ਆਈਪੀਐੱਲ: ਪੰਜਾਬ ਅਤੇ ਬੰਗਲੂਰੂ ਵਿਚਾਲੇ ਟੱਕਰ ਅੱਜ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਪੰਜਾਬ ਕਿੰਗਜ਼ ਤੇ ਰੌਇਲ ਚੈਲੈਂਜਰਜ਼ ਬੰਗਲੂਰੂ (ਆਰਸੀਬੀ) 18 ਅਪਰੈਲ ਨੂੰ ਆਹਮੋ-ਸਾਹਮਣੇ ਹੋਣਗੇ। ਬੰਗਲੂਰੂ ਨੂੰ ਇਸ ਸੀਜ਼ਨ ’ਚ ਆਪਣੇ ਘਰੇਲੂ ਮੈਦਾਨ ’ਚ ਪਹਿਲੀ ਜਿੱਤ ਹਾਸਲ ਕਰਨ ਲਈ ਪੰਜਾਬ ਦੇ ਸਪਿੰਨਰ ਯੁਜ਼ਵੇਂਦਰ ਚਾਹਲ ਤੇ ਹੋਰ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨਾ ਪਵੇਗਾ। ਪੰਜਾਬ ਕਿੰਗਜ਼ ਦਾ ਕਪਤਾਨ ਸ਼੍ਰੇਅਸ ਅਈਅਰ ਤੇ ਆਰਸੀਬੀ ਦਾ ਕਪਤਾਨ ਰਜਤ ਪਾਟੀਦਾਰ ਹੈ। ਦੋਵਾਂ ਟੀਮਾਂ ਨੇ ਹੁਣ ਤੱਕ ਆਪੋ-ਆਪਣੇ ਛੇ-ਛੇ ਮੈਚਾਂ ਵਿੱਚੋਂ ਚਾਰ-ਚਾਰ ਮੈਚ ਜਿੱਤੇ ਹਨ।
ਬੰਗਲੂਰੂ ਦੇ ਬੱਲੇਬਾਜ਼ਾਂ ਨੂੰ ਇੱਥੇ ਹੌਲੀ ਪਿੱਚ ’ਤੇ ਗੁਜਰਾਤ ਟਾਈਟਨਜ਼ ਦੇ ਸਪਿੰਨ ਗੇਂਦਬਾਜ਼ ਆਰ.ਐੱਸ. ਕਿਸ਼ੋਰ ਅਤੇ ਦਿੱਲੀ ਕੈਪੀਟਲਜ਼ ਦੇ ਕੁਲਦੀਪ ਯਾਦਵ ਤੇ ਵਿਪਰਾਜ ਨਿਗਮ ਸਾਹਮਣੇ ਸੰਘਰਸ਼ ਕਰਨਾ ਪਿਆ ਸੀ ਅਤੇ ਚਾਹਲ ਤੇ ਗਲੈਨ ਮੈਕਸਵੈੱਲ ਉਸ ਦੇ ਬੱਲੇਬਾਜ਼ਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਣਾ ਚਾਹੁੰਣਗੇ। ਚਾਹਲ ਤੇ ਮੈਕਸਵੈੱਲ ਦੋਵੇਂ ਲੰਬਾ ਸਮਾਂ ਬੰਗਲੂਰੂ ਵੱਲੋਂ ਖੇਡਦੇ ਰਹੇ ਹਨ ਤੇ ਉਹ ਇੱਥੋਂ ਦੀ ਸਥਿਤੀ ਤੋਂ ਵਾਕਫ਼ ਹਨ। ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਚਾਰ ਵਿਕਟਾਂ ਲੈ ਕੇ ਲੈਅ ’ਚ ਪਰਤੇ ਚਾਹਲ ਦਾ ਸਾਹਮਣਾ ਕਰਨਾ ਕਿਸੇ ਵੀ ਬੱਲਬਾਜ਼ ਲਈ ਸੌਖਾ ਨਹੀਂ ਹੋਵੇਗਾ। ਦੂਜੇ ਪਾਸੇ ਆਫ ਸਪਿੰਨਰ ਮੈਕਸਵੈੱਲ ਅਜਿਹਾ ਗੇਂਦਬਾਜ਼ ਹੈ ਜੋ ਟਰਨ ਦੀ ਬਜਾਏ ਗੇਂਦ ’ਤੇ ਕੰਟਰੋਲ ਰੱਖਣ ’ਤੇ ਭਰੋਸਾ ਕਰਦਾ ਹੈ। ਆਰਸੀਬੀ ਕੋਲ ਕਰੁਨਾਲ ਪਾਂਡਿਆ ਤੇ ਐੱਸ. ਸ਼ਰਮਾ ਦੋ ਚੰਗੇ ਸਪਿੰਨਰ ਹਨ ਤੇ ਟੀਮ ਨੂੰ ਦੋਵਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਪੰਜਾਬ ਕੋਲ ਅਰਸ਼ਦੀਪ ਸਿੰਘ ਤੇ ਮਾਰਕੋ ਜਾਨਸਨ ਵਧੀਆ ਤੇਜ਼ ਗੇਂਦਬਾਜ਼ ਹਨ ਪਰ ਉਹ ਆਰਸੀਬੀ ਦੇ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਜਿੰਨੇ ਤਜਰਬੇਕਾਰ ਨਹੀਂ ਹਨ। -ਪੀਟੀਆਈ