ਈਟੀਓ ਵੱਲੋਂ ਜੰਡਿਆਲਾ ਵਿੱਚ ਆਮ ਆਦਮੀ ਕਲੀਨਿਕ ਦੀ ਚੈਕਿੰਗ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 12 ਮਈ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਕਲੀਨਿਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵੇਰਵੇ ਤੇ ਉੱਥੇ ਕੰਮ ਕਰਵਾਉਣ ਆਏ ਲੋਕਾਂ ਦੀ ਫੀਡਬੈਕ ਲਈ। ਇਸ ਮੌਕੇ ਹਰਭਜਨ ਸਿੰਘ ਨੇ ਕਿਹਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਸਹੂਲਤਾਂ ਲਈ ਵਚਨਬੱਧ ਹੈ। ਇਸ ਲਈ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇਸ ਮੌਕੇ ਕੈਬਿਨਟ ਮੰਤਰੀ ਈਟੀਓ ਵੱਲੋਂ ਕਲੀਨਿਕ ਵਿੱਚ ਚੈਕਅੱਪ ਕਰਵਾਉਣ ਆਏ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਤੁਰੰਤ ਹੀ ਹਦਾਇਤ ਕੀਤੀ ਕਿ ਇੰਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਈਟੀਓ ਵੱਲੋਂ ਆਮ ਆਦਮੀ ਕਲੀਨਿਕ ਵਿੱਚ ਆਪਣਾ ਵੀ ਚੈਕਅਪ ਕਰਵਾਇਆ ਗਿਆ ਅਤੇ ਆਪਣਾ ਬਲੱਡ ਸੈਂਪਲ ਵੀ ਦਿੱਤਾ। ਕੈਬਿਨਟ ਮੰਤਰੀ ਨੇ ਕਿਹਾ ਆਮ ਆਦਮੀ ਕਲੀਨਿਕ ਵਿੱਚ ਸਰਕਾਰ ਵਲੋਂ ਮੁਫਤ ਇਲਾਜ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਲੋੜਵੰਦ ਲੋਕ ਵੱਡੀ ਗਿਣਤੀ ਵਿੱਚ ਇਸ ਦਾ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਜਲਦੀ ਹੀ ਜੰਡਿਆਲਾ ਗੁਰੂ ਦੇ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੌਏ ਫਿਜ਼ੀਓਥਰੈਪੀ ਸੈਂਟਰ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਕਰਮਚਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਤੋ ਪਹਿਲਾਂ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਸ਼ਹਿਰ ਦੇ ਤਪ ਅਸਥਾਨ ਗੁਰੂ ਬਾਬਾ ਹੰਦਾਲ ਜੀ ਦੇ ਜਨਮ ਦਿਹਾੜੇ ਮੌਕੇ ਮੱਥਾ ਟੇਕਿਆ ਅਤੇ ਸਮੂਹ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੋਕੇ ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।