ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ ’ਚ ਪੰਜਾਬੀ ਭਾਸ਼ਾ

11:31 AM Jan 25, 2023 IST
featuredImage featuredImage

ਕੁਝ ਦਿਨ ਪਹਿਲਾਂ ਆਈ ਖ਼ਬਰ ਅਨੁਸਾਰ ਹੁਣ ਪੱਛਮੀ ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਵੇਗੀ। 2021 ਦੀ ਮਰਦਮਸ਼ੁਮਾਰੀ ਵਿਚ ਇਹ ਪਾਇਆ ਗਿਆ ਕਿ ਆਸਟਰੇਲੀਆ ਵਿਚ 2016 ਤੋਂ 2021 ਵਿਚਕਾਰ ਘਰਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ; 2021 ਵਿਚ ਇਹ ਗਿਣਤੀ 2,39,000 ਸੀ। 2021 ਵਿਚ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਪੰਜਾਬੀ ਨੂੰ ਕੀਤਾ ਜਾਵੇਗਾ। ਆਸਟਰੇਲੀਅਨ ਸਰਕਾਰ ਅਨੁਸਾਰ ਦੇਸ਼ ਵਿਚ 190 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਵਿਚ ਪੰਜਾਬੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਤੇ ਕਈ ਹੋਰ ਖੇਤਰਾਂ ਦੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ।

Advertisement

ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕ ਉਸ ਖ਼ਿੱਤੇ ਨਾਲ ਕਈ ਤਰੀਕਿਆਂ ਅਤੇ ਪ੍ਰਕਿਰਿਆਵਾਂ ਰਾਹੀਂ ਜੁੜੇ ਹੁੰਦੇ ਹਨ; ਇਨ੍ਹਾਂ ਵਿਚੋਂ ਭਾਸ਼ਾ ਪ੍ਰਮੁੱਖ ਹੈ। ਅੱਜ ਦਾ ਪੰਜਾਬ ਕਈ ਖੇਤਰਾਂ ਵਿਚ ਵੱਸਦਾ ਹੈ: ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ, ਭਾਰਤ ਦੇ ਹੋਰ ਸੂਬਿਆਂ ਵਿਚ ਅਤੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ ਤੇ ਕਈ ਹੋਰ ਦੇਸ਼ਾਂ ਵਿਚ। ਪਰਵਾਸ ਕਰਦੇ ਪੰਜਾਬੀ ਆਪਣੇ ਸਭਿਆਚਾਰ ਤੇ ਭੋਇੰ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਰਵਾਸ ਵਿਚ ਉਨ੍ਹਾਂ ਨੂੰ ਵੱਖਰੀ ਜੀਵਨ-ਜਾਚ ਅਪਣਾਉਣੀ ਪੈਂਦੀ ਹੈ ਪਰ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਪੰਜਾਬ ਅਤੇ ਪੰਜਾਬੀ ਪ੍ਰਤੀ ਪਿਆਰ ਵੀ ਪਨਪਦਾ ਰਹਿੰਦਾ ਹੈ। ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਹਿੰਮਤ ਸਦਕਾ ਹੀ ਸੰਭਵ ਹੋਏ ਹਨ।

ਕਿਸੇ ਵੀ ਪਰਵਾਸੀ ਦਾ ਸੱਭਿਆਚਾਰਕ ਪੱਖ ਤੋਂ ਆਪਣੇ ਮੂਲ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਕਾਰਜ ਬਹੁਤ ਕਠਿਨ ਹੁੰਦਾ ਹੈ। ਇਸ ਸਬੰਧ ਵਿਚ ਭਾਸ਼ਾ ਤੇ ਧਰਮ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰਵਾਸ ਕਰਨ ਵਾਲਿਆਂ ਦੀ ਪਹਿਲੀ ਪੀੜ੍ਹੀ ਮੂਲ ਭੋਇੰ ਦੇ ਸੱਭਿਆਚਾਰ ਨਾਲ ਡੂੰਘੀ ਤਰ੍ਹਾਂ ਨਾਲ ਜੁੜੀ ਹੁੰਦੀ ਹੈ; ਸੱਭਿਆਚਾਰਕ, ਧਾਰਮਿਕ, ਭਾਸ਼ਿਕ, ਹਰ ਪੱਖ ਤੋਂ। ਉਸ ਤੋਂ ਬਾਅਦ ਦੀਆਂ ਪੀੜ੍ਹੀਆਂ ਦੇ ਲੋਕਾਂ ਦੀ ਜੰਮਣ ਭੋਇੰ ਨਵਾਂ ਦੇਸ਼ ਹੋਣ ਕਾਰਨ ਉਨ੍ਹਾਂ ਦਾ ਸੁਭਾਅ ਤੇ ਫ਼ਿਤਰਤ ਬਦਲਦੀ ਰਹਿੰਦੀ ਹੈ। ਅਜਿਹਾ ਹੋਣਾ ਕੁਦਰਤੀ ਹੈ ਪਰ ਮਨੁੱਖ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਇਸ ਸਭ ਕੁਝ ਦੇ ਨਾਲ ਨਾਲ ਭਾਸ਼ਾਵਾਂ ਸਦਕਾ ਵੱਖ ਵੱਖ ਖੇਤਰਾਂ ਵਿਚ ਨਵੀਆਂ ਗੂੰਜਾਂ ਪੈਦਾ ਹੁੰਦੀਆਂ ਹਨ; ਕਿਹਾ ਜਾਂਦਾ ਹੈ ਕਿ ਭਾਸ਼ਾਵਾਂ ਦੀ ਆਪਣੀ ਖ਼ੁਦਮੁਖ਼ਤਿਆਰ ਜ਼ਿੰਦਗੀ ਹੁੰਦੀ ਹੈ; ਉਹ ਆਪਣੇ ਆਪ ਨੂੰ ਕਈ ਤਰ੍ਹਾਂ ਨਾਲ ਜਿਊਂਦਾ ਰੱਖਦੀਆਂ ਹਨ; ਆਪਣੇ ਬੋਲਣ ਵਾਲਿਆਂ ਵਿਚ ਨਵੀਆਂ ਸਾਂਝਾਂ ਪੈਦਾ ਕਰਦੀਆਂ ਹਨ। ਉਦਾਹਰਨ ਦੇ ਤੌਰ ‘ਤੇ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਹੋਣ ਕਾਰਨ ਉਹ ਦੇਸ਼ ਪੰਜਾਬੀ ਗਾਇਕਾਂ, ਰੰਗਕਰਮੀਆਂ, ਸਾਹਿਤਕਾਰਾਂ ਅਤੇ ਹੋਰ ਖੇਤਰਾਂ ਦੇ ਕਲਾਕਾਰਾਂ ਨੂੰ ਵੱਡੇ ਮੌਕੇ ਪ੍ਰਦਾਨ ਕਰਦਾ ਹੈ। ਨਵੇਂ ਖੇਤਰਾਂ ਵਿਚ ਨਵਾਂ ਸਾਹਿਤ ਅਤੇ ਸੱਭਿਆਚਾਰ ਜਨਮ ਲੈਂਦਾ ਹੈ। ਅਜਿਹਾ ਕੁਝ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਵਿਚ ਵੱਸਦੇ ਪੰਜਾਬੀਆਂ ਦੇ ਜੀਵਨ ਵਿਚ ਵਾਪਰ ਰਿਹਾ ਹੈ। ਵੱਖ ਵੱਖ ਅਨੁਮਾਨ ਤੇ ਮਾਹਿਰ ਸਾਰੀ ਦੁਨੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10ਵੇਂ ਤੇ 12ਵੇਂ ਦਰਜੇ ਵਿਚਕਾਰ ਰੱਖਦੇ ਹਨ। ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਰਹਿੰਦੇ ਹਨ; ਦੁਖਾਂਤ ਇਹ ਹੈ ਕਿ ਉੱਥੇ ਪੰਜਾਬੀ ਨੂੰ ਨਾ ਤਾਂ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਨਾ ਹੀ ਬੱਚਿਆਂ ਦੀ ਮੁੱਢਲੀ ਪੜ੍ਹਾਈ ਪੰਜਾਬੀ ਵਿਚ ਕਰਵਾਈ ਜਾਂਦੀ ਹੈ। ਆਧੁਨਿਕ ਸਮਿਆਂ ਦਾ ਸਭ ਤੋਂ ਮਾੜਾ ਵਰਤਾਰਾ ਇਹ ਹੈ ਕਿ ਮਾਪੇ ਖ਼ੁਦ ਆਪਣੀ ਸੰਤਾਨ ਨੂੰ ਆਪਣੀ ਮਾਂ-ਬੋਲੀ ਤੋਂ ਬੇਮੁਖ ਕਰ ਰਹੇ ਹਨ; ਸ਼ਹਿਰੀ ਘਰਾਂ ਅਤੇ ਨਿੱਜੀ ਖੇਤਰ ਦੇ ਸਕੂਲਾਂ ਵਿਚ ਇਹ ਵਰਤਾਰਾ ਆਮ ਵੇਖਣ ਨੂੰ ਮਿਲਦਾ ਹੈ। ਸਾਰੀ ਦੁਨੀਆ ਵਿਚ ਇਸ ਗੱਲ ‘ਤੇ ਸਹਿਮਤੀ ਹੈ ਕਿ ਬੱਚਿਆਂ ਦੇ ਸਹੀ ਵਿਕਾਸ ਲਈ ਉਨ੍ਹਾਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿਚ ਹੋਣੀ ਚਾਹੀਦੀ ਹੈ। ਮਾਂ-ਬੋਲੀ ਬੋਲਦਿਆਂ ਵਿਕਸਿਤ ਹੋਏ ਦਿਮਾਗ਼ ਹੀ ਜਟਿਲ ਗਿਆਨ ਦੀਆਂ ਮੰਜ਼ਿਲਾਂ ਤੈਅ ਕਰ ਸਕਦੇ ਹਨ। ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਪੰਜਾਬੀ ਸਦੀਆਂ ਤੋਂ ਜਿਊਂਦੀ ਆਈ ਹੈ ਅਤੇ ਪੰਜਾਬੀਆਂ ਦੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣੀ ਹੈ। ਪੱਛਮੀ ਆਸਟਰੇਲੀਆ ਦੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਖ਼ਬਰ ਸਵਾਗਤਯੋਗ ਹੈ।

Advertisement

Advertisement