ਉਰਦੂ ਨੇ ਮੈਨੂੰ ਰਿਜ਼ਕ ਦਿੱਤਾ... ...
ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਢਾਈ ਦਹਾਕਿਆਂ ਤੋਂ ਵੱਧ ਸਮਾਂ ਅਖ਼ਬਾਰ ਵਿੱਚ ਕੰਮ ਕੀਤਾ। ਉਸ ਨੇ ਆਪਣੇ ਅਨੁਭਵਾਂ ਨੂੰ ਆਪਣੀ ਪੁਸਤਕ ‘ਮੇਰੀ ਉਰਦੂ ਅਖ਼ਬਾਰ ਨਵੀਸੀ’ ਵਿੱਚ ਦਰਜ ਕੀਤਾ ਹੈ। ਇਸ ਪੁਸਤਕ ਦੇ ਕੁਝ ਅੰਸ਼ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
1961 ਤੱਕ ਮੈਂ ਰੰਧਾਵਾ ਮਸੰਦਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਟੀਚਰ ਸੀ। ਮੇਰੀ ਬਦਲੀ ਗੁਰਾਇਆ ਦੇ ਨੇੜੇ ਪਿੰਡ ਅੱਟੀ ਦੀ ਹੋ ਗਈ। ਜਿੱਥੇ ਮੈਨੂੰ ਜਲੰਧਰ ਦੇ ਕੌਫ਼ੀ ਹਾਊਸ ਤੇ ਚਾਹਖਾਨਿਆਂ ’ਚ ਬਹਿ ਕੇ ਸਾਹਿਤ ਬਾਰੇ ਗੱਲਾਂ ਕਰਨ ਵਾਲੇ ਨੂੰ ਜਿਊਣਾ ਔਖਾ ਹੋ ਗਿਆ। ਮੈਂ ਅੱਕ ਕੇ ਲੰਮੀ ਛੁੱਟੀ ਲੈ ਕੇ ਪਿੰਡ ਖੇਤੀ ’ਚ ਜੀਅ ਲਾਉਣ ਲੱਗ ਪਿਆ, ਜਿੱਥੇ ਭਾਈਆਂ ਨਾਲ ਨਾ ਬਣੀ ਤੇ ਪਿੰਡ ’ਚ ਮੇਰੀ ਕਹਾਣੀ ਦੇ ਸੋਤੇ ਸੁੱਕਣ ਲੱਗ ਪਏ। ਦੁਖੀ ਹੋ ਕੇ ਮੈਂ ਕਿਤੇ ਵੀ ਸਿਰ ਫਸਾਉਣ ਲਈ ਚੰਡੀਗੜ੍ਹ ਜਾ ਕੇ ਅਤਰ ਸਿੰਘ ਨੂੰ ਮਿਲਿਆ। ਉਹਨੇ ਮੈਨੂੰ ਪੱਤਰਕਾਰੀ ਵਿਭਾਗ ਦੇ ਅਧਿਆਪਕ ਕਾਮਰੇਡ ਤਾਰਾ ਚੰਦ ਗੁਪਤਾ (ਬਲਿਟਜ਼ ਦੇ ਕਾਲਮ-ਨਿਗਾਰ) ਨੂੰ ਮਿਲਾਇਆ। ਉਨ੍ਹਾਂ ਨੇ ਮੈਨੂੰ ਜਰਨਲਿਜ਼ਮ ਦੇ ਡਿਪਲੋਮਾ ਕੋਰਸ ’ਚ ਦਾਖ਼ਲਾ ਦੁਆ ਦਿੱਤਾ।
ਯੂਨੀਵਰਸਿਟੀ ’ਚ ਰਹਿੰਦਿਆਂ ਮੈਂ ਕੋਰਸ ਦੀਆਂ ਅਤੇ ਹੋਰ ਕਿਤਾਬਾਂ ਲਾਇਬ੍ਰੇਰੀ ’ਚ ਜਾ ਕੇ ਆਪਣੀ ਚੋਣ ਨਾਲ ਪੜ੍ਹਦਾ ਸੀ। ਟੀਚਰਾਂ ਦੇ ਆਖਿਆਂ ਕੁਝ ਨਹੀਂ ਸੀ ਪੜ੍ਹਦਾ ਲਿਖਦਾ। ... ਉਸ ਵਰ੍ਹੇ ਮੈਂ ਇੱਕ ਵੀ ਕਹਾਣੀ ਨਹੀਂ ਸੀ ਲਿਖੀ। ਜਾਂ ਇੰਜ ਕਹੀਏ ਕਿ ਲਿਖੀ ਨਹੀਂ ਸੀ ਗਈ। ਇੱਕ ਵਾਰ ਮੈਂ ਖਿਝ ਕੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਦੁਪਹਿਰ ਦੀ ਰੋਟੀ ਨਹੀਂ ਖਾਧੀ। ਸ਼ਾਮ ਤੱਕ ਮੈਂ ਤਿੰਨ ਕਹਾਣੀਆਂ ਲਿਖ ਮਾਰੀਆਂ। ਇੱਕ ਹਫ਼ਤੇ ਬਾਅਦ ਜਦੋਂ ਮੈਂ ਉਹ ਪੜ੍ਹੀਆਂ ਤਾਂ ਉੱਕਾ ਬਕਵਾਸ ਲੱਗੀਆਂ। ਮੈਂ ਉਸੇ ਵੇਲੇ ਪਾੜ ਕੇ ਸੁੱਟ ਦਿੱਤੀਆਂ। ... ਤੇ ਫਿਰ ਉਸ ਸਮੇਂ ਦੀ ਉਡੀਕ ਕਰਨ ਲੱਗਾ ਜਦੋਂ ਕਹਾਣੀ ਆਪ ਆਖੇ ਕਿ ਮੈਨੂੰ ਲਿਖ।
ਅਸਲ ’ਚ ਪੱਤਰਕਾਰੀ ਦਾ ਕੋਰਸ ਕਰਨਾ ਮੇਰੀ ਜ਼ਿੰਦਗੀ ਤੋਂ ਭਾਂਜ ਸੀ। ਮੈਂ ਨਾ ਸਕੂਲ ਮਾਸਟਰੀ ਕਰਨਾ ਚਾਹੁੰਦਾ ਸੀ ਅਤੇ ਨਾ ਹੀ ਕੋਈ ਹੱਟੀ ਭੱਠੀ। ਖੇਤੀ ਕਰਨ ਤੋਂ ਬਾਪ ਨੇ ਰੋਕ ਦਿੱਤਾ ਸੀ। ਮੈਂ ਮੱਠੇ ਬੌਲਦ ਵਾਂਗ ਕਿਤੇ ਸਿੰਗ ਫਸਾ ਕੇ ਸਮਾਂ ਕੱਟਣਾ ਚਾਹੁੰਦਾ ਸੀ, ਜਿੱਥੇ ਮੇਰੀ ਨਿੱਕੀ ਜਿਹੀ ਟੱਬਰੀ ਦਾ ਗੁਜ਼ਾਰਾ ਹੋ ਸਕੇ। ‘ਸਿੰਗ ਫਸਾਉਣਾ’ ਸਾਡੇ ਘਰ ਦਾ ਮੁਹਾਵਰਾ ਸੀ। ਸਾਡੇ ਕੋਲ ਇੱਕ ਬਲਦ ਅਜਿਹਾ ਸੀ ਕਿ ਜਦੋਂ ਮੈਂ ਹਲ ਵਾਉਂਦਾ ਹੁੰਦਾ, ਉਹ ਮੇਰੀ ਰਹਿਮਦਿਲੀ ਨੂੰ ਪਛਾਣ ਜਾਂਦਾ ਤੇ ਜਦੋਂ ਉਹਦਾ ਕੰਨ੍ਹਾ ਥੱਕ ਜਾਂਦਾ ਤਾਂ ਨੇੜੇ ਦੇ ਨੀਵੇਂ ਦਰੱਖ਼ਤ ਦੀ ਟਾਹਣੀ ’ਚ ਸਿੰਗ ਫਸਾ ਕੇ ਖੜ੍ਹ ਜਾਂਦਾ ਸੀ। ... ਮੇਰਾ ਵੀ ਕੰਮ ਕਰਦੇ ਦਾ ਇਹੀ ਹਾਲ ਹੋ ਜਾਂਦਾ ਸੀ।
ਜਰਨਲਿਜ਼ਮ ਦੇ ਡਿਪਲੋਮੇ ਦਾ ਕੋਰਸ ਖ਼ਤਮ ਕਰ ਕੇ ਮੈਂ ਸਕੂਲ ਨਹੀਂ ਸੀ ਗਿਆ। ਬੇਸ਼ਰਮਾਂ ਵਾਂਗੂੰ ਕੁਝ ਦਿਨ ਪਿੰਡ ਜਾ ਕੇ ਮੈਂ ਖੇਤੀ ਕਰਦਾ ਰਿਹਾ, ਜਿੱਥੇ ਸਾਰੇ ਅਨਪੜ੍ਹ ਸਨ। ਕਹਾਣੀਆਂ ਲਿਖਣ ਕਰਕੇ ਮੈਂ ਜਿਹੜੀ ਗੱਲ ਨੂੰ ਆਪਣੀ ਇੱਜ਼ਤ ਸਮਝਦਾ ਸੀ, ਉਹ ਉਨ੍ਹਾਂ ਲਈ ਕੁਝ ਵੀ ਨਹੀਂ ਸੀ। ਜਲੰਧਰ ਦੇ ਕੌਫ਼ੀ ਹਾਊਸ ’ਚ ਬਿਤਾਏ ਨੌਂ ਵਰ੍ਹਿਆਂ ਦੀ ਜ਼ਿੰਦਗੀ ਨੇ ਮੇਰੇ ਤੇ ਉਨ੍ਹਾਂ ਵਿਚਕਾਰ ਆਚਾਰ ਤੇ ਵਿਹਾਰ ਦਾ ਫ਼ਰਕ ਪੈਦਾ ਕਰ ਦਿੱਤਾ ਸੀ। ... ਅਖ਼ੀਰ ਮੇਰੇ ਬਾਈ ਜੀ ਨੇ ਮੈਨੂੰ ਸਮਝਾਇਆ ਕਿ ਤੂੰ ਜਿਹੜਾ ਕੰਮ ਕਰਦਾ ਏਂ, ਉਹ ਅਸੀਂ ਵਿਹੜੇ ’ਚੋਂ ਇੱਕ ਮੁੰਡਾ ਸਾਂਝੀ ਰੱਖ ਕੇ ਕਰਵਾ ਸਕਦੇ ਹਾਂ। ਤੂੰ ਪੜ੍ਹਿਆ ਹੋਇਐਂ। ਆਪਣੀ ਨੌਕਰੀ ਕਰ। ... ਉਨ੍ਹਾਂ ਦਾ ਮਤਲਬ ਸੀ ਕਿ ਘਰ ’ਚ ਝਗੜਾ ਨਾ ਹੋਵੇ। ਇਹ ਜਲੰਧਰ ਚਲਿਆ ਜਾਵੇਗਾ ਤਾਂ ਅਸੀਂ ਸੌਖੇ ਹੋ ਜਾਵਾਂਗੇ।
ਅਸਲ ’ਚ ਮੈਂ ਆਪ ਪਿੰਡ ਤੋਂ ਅੱਕਿਆ ਪਿਆ ਸੀ। ਮੈਂ ਚਾਹੁੰਦਾ ਸੀ ਕਿ ਛੇਤੀ ਜਲੰਧਰ ਚਲਿਆ ਜਾਵਾਂ। ਜਿੱਥੇ ਲੇਖਕ ਦੋਸਤ ਨੇ। ਕੌਫ਼ੀ ਹਾਊਸ ਏ। ਜੁਮਲੇਬਾਜ਼ੀ ਏ। ਰੰਗੀਲੇ ਦੋਸਤ ਨੇ। ਇੱਕ ਸਚਾਈ ਇਹ ਸੀ ਵੀ ਕਿ ਮੈਂ ਪਿੰਡ ਰਹਿ ਕੇ ਇੱਕ ਵੀ ਕਹਾਣੀ ਨਹੀਂ ਸੀ ਲਿਖ ਸਕਿਆ। ਜਲੰਧਰ ’ਚ ਮੈਂ ਜੋ ਕੁਝ ਸਿੱਖਿਆ ਸੀ, ਉਹ ਸਿਫ਼ਰ ਹੁੰਦਾ ਜਾਂਦਾ ਸੀ। ਮੈਂ ਪਿੰਡ ’ਚ ਨਾ ਤਾਂ ਭਰੀ ਬੋਰੀ ਚੁੱਕਣ ਜੋਗਾ ਸੀ ਤੇ ਨਾ ਹੀ ਡਾਂਗਾਂ ਵਾਹੁਣ ਜੋਗਾ। ਪਿੰਡ ’ਚ ਮੈਂ ਡੰਗਰਾਂ ਵਾਲੇ ਅੰਦਰ ’ਕੱਲਾ ਸੌਂਦਾ ਸੀ। ਆਪਣੇ ਕਾਗਜ਼ ਪੱਤਰ ਤੇ ਪੈੱਨ ਆਪਣੇ ਸਰ੍ਹਾਣੇ ਰੱਖਦਾ ਸੀ। ਆਸ ਹੁੰਦੀ ਸੀ ਕਿ ਪਤਾ ਨਹੀਂ ਕਦੋਂ ਕੋਈ ਕਹਾਣੀ ਲਿਖ ਹੋ ਜਾਵੇ ਪਰ ਜਦੋਂ ਕੰਮਾਂ ਤੋਂ ਵਿਹਲਾ ਹੋ ਕੇ ਮੈਂ ਖੂਹ ਤੋਂ ਘਰ ਆ ਜਾਂਦਾ ਸੀ ਤਾਂ ਬਹੁਤ ਥੱਕ ਜਾਂਦਾ। ਮੂੰਹ ਹੱਥ ਧੋ ਕੇ ਮੈਂ ਰੋਟੀ ਬਹੁਤੀ ਖਾ ਜਾਂਦਾ ਸੀ। ਫੇਰ ਚੁੱਲ੍ਹੇ ’ਚ ਭੁੰਨੀ ਮੂੰਗਫਲੀ ਗੁੜ ਨਾਲ ਖਾ ਲੈਂਦਾ। ਆਪਣੇ ਬਿਸਤਰੇ ’ਚ ਵੜਦਾ ਤਾਂ ਬੀਬੀ ਜਾਂ ਮੇਰੀ ਪਤਨੀ ਜਨਕ ਦੁਲਾਰੀ ਦੁੱਧ ਦਾ ਗਿਲਾਸ ਲਿਆ ਫੜਾਉਂਦੀ। ਜੀਹਨੂੰ ਪੀਂਦਿਆਂ ਸਾਰ ਨੀਂਦ ਆਉਣ ਲੱਗ ਪੈਂਦੀ ਸੀ ਤੇ ਮੈਨੂੰ ਕਿਤਾਬ ਪੜ੍ਹਦਿਆਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਕਿਤਾਬ ਹੱਥੋਂ ਡਿੱਗੀ ਸੀ ਤੇ ਕਦੋਂ ਕੋਈ ਆ ਕੇ ਬੱਤੀ ਬੁਝਾ ਗਿਆ ਸੀ।
ਖੇਤੀ ਦੇ ਕੰਮ ’ਚ ਮੇਰਾ ਦਿਲ ਲੱਗਦਾ ਸੀ ਪਰ ਪਿੰਡ ’ਚ ਰਹਿਣਾ ਚੰਗਾ ਨਹੀਂ ਸੀ ਲੱਗਦਾ। ਮੈਂ ਪਿੰਡ ਦੇ ਲੋਕਾਂ ’ਚ ਘੁਲ-ਮਿਲ ਨਹੀਂ ਸੀ ਸਕਿਆ। ਛੜਾ ਹੁੰਦਾ ਵੀ ਮੈਂ ਬਹੁਤਾ ਚਿਰ ਖੂਹ ’ਤੇ ਹੀ ਰਹਿੰਦਾ ਸੀ। ਰਾਤ ਨੂੰ ਵੀ ਅਕਸਰ ਖੂਹ ’ਤੇ ਹੀ ਸੌਂਦਾ ਸੀ। ਸਿਆਲਾਂ ’ਚ ਡੰਗਰਾਂ ਵਾਲੇ ਅੰਦਰ ਸੌਣਾ ਵੀ ਮੈਨੂੰ ਮਾੜਾ ਨਹੀਂ ਸੀ ਲੱਗਦਾ। ਰਾਤ ਨੂੰ ਖੂਹ ਵਾਲੇ ਕੋਠੇ ’ਚ ਡੰਗਰਾਂ ਨਾਲ ਮੈਂ ਹੁੰਦਾ ਸੀ ਤੇ ਓਡਾਂ ਤੋਂ ਲਿਆ ਸਾਡਾ ਟਾਈਗਰ ਕੁੱਤਾ। ਮੈਨੂੰ ਡੰਗਰਾਂ, ਫ਼ਸਲਾਂ, ਦਰੱਖ਼ਤਾਂ ਤੇ ਪੰਛੀਆਂ ਦੀ ਬੋਲਬਾਣੀ ਚੰਗੀ ਲੱਗਦੀ ਸੀ। ... ਜਦੋਂ ਮੈਂ ਜਲੰਧਰ ਆ ਕੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਵਿੱਚ ਦਰੱਖ਼ਤ ਤੇ ਡੰਗਰ ਜ਼ਰੂਰ ਆ ਵੜਦੇ। ਕੁੱਤਾ ਬਹੁਤੀਆਂ ਕਹਾਣੀਆਂ ਵਿੱਚ ਮੇਰੇ ਕਿਸੇ ਨਾ ਕਿਸੇ ਪਾਤਰ ਦੇ ਨਾਲ ਰਿਹਾ ਏ।
ਮੈਂ 26 ਸਾਲ ਉਰਦੂ ਅਖ਼ਬਾਰਾਂ ’ਚ ਸਬ-ਐਡੀਟਰੀ ਕੀਤੀ। ਪੱਤਰਕਾਰਾਂ ਦੇ ਹਲਕੇ ’ਚ ਮੇਰੀ ਚੰਗੀ ਚੋਖੀ ਜਾਣ ਪਛਾਣ ਬਣੀ ਰਹੀ। ਮੈਂ ਵਰਕਿੰਗ ਜਰਨਲਿਸਟ ਯੂਨੀਅਨ ਵਿੱਚ ਵੀ ਸਰਗਰਮ ਰਿਹਾ। ਪਰ ਇਹ ਗੱਲ ਬੜੀ ਹੈਰਾਨੀ ਵਾਲੀ ਹੋਈ ਕਿ ਮੈਂ ਇੱਕ ਵੀ ਕਹਾਣੀ ਆਪਣੇ ਪੱਤਰਕਾਰੀ ਦੇ ਜੀਵਨ ਬਾਰੇ ਨਹੀਂ ਲਿਖੀ। ਸ਼ਾਇਦ ਇਹਦਾ ਕਾਰਨ ਉਹ ਨਫ਼ਰਤ ਜਿਹੀ ਸੀ ਜਿਹੜੀ ਪੱਤਰਕਾਰੀ ਤੇ ਪੱਤਰਕਾਰਾਂ ਨਾਲ ਮੇਰੇ ਮਨ ਅੰਦਰ ਰਹਿੰਦੀ ਸੀ। ਮੇਰੇ ਸਾਰੇ ਸਾਹਿਤ ’ਚ ਹੋ ਸਕਦਾ ਏ ਕਿ ਕਿਤੇ ਪੱਤਰਕਾਰ ਦਾ ਮਾੜਾ ਮੋਟਾ ਜ਼ਿਕਰ ਹੋਵੇ, ਪਰ ਪੱਤਰਕਾਰ ਸਮੁੱਚੇ ਤੌਰ ’ਤੇ ਕਿਤੇ ਨਹੀਂ ਉੱਭਰਦਾ। ਆਪਣੀ ਆਤਮ ਕਥਾ ‘ਆਤਮ ਮਾਯਾ’ ਲਿਖਦਿਆਂ ਮੈਂ ਜ਼ਿੰਦਗੀ ਦਾ ਏਨਾ ਲੰਮਾ ਸਮਾਂ ਐਵੇਂ ਨਹੀਂ ਖਾਲੀ ਛੱਡਿਆ। ਇਸ ਸਮੇਂ ’ਚ ਹੋਰ ਆਈਆਂ ਘਟਨਾਵਾਂ ਬਾਰੇ ਕਹਾਣੀਆਂ ਲਿਖਦਾ ਰਿਹਾ ਹਾਂ। ਜੀਵਨ ਦੇ ਏਸ ਸੋਗਮਈ ਸਮੇਂ ਨੂੰ ਮੈਂ ਜਾਣ ਕੇ ਹੁਣ ਵੀ ਯਾਦ ਨਹੀਂ ਕਰਨਾ ਚਾਹੁੰਦਾ। ਇਹ ਮੈਨੂੰ ਆਪਣੀ ਹੈਸੀਅਤ ਨਾਲੋਂ ਨੀਵਾਂ ਕੰਮ ਲੱਗਦਾ ਸੀ। ਮਤਲਬ ਇਹ ਕਿ ਸਾਹਿਤਕਾਰ ਮੈਂ ਕੋਈ ਵਿਰਲਾ ਹੀ ਸੀ, ਜਦੋਂਕਿ ਪੱਤਰਕਾਰਾਂ ਨਾਲ ਜਲੰਧਰ ਭਰਿਆ ਪਿਆ ਸੀ। ਉਹ ਸਾਰੇ ਆਪਣੇ ਆਪ ਨੂੰ ਪੱਤਰਕਾਰ ਦੇ ਨਾਲ ਸਾਹਿਤਕਾਰ ਵੀ ਸਮਝਦੇ ਹੁੰਦੇ ਸੀ। ਇਸੇ ਲਈ ਮੈਂ ਉਨ੍ਹਾਂ ਸਾਰਿਆਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ।
* * *
ਅੰਤ ਨੂੰ ਪੱਤਰਕਾਰ ਬਣਨਾ ਪਿਆ
ਇਹ 1964 ਦੀ ਗੱਲ ਏ। ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਜਰਨਲਿਜ਼ਮ ਦਾ ਡਿਪਲੋਮਾ ਕੋਰਸ ਪੂਰਾ ਕਰ ਕੇ ਬੇਸ਼ਰਮਾਂ ਵਾਂਗ ਉਨ੍ਹਾਂ ਲੋਕਾਂ ’ਚ ਸ਼ਾਮਿਲ ਹੋ ਗਿਆ, ਜਿਨ੍ਹਾਂ ਨੂੰ ਨਫ਼ਰਤ ਕਰਦਾ ਹੁੰਦਾ ਸੀ। ਮੈਂ ਪਿੰਡ ਤੋਂ ਆਪਣਾ ਬੈਗ ਚੁੱਕ ਕੇ ਜਲੰਧਰ ਮੀਆਂ ਓਮ ਪ੍ਰਕਾਸ਼ ਦੇ ਘਰ ਆ ਟਿਕਿਆ। ਅਗਲੀ ਸਵੇਰ ਨੂੰ ਗਿਆਰਾਂ ਕੁ ਵਜੇ ਮੈਂ ‘ਉਰਦੂ ਮਿਲਾਪ’ ਦੇ ਦਫ਼ਤਰ ਦੇ ਬਾਹਰ ਇੱਕ ਇਮਾਰਤ ਦੀ ਛਾਂ ’ਚ ਜਾ ਖੜ੍ਹਾ ਹੋਇਆ। ਮੇਰਾ ਹੌਸਲਾ ਨਾ ਪਵੇ ‘ਮਿਲਾਪ ਭਵਨ’ ਦੇ ਅੰਦਰ ਜਾਣ ਦਾ। ਮੈਨੂੰ ਪਤਾ ਸੀ ਕਿ ਐਡੀਟਰਾਂ ਦੀ ਡੈਸਕ ਦੇ ਇੰਚਾਰਜ ਜਨਾਬ ਨੰਦ ਲਾਲ ਐਸ਼ ਨੇ, ਜਿਨ੍ਹਾਂ ਨਾਲ ਮੈਂ ਇੱਕ ਵਾਰ ਵਿਰਕ ਦੇ ਦਫ਼ਤਰ ’ਚ ਨਿੱਕੀ ਜਿਹੀ ਗੱਲ ਪਿੱਛੇ ਝਗੜ ਪਿਆ ਸੀ। ਘੰਟੇ ਕੁ ਬਾਅਦ ਮੈਂ ਹੌਸਲਾ ’ਕੱਠਾ ਕਰ ਕੇ ਅੰਦਰ ਜਾ ਵੜਿਆ। ਫੇਰ ਖੜ੍ਹਾ ਸੋਚਾਂ ਕਿ ਗੱਲ ਕੀਹਦੇ ਨਾਲ ਕਰਾਂ? ਜਦ ਨੂੰ ਇੰਚਾਰਜ ਐਡੀਟਰ ਜਨਾਬ ਐਸ਼ ਸਾਹਿਬ ਨੇ ਮੈਨੂੰ ਦੇਖਦਿਆਂ ਹੀ ਕਿਹਾ, ‘‘ਓਏ ਆ ਵਈ ਖੰਨਵੀ ਭਾਈ। ਏਧਰ ਕਿੱਧਰੋਂ ਆਇਆ?’’
ਐਸ਼ ਸਾਹਿਬ ਲਾਹੌਰ ਤੇ ਜਲੰਧਰ ਦੇ ਉਰਦੂ ਦੇ ਦਰਜਨਾਂ ਅਖ਼ਬਾਰਨਵੀਸਾਂ ਦੇ ਉਸਤਾਦ ਸਨ। ਪੰਜਾਬ ਯੂਨੀਵਰਸਿਟੀ ਦੇ ਜਰਨਲਿਜ਼ਮ ਵਿਭਾਗ ’ਚ ਮੇਰੇ ਟੀਚਰ ਕਾਮਰੇਡ ਤਾਰਾ ਚੰਦ ਗੁਪਤਾ ਦੇ ਵੀ ਉਸਤਾਦ ਰਹੇ ਸਨ, ਲਾਹੌਰ ’ਚ। ਮੈਂ ਸੋਚਾਂ, ਕੀ ਇਹ ਉਹੀ ਬੰਦਾ ਹੈ ਜੀਹਦੇ ਨਾਲ ਮੇਰੀ ਝੜਪ ਹੋ ਗਈ ਸੀ। ਅੱਜ ਉਹ ਸਭ ਕੁਝ ਭੁੱਲ ਕੇ ਮੈਨੂੰ ਪਿਆਰ ਨਾਲ ਬੁਲਾ ਰਿਹਾ ਸੀ। ਸ਼ਾਇਦ ਉਹ ਦੂਜੀਆਂ ਸਾਂਝਾਂ ਨੂੰ ਅਹਿਮੀਅਤ ਦੇ ਰਿਹਾ ਹੋਵੇ। ਇੱਕ ਤਾਂ ਉਹ ਜਗਰਾਵਾਂ ਦਾ ਸੀ, ਮੇਰੇ ਜ਼ਿਲ੍ਹੇ ਦਾ। ਦੂਜੇ ਢੰਡ ਖੱਤਰੀ ਸੀ। ਉਹਨੂੰ ਮੇਰੇ ਜਰਨਲਿਜ਼ਮ ਦਾ ਡਿਪਲੋਮਾ ਕਰਨ ਦਾ ਵੀ ਪਤਾ ਸੀ। ਉਹਨੇ ਬੜੇ ਪਿਆਰ ਨਾਲ ਪੁੱਛਿਆ, ‘‘ਨੌਕਰੀ ਕਰਨੀ ਐ?’’
ਮੇਰੀ ‘ਹਾਂ ਜੀ’ ਸੁਣਦਿਆਂ ਹੀ ਉਹ ਮੈਨੂੰ ਆਪਣੇ ਨਿੱਜੀ ਨਿੱਕੇ ਜਿਹੇ ਕਮਰੇ ’ਚ ਬਹਾ ਕੇ ਅਖ਼ਬਾਰ ਦੇ ਮਾਲਕ ਐਡੀਟਰ ਯਸ਼ ਜੀ ਨਾਲ ਗੱਲ ਕਰ ਆਏ ਤੇ ਆਉਂਦਿਆਂ ਹੀ ਮੈਨੂੰ ਕਿਹਾ, ‘‘ਤੈਨੂੰ ਢਾਈ ਸੌ ਦਿਵਾ ਦਿਆਂਗਾ। ਦਿਲ ਲਾ ਕੇ ਕੰਮ ਕਰੀਂ।’’ ਮੈਨੂੰ ਉਨ੍ਹਾਂ ਨੇ ਜਦੇ ਆਂਡੇ ਵਰਗੇ ਗੋਲ ਮੇਜ਼ ’ਤੇ ਬਹਾ ਕੇ ਅੰਗਰੇਜ਼ੀ ਦੀ ਖ਼ਬਰ ਉਰਦੂ ’ਚ ਢਾਲਣ ਲਈ ਦੇ ਦਿੱਤੀ। ਉਹ ਏਨੀ ਔਖੀ ਨਹੀਂ ਸੀ। ਮੈਂ ਉਰਦੂ ’ਚ ਅਨੁਵਾਦ ਕਰ ਕੇ ਮੋੜ ਦਿੱਤੀ। ਐਸ਼ ਸਾਹਿਬ ਕਹਿੰਦੇ, ‘‘ਇਹ ਐ ਤਰਜਮਾ। ਜਦੋਂ ਆਪਾਂ ਖ਼ਬਰ ਬਣਾਉਣੀ ਐਂ ਤਾਂ ਨਿਰਾ ਤਰਜਮਾ ਨਹੀਂ ਕਰਨਾ। ਪੜ੍ਹ ਕੇ ਅੰਗਰੇਜ਼ੀ ਦੀ ਖ਼ਬਰ ਇੱਕ ਪਾਸੇ ਨੂੰ ਕਰ ਦੇਣੀ ਐ। ਫਿਰ ਜਿਹੜੀ ਗੱਲ ਸਾਡੇ ਜ਼ਿਹਨ ’ਚ ਰਹਿ ਜਾਣੀ ਐ, ਉਹਦੀ ਸੁਰਖ਼ੀ ਥੋੜ੍ਹੇ ਲਫ਼ਜ਼ਾਂ ’ਚ ਬਣਾ ਕੇ ਪਿੰਨ ਲਾ ਕੇ ਰੱਖ ਦੇਣੀ ਐ। ਸਾਦਾ ਉਰਦੂ ਲਿਖਣੀ ਐ। ਅਦਬੀ ਉਰਦੂ ਕਦੇ ਨਹੀਂ ਲਿਖਣੀ।’’
ਇਹ ਮੇਰਾ ਪਹਿਲਾ ਸਬਕ ਸੀ। ਫੇਰ ਸੁਰਖ਼ੀ ਕਿਵੇਂ ਬਣਾਉਣੀ ਐ, ਖ਼ਬਰ ਦੀ ਅਹਿਮੀਅਤ ਕਿਵੇਂ ਜਾਚਣੀ ਐ ਤੇ ਕਾਪੀ ਕਿਵੇਂ ਜੋੜਨੀ ਐ... ਇਹ ਗੱਲਾਂ ਮੈਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਿਖਾ ਦਿੱਤੀਆਂ। ਤਦ ਮੈਨੂੰ ਪ੍ਰੈਕਟੀਕਲ ਜਰਨਲਿਜ਼ਮ ਦੇ ਆਪਣੇ ਟੀਚਰ ਕਾਮਰੇਡ ਤਾਰਾ ਚੰਦ ਗੁਪਤਾ ਦੀ ਯਾਦ ਆਈ, ਜਿਨ੍ਹਾਂ ਦੱਸਿਆ ਸੀ ਕਿ ਲਾਹੌਰ ’ਚ ਉਨ੍ਹਾਂ ਦੇ ਪਹਿਲੇ ਉਸਤਾਦ ਜਨਾਬ ਨੰਦ ਲਾਲ ਐਸ਼ ਸਨ, ਜਿਨ੍ਹਾਂ ਨੇ ਹੱਥ ਫੜ ਕੇ ਮੈਨੂੰ ਖ਼ਬਰ ਬਣਾਉਣ ਦੀਆਂ ਰਮਜ਼ਾਂ ਸਿਖਾਈਆਂ।
ਇਹ ਅਖ਼ਬਾਰ ‘ਮਿਲਾਪ’ ਲਾਹੌਰ ਤੋਂ ਯਸ਼ ਜੀ ਦੇ ਪਿਤਾ ਜੀ ਮਹਾਸ਼ਾ ਖੁਸ਼ਹਾਲ ਚੰਦ ਖ਼ੁਰਸੰਦ ਹੋਰਾਂ ਦਾ ਚਲਾਇਆ ਹੋਇਆ ਸੀ। ਇਹ ਆਰੀਆ ਸਮਾਜੀਆਂ ਤੇ ਦੇਸ਼ਭਗਤ ਕ੍ਰਾਂਤੀਕਾਰੀਆਂ ਦਾ ਟੱਬਰ ਸੀ। ਸਭ ਤੋਂ ਵੱਡਾ ਭਾਈ ਰਣਬੀਰ ਸਿੰਘ ਕ੍ਰਾਂਤੀਕਾਰੀ ਸੀ, ਜਿਨ੍ਹਾਂ ਸਾਰੀ ਉਮਰ ਜੇਲ੍ਹਾਂ ’ਚ ਕੱਟੀ। ਉਨ੍ਹਾਂ ਨੇ ਕ੍ਰਾਂਤੀ ਦੀ ਲਹਿਰ ਬਾਰੇ ਕਈ ਨਾਵਲ ਤੇ ਪੁਸਤਕਾਂ ਵੀ ਲਿਖੀਆਂ। ਵਡੇਰੀ ਉਮਰ ’ਚ ਮਹਾਸ਼ਾ ਖੁਸ਼ਹਾਲ ਚੰਦ ਖ਼ੁਰਸੰਦ ਸੰਨਿਆਸੀ ਹੋ ਗਏ ਸਨ ਤੇ ‘ਆਨੰਦ ਸੁਆਮੀ’ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਮੇਰੇ ਹੁੰਦਿਆਂ ਇੱਕ ਵਾਰ ਮਿਲਾਪ ਭਵਨ ’ਚ ਵੀ ਆਏ ਸਨ। ਜਲੰਧਰ ਤੋਂ ਯਸ਼ ਜੀ ਨੇ ਨਾਲ ‘ਹਿੰਦੀ ਮਿਲਾਪ’ ਵੀ ਕੱਢ ਲਿਆ ਸੀ ਕਿਉਂਕਿ ਸਮਾਂ ਉਰਦੂ ਤੋਂ ਹਟ ਕੇ ਹਿੰਦੀ ਵੱਲ ਤੇਜ਼ੀ ਨਾਲ ਮੁੜ ਰਿਹਾ ਸੀ। ਜਲੰਧਰ ਦੇ ਦੋਹਾਂ ਅਖ਼ਬਾਰਾਂ ਦੇ ਸੰਪਾਦਕ ਯਸ਼ ਜੀ ਸਨ, ਦਿੱਲੀ ਦੇ ਚੀਫ ਐਡੀਟਰ ਰਣਬੀਰ ਜੀ ਸਨ ਤੇ ਹੈਦਰਾਬਾਦ ’ਚ ਉਨ੍ਹਾਂ ਦਾ ਇੱਕ ਹੋਰ ਭਰਾ ਯੁੱਧਵੀਰ ਕੰਮ ਕਰਦਾ ਸੀ। ... ਪੰਜਾਬ ’ਚ ਯਸ਼ ਜੀ ਵੱਡੇ ਅਸਰ ਰਸੂਖ਼ ਵਾਲੇ ਕਾਂਗਰਸੀ ਨੇਤਾ ਮੰਨੇ ਜਾਂਦੇ ਸੀ। ਸਿਆਸਤ, ਅਖ਼ਬਾਰ ਤੇ ਸਮਾਜ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ ਸੀ।
ਐਸ਼ ਸਾਹਿਬ ਨੇ ਸਟਾਫ ਦੇ ਮੈਂਬਰਾਂ ਨਾਲ ਮੇਰਾ ਤੁਆਰਫ਼ ‘ਖੰਨਵੀ ਸਾਹਿਬ’ ਕਹਿ ਕੇ ਕਰਾਇਆ ਤੇ ਮੈਂ ਪੱਕੇ ਤੌਰ ’ਤੇ ਖੰਨਵੀ ਹੋ ਗਿਆ। ਉਂਜ ਵੀ ਜਲੰਧਰ ’ਚ ਮੇਰਾ ਇਹੀ ਨਾਂ ਮਸ਼ਹੂਰ ਰਿਹਾ। ਇਹ ਉਰਦੂ ਐਡੀਟਰਾਂ ਦੀ ਆਪਣੀ ਤਹਿਜ਼ੀਬ ਸੀ। ਇੱਥੇ ਹਰੇਕ ‘ਸਾਹਿਬ’ ਸੀ, ਜਿਵੇਂ ਐਸ਼ ਸਾਹਿਬ, ਇੰਦਰਜੀਤ ਸੂਦ ਸਾਹਿਬ, ਸਾਹਿਰ ਸਾਹਿਬ, ਅਸਰ ਸਾਹਿਬ, ਗਰਦਿਸ਼ ਸਾਹਿਬ, ਨਾਜ਼ ਸਾਹਿਬ।
ਮੈਂ ਸਮਝਦਾ ਸੀ ਕਿ ਇੱਥੇ ਸਾਰੇ ਕਾਂਗਰਸੀ ਅਖ਼ਬਾਰਾਂ ’ਚ ਕੰਮ ਕਰਦੇ ਸਾਰੇ ਉਪ-ਸੰਪਾਦਕ ਵੀ ਕਾਂਗਰਸੀ ਵਿਚਾਰਾਂ ਦੇ ਹੋਣਗੇ। ਮੈਨੂੰ ਖੱਬੇ ਪੱਖੀ ਹੋਣ ’ਤੇ ਤੰਗੀ ਹੋਵੇਗੀ, ਪਰ ਅਗਲੇ ਕੁਝ ਕੁ ਦਿਨਾਂ ’ਚ ਮੇਰਾ ਇਹ ਭੁਲੇਖਾ ਟੁੱਟ ਗਿਆ। ਸਾਡੇ ਉਸਤਾਦ ਜਨਾਬ ਨੰਦ ਲਾਲ ਐਸ਼ ਤਾਂ ਖ਼ੈਰ ਲਾਹੌਰ ਤੋਂ ਹੀ ਏਸ ਅਖ਼ਬਾਰ ’ਚ ਕੰਮ ਕਰਦੇ ਕਾਂਗਰਸੀ ਸਨ। ਦੂਜੇ ਨੰਬਰ ਦੇ ਇੰਚਾਰਜ ਸੂਦ ਸਾਹਿਬ ਪੱਕੇ ਹਿੰਦੂ ਸਭਾਈ ਸਨ। ਉਹ ਹਿੰਦੂ ਧਰਮ ਲਈ ਮਰਨ ਮਾਰਨ ਨੂੰ ਤਿਆਰ ਰਹਿੰਦੇ ਸਨ। ਅੰਗਰੇਜ਼ੀ ਚੰਗੀ ਜਾਣਦੇ ਸੀ, ਪਰ ਉਰਦੂ ਗੁਜ਼ਾਰੇ ਜੋਗੀ ਹੀ ਆਉਂਦੀ ਸੀ। ਹਿੰਦੀ ਦੇ ਮਾਹਿਰ ਸਨ। ਪਹਿਲਾਂ ਲੁਧਿਆਣੇ ਤੋਂ ਰੋਜ਼ ਆਉਂਦੇ ਸੀ। ਫੇਰ ਜਲੰਧਰ ਹੀ ਰਹਿਣ ਲੱਗ ਪਏ। ਜਦੋਂ ਵੀ ਮੈਂ ਉਨ੍ਹਾਂ ਦੇ ਘਰ ਜਾਂਦਾ, ਉਨ੍ਹਾਂ ਦੀ ਪਤਨੀ ਖੰਨੇ ਦੇ ਨੇੜੇ ਸਰਹਿੰਦ ਦੀ ਰਹਿਣ ਵਾਲੀ ਹੋਣ ਕਰ ਕੇ ਮੇਰੇ ਨਾਲ ਮੋਹ ਕਰਦੀ ਸੀ।