂੰ ਰੱਖਿਆ ਦੀ ਜ਼ਰੂਰਤ ਹੈ ਤੇ ਉਹ ਰੱਖਿਆ ਮਰਦ ਕਰਨਗੇ। ਔਰਤ ਅੰਦਰ ਅਬਲਾ ਹੋਣ ਦਾ ਅਹਿਸਾਸ ਪੈਦਾ ਕਰਨਾ ਸਭ ਤੋਂ ਵੱਡਾ ਸਮਾਜਿਕ ਅਤੇ ਪਰਿਵਾਰਕ ਅਨਿਆਂ ਹੈ। ਇਹ ਉਸ ਵਿਚ ਉਮਰ ਭਰ ਲਈ ਨਿਓਟੀ ਤੇ ਨਿਤਾਣੀ ਹੋਣ ਦੀ ਭਾਵਨਾ ਪੈਦਾ ਕਰਦਾ ਹੈ ਜਿਸ ਤਹਿਤ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਸਹਾਰੇ ਤੇ ਓਟ ਦੀ ਤਲਾਸ਼ ਕਰਦੀ ਰਹਿੰਦੀ ਹੈ; ਸੰਘਰਸ਼ ਕਰਨ ਤੋਂ ਤ੍ਰਹਿੰਦੀ/ਡਰਦੀ ਹੈ।
ਜੰਤਰ-ਮੰਤਰ ਵਿਚ ਧਰਨੇ ‘ਤੇ ਬੈਠੀਆਂ ਔਰਤਾਂ ਨੇ ਆਪਣੇ ਅਬਲਾ ਹੋਣ ਦੀ ਲੋਕ-ਸਮਝ ਨੂੰ ਨਕਾਰਿਆ ਹੈ; ਆਪਣੇ ਹੋਣ ‘ਤੇ ਵਿਸ਼ਵਾਸ ਕੀਤਾ ਹੈ। ਪੰਜਾਬੀ ਦੀ ਉੱਨੀਵੀਂ ਸਦੀ ਦੀ ਦਲਿਤ ਸ਼ਾਇਰਾ ਪੀਰੋ ਨੇ ਸੱਦਾ ਦਿੱਤਾ ਸੀ, ”ਆਓ ਮਿਲੋ ਸਹੇਲੀਓ ਰਲਿ ਮਸਲਿਤ ਕਰੀਏ।” ‘ਮਸਲਿਤ’ ਤੋਂ ਭਾਵ ਰਲ-ਮਿਲ ਕੇ ਬਹਿਣ, ਗੋਸ਼ਟਿ/ਮਜਲਿਸ ਕਰਨ ਦੇ ਹਨ। ਇਹ ਔਰਤਾਂ ਰਲ-ਮਿਲ ਕੇ ਬੈਠੀਆਂ ਹਨ ਤੇ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੀਆਂ ਹਨ। ਅਮਰੀਕੀ ਸ਼ਾਇਰਾ ਮਾਇਆ ਏਂਜਲੋ ਨੇ ਕਿਹਾ ਹੈ, ”ਹਰ ਵਾਰ ਜਦੋਂ ਕੋਈ ਔਰਤ ਆਪਣੇ ਹੱਕਾਂ ਦੀ ਰਾਖੀ ਲਈ ਉੱਠਦੀ ਹੈ ਤਾਂ ਬਿਨਾ ਜਾਣੇ, ਬਿਨਾ ਦਾਅਵਾ ਕੀਤੇ, ਉਹ ਸਾਰੀਆਂ ਔਰਤਾਂ ਦੇ ਹੱਕ ‘ਚ ਆਵਾਜ਼ ਉਠਾ ਰਹੀ ਹੁੰਦੀ ਹੈ।” ਜੰਤਰ-ਮੰਤਰ ‘ਚ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੀਆਂ ਔਰਤਾਂ ਸਾਰੇ ਦੇਸ਼ ਦੀਆਂ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾ ਰਹੀਆਂ ਹਨ। ਮੇਰੇ ਕੰਨਾਂ ‘ਚ ਮੁਲਾਕਾਤੀ ਦੇ ਸ਼ਬਦ ਗੂੰਜਦੇ ਹਨ, ”ਉਹ ਸਾਡੀਆਂ ਧੀਆਂ ਹਨ।”
ਔਰਤਾਂ ਸਦੀਆਂ ਤੋਂ ਸੰਘਰਸ਼ ਕਰ ਰਹੀਆਂ ਹਨ। 18ਵੀਂ-19ਵੀਂ ਸਦੀ ਦੌਰਾਨ ਅਮਰੀਕਾ ਵਿਚ ਗ਼ੁਲਾਮੀ ਹੰਢਾ ਰਹੀਆਂ ਲੱਖਾਂ ਸਿਆਹਫ਼ਾਮ ਔਰਤਾਂ ਵਿਚੋਂ ਇਕ ਸੋਜਰਨਰ ਟਰੁੱਥ (ਕਾਨੂੰਨੀ ਨਾਮ ਇਸਾਬੈਲਾ ਵਾਨ ਵਾਗਨਰ) ਗ਼ੁਲਾਮੀ ਵਿਰੁੱਧ ਜੰਗ ਕਰਦਿਆਂ, ਖ਼ੁਦ ਆਜ਼ਾਦ ਹੋਈ ਅਤੇ ਆਪਣੇ ਪੁੱਤਰ ਨੂੰ ਇਕ ਗੋਰੇ ਮਾਲਕ ਦੀ ਗ਼ੁਲਾਮੀ ‘ਚੋਂ ਮੁਕਤ/ਆਜ਼ਾਦ ਕਰਵਾਉਣ ਵਾਲੀ ਪਹਿਲੀ ਔਰਤ ਬਣੀ। 1851 ਵਿਚ ਓਹਾਈਓ ਵਿਚ ਔਰਤਾਂ ਦੇ ਹੱਕਾਂ ਵਿਚ ਹੋਈ ਕਨਵੈਨਸ਼ਨ ਵਿਚ ਉਸ ਨੇ ਭਾਸ਼ਣ ਦਿੱਤਾ, ”ਕੀ ਮੈਂ ਔਰਤ ਨਹੀਂ ਹਾਂ?” ਕਾਨਫਰੰਸ ਵਿਚ ਉਸ ਨੇ ਆਪਣੀ ਸੱਜੀ ਬਾਂਹ ਦਿਖਾਉਂਦਿਆਂ ਕਿਹਾ, ”ਮੈਂ ਹਲ ਵਾਹਿਆ, ਫ਼ਸਲਾਂ ਬੀਜੀਆਂ ਅਤੇ ਦਾਣੇ ਸਾਂਭਣ ਵਾਲੇ ਵੱਡੇ ਕੋਠੇ/ਦਲਾਨ ਸਾਫ਼ ਕੀਤੇ ਨੇ ਤੇ ਕੋਈ ਮਰਦ ਮੇਰਾ ਮੁਕਾਬਲਾ ਨਹੀਂ ਕਰ ਸਕਦਾ। ਕੀ ਮੈਂ ਔਰਤ ਨਹੀਂ ਹਾਂ? ਮੈਂ ਕਿਸੇ ਵੀ ਮਰਦ ਜਿੰਨਾ ਕੰਮ ਕਰ ਸਕਦੀ ਆਂ ਤੇ ਜੇ ਮੈਨੂੰ ਪੂਰਾ ਖਾਣਾ ਮਿਲੇ ਤਾਂ ਉਸ (ਮਰਦ) ਦੇ ਬਰਾਬਰ ਖਾਣਾ ਖਾ ਵੀ ਸਕਦੀ ਆਂ ਤੇ ਕੋੜਿਆਂ ਦੀ ਮਾਰ ਵੀ ਸਹਿ ਸਕਦੀ ਹਾਂ। ਕੀ ਮੈਂ ਔਰਤ ਨਹੀਂ ਹਾਂ?”
ਜੰਤਰ-ਮੰਤਰ ਵਿਚ ਬੈਠੀਆਂ ਔਰਤਾਂ ਵੀ ਇਹੋ ਜਿਹਾ ਸਵਾਲ ਪੁੱਛ ਰਹੀਆਂ ਹਨ ਜਿਹੜਾ ਮੇਰੇ ਮੁਲਾਕਾਤੀ ਦੇ ਸਵਾਲ ਵਿਚ ਨਿਹਿਤ/ਛੁਪਿਆ ਹੋਇਆ ਹੈ, ”ਕੀ ਅਸੀਂ ਤੁਹਾਡੀਆਂ ਧੀਆਂ ਨਹੀਂ?” ਦੇਸ਼ ਦੀਆਂ ਸਭ ਜਮਹੂਰੀ ਤਾਕਤਾਂ ਨੂੰ ਇਨ੍ਹਾਂ ਧੀਆਂ ਦੇ ਹੱਕ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ। ਪੰਜਾਬੀ ਸ਼ਾਇਰ ਆਸ਼ਕ ਰਹੀਲ ਦਾ ਕਥਨ ਹੈ, ”ਜਿਹੜੇ ਮੰਜ਼ਲਾਂ ‘ਤੇ ਸਾਨੂੰ ਲੈ ਜਾਵਣ/ਕਿਤੇ ਕਦਮਾਂ ਦੇ ਉਹ ਨਿਸ਼ਾਨ ਵੇਖਾਂ।” ਇਨ੍ਹਾਂ ਔਰਤਾਂ ਦੇ ਕਦਮ ਸਮਾਜਿਕ ਬਰਾਬਰੀ ਵੱਲ ਵਧਦੇ ਕਦਮ ਹਨ; ਇਨ੍ਹਾਂ ਕਦਮਾਂ ਨੇ ਜਮਹੂਰੀਅਤ ਦੇ ਕਾਫ਼ਲੇ ਦੀ ਤੋਰ ਦੇ ਨਿਸ਼ਾਨ ਬਣਨਾ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਨ੍ਹਾਂ ਕਦਮਾਂ ਨਾਲ ਕਦਮ ਮਿਲਾਉਣੇ ਚਾਹੀਦੇ ਹਨ। ਦੇਸ਼ ਦੀਆਂ ਧੀਆਂ ਦੇ ਹੱਕਾਂ ਤੋਂ ਜਿ਼ਆਦਾ ਸੰਵੇਦਨਸ਼ੀਲ ਮਸਲਾ ਹੋਰ ਕੋਈ ਨਹੀਂ ਹੋ ਸਕਦਾ। ਜੇ ਅਸੀਂ ਇਸ ਵਿਚਲੀ ਸੰਵੇਦਨਾ ਨੂੰ ਮਹਿਸੂਸ ਨਾ ਕੀਤਾ ਤਾਂ ਅਸੀਂ ਆਪਣੇ ਆਪ ਨੂੰ ਕੀ ਮੂੰਹ ਦਿਖਾਵਾਂਗੇ?