ਇਜ਼ਰਾਇਲੀ ਫ਼ੌਜ ਵੱਲੋਂ ਫ਼ਲਸਤੀਨੀਆਂ ਨੂੰ ਰਾਫ਼ਾਹ ਖਾਲੀ ਕਰਨ ਦੇ ਹੁਕਮ
ਦੀਰ ਅਲ-ਬਲਾਹ, 31 ਮਾਰਚ
ਇਜ਼ਰਾਇਲੀ ਫੌਜ ਨੇ ਗਾਜ਼ਾ ਪੱਟੀ ’ਚ ਰਾਫ਼ਾਹ ਅਤੇ ਉਸ ਦੇ ਨੇੜਲੇ ਇਲਾਕੇ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਥੋਂ ਸੰਕੇਤ ਮਿਲਦਾ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੇ ਦੱਖਣੀ ਸ਼ਹਿਰ ’ਚ ਛੇਤੀ ਵੱਡਾ ਹਮਲਾ ਕੀਤਾ ਜਾ ਸਕਦਾ ਹੈ। ਇਹ ਹੁਕਮ ਈਦ ਉਲ-ਫਿਤਰ ਮੌਕੇ ਆਏ ਹਨ। ਇਜ਼ਰਾਇਲੀ ਫੌ਼ਜ ਨੇ ਫ਼ਲਸਤੀਨੀਆਂ ਨੂੰ ਰਾਫ਼ਾਹ ਤੋਂ ਮੁਵਾਸੀ ਵੱਲ ਚਾਲੇ ਪਾਉਣ ਲਈ ਕਿਹਾ ਹੈ। ਇਜ਼ਰਾਈਲ ਨੇ ਹਮਾਸ ਨਾਲ ਜੰਗਬੰਦੀ ਖ਼ਤਮ ਕਰਦਿਆਂ ਇਸ ਮਹੀਨੇ ਦੇ ਸ਼ੁਰੂ ’ਚ ਗਾਜ਼ਾ ’ਤੇ ਮੁੜ ਤੋਂ ਹਵਾਈ ਅਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਭੋਜਨ, ਈਂਧਣ, ਦਵਾਈਆਂ ਅਤੇ ਮਾਨਵੀ ਸਹਾਇਤਾ ਦੀ ਸਪਲਾਈ ਵੀ ਕੱਟ ਦਿੱਤੀ ਹੈ ਤਾਂ ਜੋ ਹਮਾਸ ਉਨ੍ਹਾਂ ਦੀਆਂ ਸ਼ਰਤਾਂ ਨੂੰ ਮੰਨ ਲਵੇ। ਪਿਛਲੇ ਸਾਲ ਮਈ ’ਚ ਇਜ਼ਰਾਈਲ ਨੇ ਮਿਸਰ ਨਾਲ ਲਗਦੀ ਸਰਹੱਦ ’ਤੇ ਰਾਫ਼ਾਹ ਉਪਰ ਵੱਡਾ ਹਮਲਾ ਕੀਤਾ ਸੀ। ਹਮਲਿਆਂ ਕਾਰਨ ਸ਼ਹਿਰ ਦਾ ਵੱਡਾ ਹਿੱਸਾ ਮਲਬੇ ’ਚ ਤਬਦੀਲ ਹੋ ਗਿਆ ਸੀ। ਫੌਜ ਨੇ ਰਣਨੀਤਕ ਤੌਰ ’ਤੇ ਅਹਿਮ ਸਰਹੱਦੀ ਲਾਂਘੇ ਉਪਰ ਕਬਜ਼ਾ ਕਰ ਲਿਆ ਸੀ। ਹਮਾਸ ਨਾਲ ਜਨਵਰੀ ’ਚ ਹੋਏ ਸਮਝੌਤੇ ਤਹਿਤ ਇਜ਼ਰਾਈਲ ਨੇ ਇਸ ਲਾਂਘੇ ਤੋਂ ਆਪਣੀ ਫੌਜ ਹਟਾਉਣੀ ਸੀ ਪਰ ਬਾਅਦ ’ਚ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਜ਼ਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਕਿਹਾ ਕਿ ਜੰਗ ਮਗਰੋਂ ਉਹ ਗਾਜ਼ਾ ਦੀ ਸੁਰੱਖਿਆ ਆਪਣੇ ਹੱਥਾਂ ’ਚ ਲੈ ਲੈਣਗੇ ਅਤੇ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਾਜ਼ਾ ਦੀ ਆਬਾਦੀ ਹੋਰ ਮੁਲਕਾਂ ’ਚ ਵਸਾਉਣ ਸਬੰਧੀ ਤਜਵੀਜ਼ ਨੂੰ ਲਾਗੂ ਕੀਤਾ ਜਾਵੇਗਾ। -ਏਪੀ