ਇਨਸਾਫ਼ ਲਈ ਇੰਤਜ਼ਾਰ ਕਦੋਂ ਤੱਕ ?
ਕੰਵਲਜੀਤ ਕੌਰ ਗਿੱਲ
ਆਮ ਤੌਰ ‘ਤੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਨਿਆਂ ਵਿੱਚ ਦੇਰੀ ਤੋਂ ਭਾਵ ਹੈ, ਨਿਆਂ ਦੇਣ ਤੋਂ ਇਨਕਾਰ। ਓਲੰਪਿਕ ਖੇਡਾਂ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ‘ਚ ਤਗਮੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀਆਂ ਸਾਧਾਰਨ ਪਰਿਵਾਰਾਂ ਦੀਆਂ ਕੁੜੀਆਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਕਿਸੇ ਅਣਜਾਣ ਵਿਅਕਤੀ ਨੇ ਨਹੀਂ ਸਗੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੀਤਾ ਹੈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਹਿਲਵਾਨ ਖਿਡਾਰਨਾਂ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਕਰ ਰਹੀਆਂ ਹਨ। ਅੱਜ ਤੋਂ ਚਾਰ ਮਹੀਨੇ ਪਹਿਲਾਂ ਜਨਵਰੀ ਵਿੱਚ ਇਹ ਕੁੜੀਆਂ ਫੈਡਰੇਸ਼ਨ ਦੇ ਪ੍ਰਧਾਨ ਅਤੇ ਉਸ ਦੇ ਸਾਥੀ ਕੋਚਾਂ ਵਿਰੁੱਧ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਈਆਂ, ਪਰ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਪੁਲੀਸ ਸਾਰੇ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ, ਕਮੇਟੀ ਬਣੀ ਹੋਈ ਹੈ ਜਿਸ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਹੀ ਕੋਈ ਕਾਰਵਾਈ ਹੋਵੇਗੀ ਅਤੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ। ਜਦੋਂਕਿ ਕਾਨੂੰਨੀ ਤੌਰ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਪ੍ਰਾਪਤ ਹੋਣ ‘ਤੇ ਤੁਰੰਤ ਰਿਪੋਰਟ ਦਰਜ ਹੁੰਦੀ ਹੈ ਤੇ ਬਾਅਦ ਵਿੱਚ ਪੁੱਛ ਪੜਤਾਲ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਕਿਉਂਕਿ ਅਜਿਹੇ ਕੇਸਾਂ ਵਿੱਚ ਕੋਈ ਮੌਕੇ ਦਾ ਗਵਾਹ ਨਹੀਂ ਹੁੰਦਾ। ਨਵੰਬਰ 2013 ਨੂੰ ਲਲਿਤ ਕੁਮਾਰੀ ਕੇਸ ਵਿੱਚ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਸ਼ਿਕਾਇਤ ਵਿੱਚ ਗੰਭੀਰ ਅਪਰਾਧ ਦੇ ਅੰਸ਼ ਹੋਣ ਤਾਂ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਕੁਸ਼ਤੀ ਖਿਡਾਰਨਾਂ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਨ ਵਾਸਤੇ ਪ੍ਰਸਿੱਧ ਮੁੱਕੇਬਾਜ਼ ਮੈਰੀਕਾਮ ਦੀ ਨਿਗਰਾਨੀ ਹੇਠ ਕਮੇਟੀ ਬਣਾ ਦਿੱਤੀ ਗਈ ਜਿਸ ਨੇ ਆਪਣੀ ਰਿਪੋਰਟ ਤਿਆਰ ਕਰ ਦਿੱਤੀ ਪਰ ਸਬੰਧਿਤ ਵਿਭਾਗ ਨੇ ਇਸ ਨੂੰ ਰਿਲੀਜ਼ ਨਾ ਕਰਨ ਦੀ ਤਾਕੀਦ ਕੀਤੀ। ਇਨ੍ਹਾਂ ਪੀੜਤ ਕੁੜੀਆਂ ਨੇ ਚਾਰ ਮਹੀਨੇ ਇੰਤਜ਼ਾਰ ਕੀਤਾ, ਪਰ ਬ੍ਰਿਜ ਭੂਸ਼ਣ ਖਿਲਾਫ਼ ਰਿਪੋਰਟ ਦਰਜ ਨਾ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਕੋਚਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਉਲਟਾ ਇਨ੍ਹਾਂ ਕੁੜੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ।
ਇੰਤਜ਼ਾਰ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ। ਨਿਰਾਸ਼ ਹੋ ਕੇ ਘਰ ਬੈਠਣ ਦੀ ਥਾਂ ਇਨ੍ਹਾਂ ਬਹਾਦਰ ਧੀਆਂ ਨੇ ਇਨਸਾਫ਼ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਲਿਆ। ਉਨ੍ਹਾਂ ਸਰੀਰਕ ਤੌਰ ‘ਤੇ ਤਕੜੇ ਹੋਣ ਦੇ ਨਾਲ-ਨਾਲ ਆਪਣੀ ਮਾਨਸਿਕ ਸ਼ਕਤੀ ਨੂੰ ਪਛਾਣਿਆ ਅਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਆਪਣੇ ਨਾਲ ਹੋਏ ਅਣਮਨੁੱਖੀ ਕਾਰੇ ਵਿਰੁੱਧ ਇਨਸਾਫ਼ ਪ੍ਰਾਪਤ ਕਰਨ ਲਈ ਧਰਨੇ ‘ਤੇ ਬੈਠ ਗਈਆਂ। ਸਾਡੇ ਦੇਸ਼ ਦੀ ਸੁਪਰੀਮ ਕੋਰਟ ਹਰਕਤ ਵਿੱਚ ਆਈ ਅਤੇ ਦਿੱਲੀ ਦੀ ਪੁਲੀਸ ਨੂੰ ਹਦਾਇਤ ਕੀਤੀ ਕਿ ਅਜਿਹੇ ਸੰਗੀਨ ਜੁਰਮ ਲਈ ਅਤੇ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਕਰਦਿਆਂ ਮੁਲਜ਼ਮ ਵਿਰੁੱਧ ਮੁੱਢਲੀ ਰਿਪੋਰਟ ਦਰਜ ਕੀਤੀ ਜਾਵੇ।
ਭਾਰਤੀ ਸਮਾਜ ਦਾ ਆਮ ਵਰਤਾਰਾ ਹੈ ਕਿ ਔਰਤ, ਲੜਕੀ ਜਾਂ ਬੱਚੀ ਨਾਲ ਜ਼ਿਆਦਤੀ ਹੋਣ ਜਾਂ ਅਜਿਹੀ ਹਿੰਸਕ ਘਟਨਾ ਵਾਪਰਨ ‘ਤੇ ਉਸੇ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ। ਘਰ ਪਰਿਵਾਰ ਦੀ ਨਮੋਸ਼ੀ, ਜਾਤ ਬਰਾਦਰੀ ਵਿੱਚ ਨੱਕ ਕੱਟਿਆ ਜਾਣਾ ਜਾਂ ਵਿਆਹ ਆਦਿ ਵਿੱਚ ਮੁਸ਼ਕਿਲ ਆਉਣ ਦੇ ਡਰ ਤੋਂ ਇਨ੍ਹਾਂ ਅਪਰਾਧਾਂ ਦੀ ਪੁਲੀਸ ਵਿੱਚ ਸ਼ਿਕਾਇਤ ਹੀ ਨਹੀਂ ਕੀਤੀ ਜਾਂਦੀ ਕਿਉਂਕਿ ਜਿਨਸੀ ਸ਼ੋਸ਼ਣ ਜਿਹੇ ਘਿਨਾਉਣੇ ਅਪਰਾਧ ਜ਼ਿਆਦਾਤਰ ਜਾਣਕਾਰਾਂ, ਦੋਸਤਾਂ ਜਾਂ ਮਰਦ ਰਿਸ਼ਤੇਦਾਰਾਂ ਵੱਲੋਂ ਹੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਪੰਚਾਇਤ ਦੀਆਂ ਮੋਹਤਬਰ ਧਿਰਾਂ ਵੀ ਕੇਸ ਰਫ਼ਾ-ਦਫ਼ਾ ਕਰਨ ਲਈ ਜ਼ੋਰ ਪਾਇਆ ਜਾਂਦਾ ਹੈ। ਇੱਥੋਂ ਤੱਕ ਕਿ ਹੌਸਲਾ ਕਰ ਕੇ ਰਿਪੋਰਟ ਦਰਜ ਕਰਵਾਉਣ ਲਈ ਕੁੜੀ ਨੂੰ ਸੁਣਨਾ ਪੈਂਦਾ ਹੈ ਕਿ ਔਰਤ ਨਾਲ ਮਾੜੀ ਮੋਟੀ ਜ਼ਿਆਦਤੀ ਤਾਂ ਹੋ ਹੀ ਜਾਂਦੀ ਹੈ, ਐਵੇਂ ਗੱਲ ਵਧਾਉਣੀ ਠੀਕ ਨਹੀਂ। ਇਹ ਮਰਦ ਪ੍ਰਧਾਨ ਸਮਾਜ ਦੀ ਮਾੜੀ ਮਾਨਸਿਕਤਾ ਹੀ ਬੋਲ ਰਹੀ ਹੁੰਦੀ ਹੈ ਜਿਹੜੀ ਔਰਤ ਨੂੰ ਜ਼ਿੰਦਗੀ ਦੇ ਹਰ ਮੋੜ, ਹਰ ਖਿੱਤੇ ਵਿੱਚ ਸਹਿਣੀ ਤੇ ਸੁਣਨੀ ਪੈਂਦੀ ਹੈ। ਅੱਜ ਦੇ ਤਕਨੀਕੀ ਯੁੱਗ ਵਿੱਚ ਵੀ ਮਰਦ ਇਹ ਸਹਿਣ ਨਹੀਂ ਕਰ ਸਕਿਆ ਕਿ ਔਰਤ ਉਸ ਦੇ ਬਰਾਬਰ ਆਣ ਖੜ੍ਹੀ ਹੋਵੇ। ਅਜੇ ਵੀ ਮਰਦ, ਔਰਤ ਦਾ ਮਾਲਕ ਬਣ ਕੇ ਹੀ ਰਹਿਣਾ ਚਾਹੁੰਦਾ ਹੈ, ਸਾਥੀ ਨਹੀਂ।
ਔਰਤ ਮਰਦ ਵਿਚਾਲੇ ਨਾਬਰਾਬਰੀ ਹੋਣ ਦੇ ਬਾਵਜੂਦ ਸਿੱਖਿਆ, ਸਿਹਤ, ਉਦਯੋਗ ਤੇ ਹੋਰ ਸੇਵਾਵਾਂ ਆਦਿ ਸਾਰੇ ਖੇਤਰਾਂ ਵਿੱਚ ਅੱਜ ਔਰਤ ਦੀ ਸ਼ਮੂਲੀਅਤ ਦਿਖਾਈ ਦਿੰਦੀ ਹੈ। ਔਰਤ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਵੀ ਕਰ ਰਹੀ ਹੈ। ਕੁੜੀਆਂ ਹਰ ਪ੍ਰਕਾਰ ਦੀਆਂ ਖੇਡਾਂ ਵਿੱਚ ਵੀ ਹਿੱਸਾ ਲੈ ਰਹੀਆਂ ਹਨ। ਪਹਿਲਾਂ ਕ੍ਰਿਕਟ, ਤਲਵਾਰਬਾਜ਼ੀ, ਪਹਿਲਵਾਨੀ ਆਦਿ ਵਿੱਚ ਕੁੜੀਆਂ ਘੱਟ ਹੀ ਨਜ਼ਰ ਆਉਂਦੀਆਂ ਸਨ। ਹੁਣ ਕੁੜੀਆਂ ਨਾ ਸਿਰਫ਼ ਹਰ ਖੇਡ ਵਿੱਚ ਭਾਗ ਲੈ ਰਹੀਆਂ ਹਨ ਸਗੋਂ ਨਵੇਂ ਰਿਕਾਰਡ ਵੀ ਸਿਰਜ ਰਹੀਆਂ ਹਨ। ਮੁਸ਼ਕਿਲ ਇਹ ਹੈ ਕਿ ਉਨ੍ਹਾਂ ਨੂੰ ਮਰਦ ਕੋਚਾਂ ਦੀਆਂ ਕੋਝੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਦੀ ਪ੍ਰੈਕਟਿਸ ਕਰਨ ਵਾਸਤੇ ਘਰ ਤੋਂ ਦੂਰ, ਦੂਸਰੀਆਂ ਥਾਵਾਂ ਉਪਰ ਮੈਚ ਖੇਡਣ, ਟਰਾਇਲ ਆਦਿ ਲਈ ਜਾਣਾ ਪੈਂਦਾ ਹੈ। ਉਹ ਆਪਣੇ ਕੋਚ/ਗੁਰੂ ਉੱਪਰ ਪਿਤਾ ਸਮਾਨ ਵਿਸ਼ਵਾਸ ਕਰ ਕੇ ਚਲੀਆਂ ਜਾਂਦੀਆਂ ਹਨ। ਮਾਪੇ ਵੀ ਇਸੇ ਵਿਸ਼ਵਾਸ ਤਹਿਤ ਉਨ੍ਹਾਂ ਨੂੰ ਭੇਜ ਦਿੰਦੇ ਹਨ। ਇਨ੍ਹਾਂ ਖਿਡਾਰਨਾਂ ਨੇ ਦੋਸ਼ ਲਗਾਇਆ ਕਿ ਬ੍ਰਿਜ ਭੂਸ਼ਨ ਨੇ ਇਸੇ ਹਾਲਾਤ ਦਾ ਫ਼ਾਇਦਾ ਉਠਾਇਆ ਤੇ ਸੱਤ ਤੋਂ ਵੀ ਵਧੇਰੇ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਇਨ੍ਹਾਂ ਵਿੱਚੋਂ ਇੱਕ ਲੜਕੀ ਤਾਂ ਅਜੇ ਨਾਬਾਲਗ ਹੈ। ਇਹੋ ਜਿਹੇ ਵਰਤਾਰੇ ਦਾ ਨਾ ਸਿਰਫ਼ ਸਬੰਧਿਤ ਕੁੜੀਆਂ ਸੰਤਾਪ ਸਹਿੰਦੀਆਂ ਹਨ ਸਗੋਂ ਸਮੁੱਚੇ ਸਮਾਜ ਵਿੱਚ ਇਸ ਦਾ ਗ਼ਲਤ ਸੰਕੇਤ ਜਾਂਦਾ ਹੈ। ਸਾਧਾਰਨ ਘਰਾਂ ਦੇ ਮਾਪੇ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰਨ ਲੱਗਦੇ ਹਨ। ਕੁੜੀਆਂ ਦੇ ਮਨੋਬਲ ਨੂੰ ਠੇਸ ਪਹੁੰਚਦੀ ਹੈ। ਉਹ ਸੋਚਣ ਲਈ ਮਜਬੂਰ ਹੋ ਜਾਂਦੀਆਂ ਹਨ ਕਿ ਆਖ਼ਰ ਉਨ੍ਹਾਂ ਦਾ ਕਸੂਰ ਕੀ ਸੀ?
ਸੁਆਲ ਪੈਦਾ ਹੁੰਦਾ ਹੈ ਕਿ ਅਜਿਹੀ ਮਾਨਸਿਕਤਾ ਵਾਲਿਆਂ ਨੂੰ ਕੌਣ ਬਚਾ ਰਿਹਾ ਹੈ? ਇਸ ਪਿੱਛੇ ਮਕ਼ਸਦ ਕੀ ਹੈ? ਲੜਕੀਆਂ ਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਸਪਸ਼ਟ ਹੈ ਕਿ ਇਹੋ ਜਿਹੇ ਦਰਿੰਦਿਆਂ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਹੁੰਦੀ ਹੈ। ਆਪਣੀ ਪਾਰਟੀ ਦਾ ਅਕਸ ਖ਼ਰਾਬ ਹੋਣ ਤੋਂ ਬਚਾਉਣ ਲਈ ਪੀੜਤਾਂ ਨੂੰ ਕਈ ਪ੍ਰਕਾਰ ਦੇ ਲਾਲਚ (ਪੈਸਾ, ਪੁਜੀਸ਼ਨ, ਪਾਵਰ) ਆਦਿ ਦੇ ਕੇ ਭਰਮਾਉਣ ਜਾਂ ਮੂੰਹ ਬੰਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲਾਲਚ ਦੇਣ ਵਾਲਾ ਖੇਡਿਆ ਪੱਤਾ ਬਾਜ਼ੀ ਜਿੱਤਣ ਵਿੱਚ ਅਸਫ਼ਲ ਹੋਣ ‘ਤੇ ਧਮਕੀਆਂ ਦੇਣ ਦਾ ਦੌਰ ਚਲਦਾ ਹੈ। ਕਰੀਅਰ ਖ਼ਰਾਬ ਕਰਨ, ਜਾਨੋਂ ਮਾਰਨ, ਚਰਿੱਤਰਹੀਣ ਜਾਂ ਬਦਚਲਣ ਔਰਤ ਹੋਣ ਦਾ ਠੱਪਾ ਲਾਉਣ ਜਾਂ ਘਰ ਪਰਿਵਾਰ ਵਾਲਿਆਂ ਉਪਰ ਹਮਲਾ ਕਰਨ ਆਦਿ ਦੀ ਧਮਕੀ ਦਿੱਤੀ ਜਾਂਦੀ ਹੈ। ਕਦੇ ਰੋਸ ਪ੍ਰਗਟਾ ਰਹੀਆਂ ਪੀੜਤ ਕੁੜੀਆਂ ਉਪਰ ਹਮਲਾ ਕਰਵਾਇਆ ਜਾਂਦਾ ਹੈ। ਰਿਪੋਰਟਾਂ ਆ ਰਹੀਆਂ ਹਨ ਕਿ ਇਨ੍ਹਾਂ ਕੁਸ਼ਤੀ ਖਿਡਾਰਨਾਂ ਅਤੇ ਪੁਲੀਸ ਵਿਚਾਲੇ ਝੜਪ ਹੋਈ ਹੈ। ਉਨ੍ਹਾਂ ਵਿੱਚੋਂ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ। ਘਟਨਾ ਸਥਾਨ ‘ਤੇ ਖ਼ਬਰ ਸਾਰ ਲੈਣ ਪਹੁੰਚੀ ਮਹਿਲਾ ਕਮਿਸ਼ਨ ਦੀ ਸੰਵਿਧਾਨਕ ਅਥਾਰਟੀ ਦੀ ਵੀ ਪੁਲੀਸ ਨੇ ਪਰਵਾਹ ਨਹੀਂ ਕੀਤੀ। ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਔਰਤ ਜੇਕਰ ਸਦੀਆਂ ਤੋਂ ਗ਼ੁਲਾਮ ਰਹੀ ਹੈ ਤਾਂ ਉਹੀ ਔਰਤ ਸਦੀਆਂ ਤੋਂ ਸੰਘਰਸ਼ ਵੀ ਕਰਦੀ ਆ ਰਹੀ ਹੈ। ਇਹ ਜੁਝਾਰੂ ਔਰਤਾਂ ਦੇ ਜੋਸ਼, ਸੂਝ-ਬੂਝ ਅਤੇ ਦ੍ਰਿੜ੍ਹ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਦੀ ਔਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਕਾਬਲ ਹੋ ਰਹੀ ਹੈ। ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਸੰਵਿਧਾਨਕ ਨਿਆਂ ਪ੍ਰਣਾਲੀ ਵਿੱਚ ਪੂਰਨ ਵਿਸ਼ਵਾਸ ਹੈ ਕਿ ਇਸ ਕੇਸ ਵਿੱਚ ਵੀ ਉਨ੍ਹਾਂ ਨੂੰ ਨਿਆਂ/ਇਨਸਾਫ਼ ਮਿਲੇਗਾ।
ਇਹ ਆਪਣੇ ਆਪ ਵਿੱਚ ਕਿੰਨਾ ਘਿਣਾਉਣਾ ਵਰਤਾਰਾ ਹੈ; ਇੱਕ ਪਾਸੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਕੁੜੀਆਂ ਇਨਸਾਫ਼ ਦੀ ਮੰਗ ਕਰ ਰਹੀਆਂ ਹਨ ਤੇ ਮੁਲਜ਼ਮ ਉਪਰ ਗ੍ਰਿਫ਼ਤਾਰੀ ਆਦਿ ਵਰਗੀ ਕੋਈ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ ਧਰਨੇ ਵਾਲੀ ਥਾਂ ਦੀ ਬਿਜਲੀ ਪਾਣੀ ਦੀ ਸਪਲਾਈ ਕੱਟ ਦੇਣਾ, ਭੋਜਨ ਪਹੁੰਚਾਉਣ ਵਾਲਿਆਂ ਨੂੰ ਰੋਕਣਾ, ਇਹ ਸਭ ਕੁਝ ਕਿਸ ਗੱਲ ਦਾ ਪ੍ਰਤੀਕ ਹੈ? ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਮੁਖੀ ਪੀ.ਟੀ. ਊਸ਼ਾ ਨੇ ਚਾਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਬਾਅਦ ਵਿੱਚ ਮੁਲਾਕਾਤ ਕੀਤੀ, ਪਰ ਉਨ੍ਹਾਂ ਦੇ ਪ੍ਰਦਰਸ਼ਨ ਦੇ ਢੰਗ ਉੱਪਰ ਨਸੀਹਤ ਦੇ ਰੂਪ ਵਿੱਚ ਟਿੱਪਣੀ ਕਰਨ ਨੂੰ ਕਿਸੇ ਵੀ ਪ੍ਰਕਾਰ ਨਾਲ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸੜਕਾਂ ‘ਤੇ ਬੈਠਣ ਨਾਲ ਦੇਸ਼ ਦਾ ਅਕਸ ਖ਼ਰਾਬ ਹੁੰਦਾ ਹੈ ਤਾਂ ਕੀ ਸੱਤਾ ਦੇ ਨਸ਼ੇ ਵਿੱਚ ਚੂਰ ਬਾਸ਼ਿੰਦਿਆਂ ਦਾ ਖਿਡਾਰਨਾਂ ਨਾਲ ਬਦਤਮੀਜ਼ੀ ਤੇ ਅਣਮਨੁੱਖੀ ਵਿਵਹਾਰ ਕਰਨਾ ਅਤੇ ਹਾਲਾਤ ਦਾ ਨਾਜਾਇਜ਼ ਫ਼ਾਇਦਾ ਉਠਾਉਣ ਨਾਲ ਦੇਸ਼ ਵਾਹ ਵਾਹ ਖੱਟਦਾ ਹੈ? ਜਾਂ ਫਿਰ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ?
ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਨਾਰੀ ਸ਼ਕਤੀਕਰਨ ਦੇ ਹੋਕੇ ਦੇਣਾ, ਉਨ੍ਹਾਂ ਪ੍ਰਤੀ ਬੋਲੀ ਜਾਂਦੀ ਭੱਦੀ ਭਾਸ਼ਾ ਨੂੰ ਸੁਧਾਰਨ ਦੀ ਅਪੀਲ ਕਰਨਾ, ਬੇਟੀ ਬਚਾਓ, ਬੇਟੀ ਪੜ੍ਹਾਓ ਆਦਿ ਸਭ ਕੁਝ ਵਿਅਰਥ ਹੈ ਜੇਕਰ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਹੀ ਨਹੀਂ ਮਿਲਣੀ। ਜਦੋਂ ਧੀਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ, ਇਨਸਾਫ਼ ਦੀ ਹਕੀਕੀ ਮੰਗ ਵਾਸਤੇ ਧੀਆਂ ਨੂੰ ਸੜਕਾਂ ‘ਤੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ ਤਾਂ ਉਸ ਵੇਲੇ ਬੇਟੀ ਬਚਾਓ ਵਾਲੇ ਚੁੱਪ ਕਿਉਂ ਧਾਰੀ ਬੈਠੇ ਹਨ? ਕੀ ਇਨ੍ਹਾਂ ਹਾਲਾਤ ਵਿੱਚ ਬੇਟੀਆਂ ਬਚਣਗੀਆਂ? ਹਰਿਆਣਾ ਰਾਜ ਵਿੱਚ ਲਿੰਗ ਅਨੁਪਾਤ ਮੁੜ ਕੁੜੀਆਂ ਦੇ ਉਲਟ ਜਾਣ ਦਾ ਸਪੱਸ਼ਟ ਕਾਰਨ ਹੈ ਕਿ ਉਹ ਮਰਦ ਪ੍ਰਧਾਨ ਸਮਾਜ ਵਿੱਚ ਸੁਰੱਖਿਅਤ ਨਹੀਂ ਹਨ। ਇਸ ਪਿੱਤਰੀ ਸੱਤਾ ਵਾਲੇ ਸਮਾਜ ਵਿੱਚ ਮਰਦ ਔਰਤ ਦਾ ਦਰਜਾ ਬਰਾਬਰ ਨਹੀਂ ਹੈ। ਅੱਜ ਵੀ ਔਰਤ ਪ੍ਰਤੀ ਮਾੜੀ ਸੋਚ ਭਾਰੂ ਹੈ। ਇਸ ਪ੍ਰਕਾਰ ਦੇ ਵਰਤਾਰੇ ਦਾ ਰਾਜਨੀਤਕ ਪਹਿਲੂ ਵੀ ਹੈ। ਹਾਕਮ ਜਮਾਤ ਸੱਤਾ ਦੇ ਨਸ਼ੇ ਵਿੱਚ ਇਸ ਹੱਦ ਤੱਕ ਚੂਰ ਹੈ ਕਿ ਤੁਸੀਂ ਉਸ ਵਿਰੁੱਧ ਆਵਾਜ਼ ਨਹੀਂ ਉਠਾ ਸਕਦੇ। ਉਹ ਆਵਾਜ਼ ਭਾਵੇਂ ਕਿਸੇ ਪੀੜਤ ਦੀ ਹੋਵੇ ਤੇ ਭਾਵੇਂ ਪੱਤਰਕਾਰ ਦੀ। ਇੱਥੋਂ ਤੱਕ ਕਿ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਦੀ ਹਮਾਇਤ ਵਿੱਚ ਆਉਣ ਵਾਲਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਹਾਕਮ ਸ਼ਾਇਦ ਦੋ ਸਾਲ ਪਹਿਲਾਂ ਸਫ਼ਲਤਾਪੂਰਵਕ ਚੱਲੇ ਕਿਸਾਨ ਅੰਦੋਲਨ ਨੂੰ ਭੁੱਲ ਗਏ ਹਨ ਜਿਹੜਾ ਸੂਖ਼ਮ ਪੱਧਰ ‘ਤੇ ਇੱਕ ਪਿੰਡ ਤੋਂ ਸ਼ੁਰੂ ਹੋਇਆ ਤੇ ਸ਼ਹਿਰਾਂ, ਕਸਬਿਆਂ, ਸੂਬਿਆਂ ਨੂੰ ਕਲਾਵੇ ਵਿੱਚ ਲੈਂਦਾ ਹੋਇਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹੱਦਾਂ ਨੂੰ ਵੀ ਪਾਰ ਕਰ ਗਿਆ ਸੀ। ਅੰਤ ਹਕੂਮਤ ਨੂੰ ਜਨਤਕ ਰੋਹ ਅੱਗੇ ਗੋਡੇ ਟੇਕਣੇ ਪਏ ਸਨ। ਤੀਲ੍ਹਾ ਤੀਲ੍ਹਾ ਰਲ ਕੇ ਬਹੁਕਰ ਬਣਨ ਵਿੱਚ ਦੇਰ ਨਹੀਂ ਲੱਗਦੀ। ਜ਼ਰੂਰੀ ਹੈ ਕਿ ਸਿਰਫ਼ ਖੇਡ ਜਗਤ ਦੀਆਂ ਐਸੋਸੀਏਸ਼ਨਾਂ ਹੀ ਆਪਣੇ ਖਿਡਾਰੀਆਂ ਸਮੇਤ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਨਾ ਹੋਣ ਸਗੋਂ ਸਾਰੀਆਂ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੇ ਇਨਸਾਫ਼ਪਸੰਦ ਲੋਕ ਅਤੇ ਜਥੇਬੰਦੀਆਂ ਦੇ ਕਾਰਕੁਨ ਇਕੱਠੇ ਹੋਣ ਇਸ ਮਾਮਲੇ ਵਿੱਚ ਇਨਸਾਫ਼ ਮਿਲਣਾ ਯਕੀਨੀ ਬਣਾਉਣ। ਇਨ੍ਹਾਂ ਮਾਣਮੱਤੀਆਂ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ਖੜ੍ਹਾ ਹੈ ਅਤੇ ਔਰਤਾਂ ਪ੍ਰਤੀ ਇਸ ਵਰਤਾਰੇ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਡੀਆਂ ਧੀਆਂ- ਭੈਣਾਂ ਹਨ ਅਤੇ ਔਰਤਾਂ ਵਿਰੁੱਧ ਹੋ ਰਹੇ ਹਰ ਪ੍ਰਕਾਰ ਦੇ ਵਿਤਕਰੇ, ਜ਼ੁਲਮ ਅਤੇ ਹਿੰਸਾ ਦਾ ਜੜ੍ਹੋਂ ਖ਼ਾਤਮਾ ਕਰਨ ਲਈ ਸੰਘਰਸ਼ ਜਾਰੀ ਰਹੇਗਾ।
* ਸੇਵਾਮੁਕਤ ਪ੍ਰੋਫ਼ੈਸਰ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।