ਇੱਕ ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਅਪਰੈਲ
ਇਥੋਂ ਦੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਕੋਲੋਂ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਵਾਲਾ ਮੁਲਜ਼ਮ ਆਪਣੇ ਦੋ ਹੋਰਨਾ ਸਾਥੀਆਂ ਨਾਲ ਪੁਲੀਸ ਦੇ ਅੜਿੱਕੇ ਚੜ੍ਹ ਗਿਆ ਹੈ। 24 ਘੰਟੇ ਦੇ ਅੰਦਰ-ਅੰਦਰ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇੱਕ ਡੰਮੀ ਪਿਸਤੌਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ (27) ਵਾਸੀ ਭਾਨ ਸਿੰਘ ਕਲੋਨੀ ਫ਼ਰੀਦਕੋਟ, ਕਰਨਦੀਪ ਸ਼ਰਮਾ (22) ਵਾਸੀ ਪਿੰਡ ਟੀਬਰ ਜ਼ਿਲ੍ਹਾ ਗੁਰਦਾਸਪੁਰ ਅਤੇ ਪਲਵਿੰਦਰ ਸਿੰਘ (24) ਵਾਸੀ ਨੇੜੇ ਪੈਟਰੋਲ ਪੰਪ ਬਸਤੀ ਭੱਟੀਆਂ ਫ਼ਿਰੋਜ਼ਪੁਰ ਸ਼ਹਿਰ ਵਜੋਂ ਕੀਤੀ ਗਈ ਹੈ।
ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਤੂੜੀ ਬਾਜ਼ਾਰ ਵਾਸੀ ਅਸ਼ੀਸ਼ ਸ਼ਰਮਾ ਨੂੰ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਦੱਸਦੇ ਹੋਏ ਉਸ ਕੋਲੋਂ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ। ਪੁਲੀਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਸੀਆਈਏ ਸਟਾਫ਼ ਨੂੰ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਨੇ ਆਪਣੀ ਟੀਮ ਦੇ ਨਾਲ ਇਸ ਮਾਮਲੇ ਨੂੰ ਟੈਕਨੀਕਲ ਤਰੀਕੇ ਨਾਲ ਹੱਲ ਕੀਤਾ ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਉਹ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ, ਜਿਸ ਰਾਹੀਂ ਅਸ਼ੀਸ਼ ਸ਼ਰਮਾ ਨੂੰ ਕਾਲ ਕੀਤੀ ਗਈ ਸੀ। ਇਸ ਤੋਂ ਇਲਾਵਾ ਇੱਕ ਬਰੀਜ਼ਾ ਕਾਰ ਅਤੇ ਡੰਮੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਫ਼ਰੀਦਕੋਟ ਵਿਖੇ ਕਿਸੇ ਵਿਅਕਤੀ ਨੂੰ ਡੰਮੀ ਪਿਸਤੌਲ ਦਿਖਾ ਕੇ ਉਸ ਦਾ ਮੋਬਾਈਲ ਫ਼ੋਨ ਖੋਹਿਆ ਸੀ ਜਿਸ ਨੂੰ ਬਾਅਦ ਵਿਚ ਫ਼ਿਰੌਤੀ ਦੀਆਂ ਕਾਲਾਂ ਲਈ ਇਸਤੇਮਾਲ ਕੀਤਾ ਗਿਆ। ਮੁਲਜ਼ਮਾਂ ਖ਼ਿਲਾਫ਼ ਇਥੋਂ ਦੇ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।