ਬੈਡਮਿੰਟਨ: ਤਾਇਪੇ ਓਪਨ ’ਚ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤੀ ਖਿਡਾਰੀ
ਤਾਇਪੇ, 5 ਮਈ
ਲਗਾਤਾਰ ਖ਼ਰਾਬ ਲੈਅ ਨਾਲ ਜੂਝ ਰਹੇ ਕਿਦਾਂਬੀ ਸ੍ਰੀਕਾਂਤ ਅਤੇ ਕਈ ਹੋਰ ਭਾਰਤੀ ਬੈਡਮਿੰਟਨ ਖਿਡਾਰੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਤਾਇਪੇ ਓਪਨ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ। ਸਾਬਕਾ ਵਿਸ਼ਵ ਨੰਬਰ ਇੱਕ ਸ੍ਰੀਕਾਂਤ ਲਗਾਤਾਰ ਸੱਟਾਂ ਅਤੇ ਖਰਾਬ ਲੈਅ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਹ ਮੌਜੂਦਾ ਬੀਡਬਲਿਊਐੱਫ ਵਿਸ਼ਵ ਰੈਂਕਿੰਗ ਵਿੱਚ 61ਵੇਂ ਸਥਾਨ ’ਤੇ ਖਿਸਕ ਗਿਆ ਹੈ। 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ 32 ਸਾਲਾ ਸ੍ਰੀਕਾਂਤ ਨੇ ਪਿਛਲੇ ਸਾਲ 14 ਟੂਰਨਾਮੈਂਟ ਖੇਡੇ ਸਨ ਅਤੇ ਉਸ ਨੇ ਇਨ੍ਹਾਂ ’ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਸਵਿਸ ਓਪਨ ’ਚ ਸੀ, ਜਿਸ ਵਿੱਚ ਉਹ ਸੈਮੀਫਾਈਨਲ ’ਚ ਪਹੁੰਚਿਆ ਸੀ। ਇਸੇ ਤਰ੍ਹਾਂ ਇਸ ਸਾਲ ਉਸ ਨੇ ਪੰਜ ਟੂਰਨਾਮੈਂਟ ਖੇਡੇ ਅਤੇ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਥਾਈਲੈਂਡ ਮਾਸਟਰਜ਼ ਸੁਪਰ 300 ਟੂਰਨਾਮੈਂਟ ਵਿੱਚ ਸੀ, ਜਿਸ ਵਿੱਚ ਉਹ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਸੀ। ਪਹਿਲੇ ਗੇੇੜ ਵਿੱਚ ਸ੍ਰੀਕਾਂਤ ਦਾ ਸਾਹਮਣਾ ਹਮਵਤਨ ਐੱਸ. ਸ਼ੰਕਰ ਮੁਥੂਸਾਮੀ ਸੁਬਰਾਮਨੀਅਮ ਨਾਲ ਹੋਵੇਗਾ, ਜਿਸ ਨੇ ਇਸ ਸਾਲ ਮਾਰਚ ਵਿੱਚ ਸਵਿਸ ਓਪਨ ’ਚ ਡੈਨਮਾਰਕ ਦੇ ਵਿਸ਼ਵ ਨੰਬਰ ਦੋ ਐਂਡਰਸ ਐਂਟੋਨਸਨ ਨੂੰ ਹਰਾਇਆ ਸੀ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2023 ਵਿੱਚ ਕਾਂਸੇ ਦਾ ਤਗ਼ਮਾ ਜੇਤੂ ਆਯੁਸ਼ ਸ਼ੈੱਟੀ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਲੀ ਚੀਆ ਹਾਓ ਖ਼ਿਲਾਫ਼ ਖੇਡੇਗਾ। -ਪੀਟੀਆਈ